ਕਨੇਡਾ ਦੇ ਨਾਮ ਤੇ ਕੁੜੀਆਂ ਨੇ ਇਸ ਤਰ੍ਹਾਂ ਮਾਰੀ ਠੱਗੀ

0
204

ਕਈ ਚਾਲਬਾਜ਼ ਪ੍ਰਵਾਸੀ ਕੁੜੀਆਂ ਆਪਣੇ ਏਜੰਟਾਂ ਰਾਹੀਂ ਮਾਲਵੇ ਦੇ ਅਨੇਕਾਂ ਘਰਾਂ ਨੂੰ ਲੱਖਾਂ ਦਾ ਕਰਜ਼ਾਈ ਕਰ ਗਈਆਂ ਹਨ। ਉਹ ਲਾੜੇ ਵਿਚਾਰੇ ਊਠ ਦਾ ਬੁੱਲ੍ਹ ਡਿੱਗਣ ਦੀ ਉਡੀਕ ਵਿਚ ਆਪਣੀ ਜਵਾਨੀ ਤਾਂ ਲੰਘਾ ਬੈਠੇ ਨਾਲ ਹੀ ਲੱਖਾਂ ਰੁਪਏ ਦੇ ਕਰਜ਼ਾਈ ਵੀ ਹੋ ਗਏ ਅਤੇ ਆਪਣੀ ਕੀਮਤੀ ਜ਼ਾਇਦਾਦ ਵੀ ਗੁਆ ਬੈਠੇ ਹਨ। ਜ਼ਿਲ੍ਹਾ ਮੋਗਾ ’ਚ ਪਿਛਲੇ ਸਾਲ ਵਿਚ ਦਰਜਨ ਦੇ ਕਰੀਬ ਪੁਲਸ ਕੋਲ ਅਜਿਹੇ ਕੇਸ ਦਰਜ ਹੋਏ ਹਨ ਅਤੇ ਇਸ ਤੋਂ ਵੱਧ ਜੋ ਪੁਲਸ ਕੋਲ ਕੇਸ ਦਰਜ ਨਹੀਂ ਹੋਏ ਜਾਂ ਫਿਰ ਦਰਜ ਕਰਵਾਉਣ ਵਿਚ ਕੁਝ ਲੋਕ ਅਸਫਲ ਰਹੇ ਹਨ।

ਪਿੰਡ ਤਾਰੇ ਵਾਲਾ ਦੇ ਮਨਪ੍ਰੀਤ ਸਿੰਘ ਦੀ ਕਹਾਣੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਹੈ। ਉਸ ਨੇ ਦੱਸਿਆ ਕਿ ਉਸ ਦੇ ਸਿਰ 40 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ। ਉਹ 2004 ਵਿਚ ਇੰਗਲੈਂਡ ਗਿਆ ਸੀ ਅਤੇ ਉਸ ਦੀ ਰਿਸ਼ਤੇਦਾਰੀ ਵਿਚੋਂ ਕਿਸੇ ਨੇ ਕਿਹਾ ਕਿ ਉਹ ਇੰਗਲੈਂਡ ਦੀ ਸਿਟੀਜਨ ਕੁੜੀ ਨਾਲ ਉਸ ਦਾ ਵਿਆਹ ਕਰਵਾ ਦਿੰਦੇ ਹਨ ਅਤੇ ਉਹ ਪੱਕੇ ਤੌਰ ’ਤੇ ਇੰਗਲੈਂਡ ਚਲਾ ਜਾਵੇਗਾ। ਮਨਪ੍ਰੀਤ ਨੂੰ ਉਸ ਦੇ ਘਰਦਿਆਂ ਨੇ ਵਾਪਸ ਬੁਲਾ ਲਿਆ ਅਤੇ 35 ਲੱਖ ਰੁਪਏ ਵਿਚ ਗੱਲ ਤੈਅ ਹੋ ਗਈ। ਵਿਆਹ ਤੋਂ ਅਗਲੇ ਦਿਨ ਉਸ ਦੀ ਵਿਆਹੁਤਾ ਨੇ ਕਿਹਾ ਕਿ ਉਹ ਪਾਰਕ ਪਲਾਜ਼ਾ ਲੁਧਿਆਣਾ ’ਚ ਰਹੇਗੀ। ਉਹ ਰਾਤ ਹੀ ਉਸ ਪਾਰਕ ਪਲਾਜ਼ਾ ਵਿਚੋਂ ਉਡਾਰੀ ਮਾਰ ਗਈ ਅਤੇ ਇੰਗਲੈਂਡ ਪਹੁੰਚ ਗਈ ਅਤੇ ਮਨਪ੍ਰੀਤ ਸਿੰਘ ਦੇ 35 ਲੱਖ ਰੁਪਏ ਮਿੱਟੀ ਵਿਚ ਰੁਲ ਗਏ।

ਇਸੇ ਤਰ੍ਹਾਂ ਹੀ ਭਿੰਡਰ ਕਲਾਂ ਦੇ ਚਰਨਜੀਤ ਸਿੰਘ ਨੇ ਵੱਟੇ ਸੱਟੇ ਦਾ ਵਿਆਹ ਕਰਵਾਇਆ ਸੀ। ਚਰਨਜੀਤ ਸਿੰਘ ਦਾ ਭਰਾ ਕੈਨੇਡਾ ਵਿਚ ਸੀ ਅਤੇ ਉਸ ਨੇ ਕੋਟਕਪੂਰੇ ਦੀਆਂ ਦੋ ਸਕੀਆਂ ਭੈਣਾਂ ਨਾਲ ਵੱਟਾ-ਸੱਟਾ ਕੀਤਾ ਸੀ ਪਰ ਜਦੋਂ ਉਹ ਕੈਨੇਡਾ ਪਹੁੰਚ ਗਈਆਂ ਤਾਂ ਉਨ੍ਹਾਂ ਨੇ ਉਸ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਦੋਵੇਂ ਭੈਣਾਂ ਉਸ ਦੇ 23 ਲੱਖ ਰੁਪਏ ਵੀ ਹਜ਼ਮ ਕਰ ਗਈਆਂ। ਇਸੇ ਤਰ੍ਹਾਂ ਹੀ ਪਿੰਡ ਚੂਹੜਚੱਕ ਦੇ ਜਸਪ੍ਰੀਤ ਸਿੰਘ ਨੂੰ ਵੀ ਵਿਦੇਸ਼ੀ ਲਾੜੀ ਉਂਗਲਾਂ ’ਤੇ ਨਚਾ ਕੇ ਫੁਰਰ ਹੋ ਗਈ। ਉਸ ਨੇ 48 ਲੱਖ ਰੁਪਏ ਖਰਚ ਕੀਤੇ ਸਨ, ਇਹ ਲਾੜੀ ਵੀ ਦੁਆਬੇ ਖੇਤਰ ਦੀ ਸੀ, ਇਸੇ ਤਰ੍ਹਾਂ ਕਈ ਹੋਰ ਲਾੜੀਆਂ ਵਿਆਹ ਦੇ ਝਾਂਸੇ ਨਾਲ ਵਿਦੇਸ਼ ਬਲਾਉਣ ਤੋਂ ਇਨਕਾਰ ਕਰ ਗਈਆਂ, ਇਨ੍ਹਾਂ ਵਿਚੋਂ ਬਹੁਤੇ ਕੇਸ ਤਾਂ ਫਰਜ਼ੀ ਵਿਆਹਾਂ ਵਾਲੇ ਹਨ। ਪੁਲਸ ਵੱਲੋਂ ਦਰਜ ਮਾਮਲਿਆਂ ਦੀ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਕਿ ਅੜਿੱਕਾ ਇੱਥੇ ਇਹ ਹੈ ਕਿ ਬਹੁਤਿਆਂ ਦੇ ਫੋਨ ਨੰਬਰ ਅਤੇ ਪਿੰਡ ਘਰ ਵੀ ਫਰਜ਼ੀ ਦੱਸੇ ਗਏ ਹਨ, ਇਨ੍ਹਾਂ ਵਿਚ ਕਈ ਪੈਸੇ ਲੈ ਕੇ ਰਿਸ਼ਤੇ ਕਰਵਾਉਣ ਵਾਲੇ ਵਿਚੋਲਿਆਂ ਦਾ ਵੀ ਰੋਲ ਹੈ।