ਕੈਨੇਡਾ ਦੇ ਸੂਬੇ ਮੈਨੀਟੋਬਾ ਤੋਂ ਸਰਹੱਦ ਟੱਪ ਕੇ ਅਮਰੀਕਾ ਜਾਂਦਿਆਂ ਠੰਡ ਕਾਰਨ ਮਾਰੇ ਗਏ ਚਾਰ ਜਣੇ ਭਾਰਤੀ ਨਾਗਰਿਕ ਸਨ। ਇਨ੍ਹਾਂ ‘ਚ ਦੋ ਬਾਲਗ਼, ਇੱਕ 14-15 ਸਾਲ ਦਾ ਮੁੰਡਾ ਤੇ ਇੱਕ ਬਹੁਤ ਹੀ ਛੋਟਾ ਬੱਚਾ ਸ਼ਾਮਲ ਸਨ।
-35 ਤਾਪਮਾਨ, ਸਰਦ ਹਵਾਵਾਂ ਅਤੇ ਹਨੇਰੇ ‘ਚ ਘਿਰਿਆ ਇਹ ਪਰਿਵਾਰ ਬਾਕੀ ਗਰੁੱਪ ਨਾਲ਼ੋਂ ਵਿੱਛੜ ਗਿਆ, ਜਿਨ੍ਹਾਂ ਨੂੰ ਪਾਰ ਲੰਘਾਉਣ ਵਾਲਾ ਫਲੋਰੀਡਾ (ਅਮਰੀਕਾ) ਦਾ ਇੱਕ ਵਿਅਕਤੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਚੰਗੀ ਜ਼ਿੰਦਗੀ ਦੀ ਭਾਲ਼ ‘ਚ ਮਨੁੱਖ ਮੁੱਢ ਤੋਂ ਖ਼ਿੱਤੇ ਬਦਲਦਾ ਆਇਆ ਹੈ ਪਰ ਇਸ ਤਰਾਂ ਕਰਦਿਆਂ ਮਾਰੇ ਜਾਣਾ ਬਹੁਤ ਹੀ ਦੁੱਖ ਦੇਣ ਵਾਲਾ ਹੈ। ਜਿਹੜੇ ਸੌਖ ਨਾਲ ਕੈਨੇਡਾ-ਅਮਰੀਕਾ ਪੁੱਜ ਜਾਂਦੇ ਹਨ, ਪੱਕੇ ਹੋ ਜਾਂਦੇ ਹਨ, ਸੈੱਟ ਹੋ ਜਾਂਦੇ ਹਨ, ਉਹ ਜਦ ਸਭ ਕੁਝ ਹੁੰਦਿਆਂ ਝੂਰਦੇ ਹਨ ਤਾਂ ਅਜਿਹੇ ਪਰਿਵਾਰ ਅੱਗੇ ਆ ਜਾਂਦੇ ਹਨ, ਜੋ ਇਹ ਸਭ ਕੁਝ ਹਾਸਲ ਕਰਨ ਲਈ ਮੌਤ ਨਾਲ ਵੀ ਖੇਡ ਜਾਂਦੇ ਹਨ।
ਜੋ ਕੋਲ ਹੈ, ਉਸਦਾ ਸ਼ੁਕਰ ਮਨਾਇਆ ਕਰੋ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ