ਅਕਸ਼ੈ ਕੁਮਾਰ ਵਲੋਂ ਮੁੰਬਈ ‘ਚ ਕਰੋੜਾਂ ਰੁਪਏ ਦਾ ਨਵਾਂ ਘਰ ਖਰੀਦਣ ਪਿੱਛੇ ਜੁੜਿਆ ਹੈ ਇਹ ਖ਼ਾਸ ਕਿੱਸਾ

0
205

ਬਾਲੀਵੁੱਡ ‘ਚ ਖਿਲਾੜੀ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਸੁਫ਼ਨਿਆਂ ਦਾ ਘਰ ਖਰੀਦ ਲਿਆ ਹੈ। ਆਪਣੀ ਪ੍ਰੋਫੈਸ਼ਨਲ ਅਤੇ ਪਰਸਨਲ ਲਾਈਫ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿਣ ਵਾਲੇ ਅਕਸ਼ੈ ਕੁਮਾਰ ਇਕ ਵਾਰ ਫਿਰ ਸੁਰਖੀਆਂ ‘ਚ ਹਨ। ਖ਼ਬਰਾਂ ਮੁਤਾਬਕ, ਅਕਸ਼ੈ ਕੁਮਾਰ ਨੇ ਹਾਲ ਹੀ ‘ਚ ਮੁੰਬਈ ‘ਚ ਇਕ ਨਵਾਂ ਲਗਜ਼ਰੀ ਘਰ ਖਰੀਦਿਆ ਹੈ। ਜਿਵੇਂ ਹੀ ਅਕਸ਼ੈ ਕੁਮਾਰ ਨਾਲ ਜੁੜੀ ਇਹ ਖ਼ਬਰ ਸਾਹਮਣੇ ਆਈ ਹੈ, ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕਈ ਲੋਕ ਇਸ ਨਵੇਂ ਘਰ ਦੀ ਝਲਕ ਪਾਉਣ ਲਈ ਬੇਤਾਬ ਹਨ।

ਬਾਲੀਵੁੱਡ ‘ਚ ਆਪਣਾ ਨਾਂ ਕਮਾਉਣ ਵਾਲੇ ਅਕਸ਼ੈ ਕੁਮਾਰ ਨੂੰ ਇਸ ਮੁਕਾਮ ‘ਤੇ ਪਹੁੰਚਣ ਲਈ ਕਾਫ਼ੀ ਮਿਹਨਤ ਕਰਨੀ ਪਈ ਹੈ। ਅਦਾਕਾਰ ਨੇ ਆਪਣੀ ਜ਼ਿੰਦਗੀ ‘ਚ ਉਹ ਦਿਨ ਵੀ ਵੇਖੇ ਹਨ, ਜਦੋਂ ਉਹ ਮੁੰਬਈ ‘ਚ ਦੂਜਿਆਂ ਦੇ ਘਰਾਂ ਦੇ ਬਾਹਰ ਖੜ੍ਹੇ ਹੋ ਕੇ ਫੋਟੋਸ਼ੂਟ ਕਰਵਾਉਂਦੇ ਸਨ ਪਰ ਅੱਜ ਅਕਸ਼ੈ ਸਫ਼ਲਤਾ ਦੇ ਸਿਖਰ ‘ਤੇ ਪਹੁੰਚ ਗਏ ਹਨ, ਉੱਥੇ ਪਹੁੰਚਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਖ਼ਾਸ ਗੱਲ ਇਹ ਹੈ ਕਿ ਜਿਸ ਬੰਗਲੇ ਦੇ ਬਾਹਰ ਅਕਸ਼ੈ ਕੁਮਾਰ ਨੂੰ ਕਦੇ ਤਸਵੀਰ ਕਲਿੱਕ ਕਰਨ ਲਈ ਐਂਟਰੀ ਨਹੀਂ ਮਿਲੀ ਸੀ, ਅੱਜ ਉਸੇ ਬੰਗਲੇ ਦੇ ਮਾਲਕ ਬਣ ਗਏ ਹਨ। ਅਕਸ਼ੈ ਨੇ ਅਜਿਹੀ ਸੰਘਰਸ਼ ਭਰੀ ਜ਼ਿੰਦਗੀ ਜੀ ਕੇ ਆਪਣੀ ਜ਼ਿੰਦਗੀ ‘ਚ ਸਫ਼ਲਤਾ ਦਾ ਸਵਾਦ ਚੱਖਿਆ ਹੈ।


ਅਕਸ਼ੈ ਕੁਮਾਰ ਦੇ ਨਵੇਂ ਘਰ ਦੀ ਗੱਲ ਕਰੀਏ ਤਾਂ ਅਕਸ਼ੈ ਦੇ ਇਸ ਨਵੇਂ ਘਰ ਦੀ ਕੀਮਤ ਕਰੀਬ 7.8 ਕਰੋੜ ਰੁਪਏ ਹੈ। ਰਿਪੋਰਟਾਂ ਮੁਤਾਬਕ, ਅਕਸ਼ੈ ਕੁਮਾਰ ਦਾ ਇਹ ਫਲੈਟ ਖਾਰ ਵੈਸਟ ‘ਚ ਜੋਏ ਲੀਜੈਂਡ ਬਿਲਡਿੰਗ ਦੀ 19ਵੀਂ ਮੰਜ਼ਿਲ ‘ਤੇ ਹੈ। ਇੱਥੇ ਅਦਾਕਾਰ ਨੂੰ ਕਾਰ ਪਾਰਕ ਕਰਨ ਲਈ ਵੀ ਚੰਗੀ ਜਗ੍ਹਾ ਦਿੱਤੀ ਗਈ ਹੈ। ਆਪਣੀ ਸਖ਼ਤ ਮਿਹਨਤ ਅਤੇ ਦਮਦਾਰ ਫ਼ਿਲਮਾਂ ਸਦਕਾ ਖੂਬ ਕਮਾਈ ਕਰਨ ਵਾਲੇ ਅਕਸ਼ੈ ਕੁਮਾਰ ਅੱਜ ਇੱਕ ਨਹੀਂ ਸਗੋਂ ਦੋ ਘਰਾਂ ਦੇ ਮਾਲਕ ਹਨ।

ਜਦੋਂ ਤੋਂ ਅਕਸ਼ੈ ਦੇ ਨਵੇਂ ਘਰ ਦੀ ਖਰੀਦਦਾਰੀ ਦੀ ਖ਼ਬਰ ਸਾਹਮਣੇ ਆਈ ਹੈ, ਉਸ ਦੇ ਪ੍ਰਸ਼ੰਸਕ ਅਦਾਕਾਰ ਦੇ ਘਰ ਦੀ ਇੱਕ ਝਲਕ ਪਾਉਣ ਲਈ ਬੇਤਾਬ ਹਨ। ਹਾਲਾਂਕਿ ਅਜੇ ਤੱਕ ਅਕਸ਼ੈ ਕੁਮਾਰ ਵੱਲੋਂ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਨੂੰ ਆਖਰੀ ਵਾਰ ਫ਼ਿਲਮ ‘ਅਤਰੰਗੀ ਰੇ’ ‘ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਇਹ ਅਦਾਕਾਰ ਆਪਣੀਆਂ ਕਈ ਵੱਡੀਆਂ ਫ਼ਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਇਨ੍ਹਾਂ ਫ਼ਿਲਮਾਂ ‘ਚ ‘ਬੱਚਨ ਪਾਂਡੇ’, ‘ਰਕਸ਼ਾਬੰਧਨ’ ਅਤੇ ‘ਪ੍ਰਿਥਵੀਰਾਜ’ ਵਰਗੀਆਂ ਫ਼ਿਲਮਾਂ ਸ਼ਾਮਲ ਹਨ।