ਇਮਰਾਨ ਖਾਨ ਦੇ ਘਰ ’ਚ ਵੀ ਵਧੀਆਂ ਮੁਸ਼ਕਲਾਂ, ਤੀਜੀ ਪਤਨੀ ਬੁਸ਼ਰਾ ਨੇ ਛੱਡਿਆ ਸਾਥ

0
223

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ-ਕੱਲ ਸੰਸਦ ਦੇ ਨਾਲ ਹੀ ਘਰ ’ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਮੀਡੀਆ ਦੀਆਂ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਇਮਰਾਨ ਖਾਨ ਅਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਦਰਮਿਆਨ ਮਤਭੇਦ ਪੈਦਾ ਹੋ ਗਏ ਹਨ।

ਇਸ ਕਾਰਨ ਬੁਸ਼ਰਾ ਇਸਲਾਮਾਬਾਦ ’ਚ ਇਮਰਾਨ ਖਾਨ ਦੇ ਮਹਿਲ ਵਰਗੇ ਘਰ ਨੂੰ ਛੱਡ ਕੇ ਲਾਹੌਰ ਚਲੀ ਗਈ ਹੈ। ਲਾਹੌਰ ’ਚ ਬੁਸ਼ਰਾ ਆਪਣੇ ਦੋਸਤ ਸਾਨੀਆ ਸ਼ਾਹ ਨਾਲ ਰਹਿ ਰਹੀ ਹੈ।

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬੁਸ਼ਰਾ ਦੇ ਜਾਣ ਪਿਛੋਂ ਇਮਰਾਨ ਨੇ ਆਪਣੇ ਘਰ ਦੇ ਪੂਰੇ ਨਿੱਜੀ ਸਟਾਫ ਨੂੰ ਵੀ ਬਦਲ ਦਿੱਤਾ ਹੈ। ਅਜਿਹਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਇਮਰਾਨ ਅਤੇ ਬੁਸ਼ਰਾ ਆਪਣੇ ਵੱਖ-ਵੱਖ ਹੋਣ ਬਾਰੇ ਜਲਦੀ ਹੀ ਰਸਮੀ ਐਲਾਨ ਕਰ ਸਕਦੇ ਹਨ। ਓਧਰ ਵਿਰੋਧੀ ਪਾਰਟੀਆਂ ਦੇ ਗਠਜੋੜ ਪਾਕਿਸਤਾਨ ਡੈਮੋਕਰੈਟਿਕ ਅਲਾਇੰਸ ਨੇ ਇਮਰਾਨ ਖਾਨ ਵਿਰੁੱਧ ਸੰਸਦ ’ਚ ਬੇਭਰੋਸਗੀ ਮਤਾ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਵਿਰੋਧੀ ਪਾਰਟੀਆਂ ਵਲੋਂ ਪਾਕਿਸਤਾਨ ਪੀਪਲਸ ਪਾਰਟੀ ਦੇ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਪੇਸ਼ ਕਰਨ ਦੀਆਂ ਅਟਕਲਾਂ ਵੀ ਹਨ।