ਭਾਈ ਸੰਦੀਪ ਸਿੰਘ (ਦੀਪ ਸਿੱਧੂ) ਨਾਲ ਨਿੱਜੀ ਵਾਹ ਸੀ। ਸਾਖੀ ਇਹ ਆ ਕਿ ਉਹਦੀਆਂ ਸਤਿਗੁਰੂ ਨੇ ਭੁੱਖਾਂ ਮੇਟ ਦਿੱਤੀਆਂ ਸੀ। ਉਸ ਨੂੰ ਦੁਨਿਆਵੀ ਵਾਹ ਵਾਹ, ਬੱਲੇ ਬੱਲੇ, ਅਹੁਦੇ, ਰੁਤਬੇ, ਪੈਸੇ ਧੇਲੇ, ਪਛਾਣ ਦੀ ਉਕੀ ਤਾਂਘ ਨਹੀੰ ਸੀ। ਉਹਦੀ ਸੁਰਤ ਨੂੰ ਮਾਹਰਾਜ ਨੇ ਰੌਸ਼ਨ ਕਰ ਦਿੱਤਾ ਸੀ। ਜਿਹੜੀਆਂ ਪਦਾਰਥਾਂ ਤੇ ਰੁਤਬਿਆਂ ਦੀਆਂ ਬੇੜੀਆਂ ਸਾਡੇ ਪੈਰੀੰ ਨੇ, ਉਹ ਉਹਦੀਆਂ ਸਤਿਗੁਰਾਂ ਨੇ ਕੱਟ ਦਿੱਤੀਆਂ ਸਨ। ਉਹ ਹਰ ਨਵੇੰ ਦਿਨ ਬੰਧਨ ਮੁਕਤ ਹੋ ਰਿਹਾ ਸੀ। ਉਹ ਮੈਲ਼ ਤੋੰ ਮੁਕਤੀ ਦੇ ਰਾਹ ਸੀ। ਤਾਂ ਹੀ ਸ਼ਾਇਦ ਉਸ ਦੀ ਗੱਲ ‘ਚ ਅਸਰ ਸੀ।
ਅਸੀੰ ਘੰਟਿਆਂ ਬੱਧੀ ਗੱਲਾਂ ਕੀਤੀਆਂ ਪਰ ਕਦੇ ਉਸ ਦੇ ਵਿਰੋਧੀ ਦੀ ਗੱਲ ਆਉਣੀੰ ਤਾਂ ਉਹਨੇ ਕਹਿਣਾ “ਬਾਈ ਜੀ ਛੱਡੋ ਪਰੇ”।ਵਿਦਵਾਨ ਹੋਣਾ ਔਖਾ ਨਹੀੰ, ਬੁਲਾਰਾ ਹੋਣਾ ਤੇ ਗੱਲ ਈ ਕੀ ਆ। ਕਲਾਕਾਰ ਤੇ ਕੋਈ ਬੌਣਾ ਜਿਹਾ ਬੰਦਾ ਵੀ ਬਣ ਜਾਂਦਾ। ਦੀਪ ਇਹਨਾਂ ਪਛਾਣਾ ਤੋੰ ਪਰੇ ਸੀ। ਉਹ ਜੋ ਵੱਡੀ ਤੋੰ ਵੱਡੀ ਭੀੜ ਪਈ ‘ਤੇ ਡੋਲਦਾ ਨਹੀੰ ਸੀ।
ਜੇਲ੍ਹ ਚੋੰ ਮੁੜਿਆ ਤਾਂ ਬਹੁਤ ਕੁਝ ਗਵਾ ਚੁੱਕਾ ਸੀ, ਦੁਨੀਆਂ ਦੁਸ਼ਮਣ ਸੀ, ਜਾਨੋੰ ਮਾਰਨ ਦੀਆਂ ਕੋਸ਼ਿਸ਼ਾਂ ਹੋਈਆਂ, ਘਟੀਆ ਇਲਜ਼ਾਮਬਾਜ਼ੀ ਦੇ ਡੰਕੇ ਵੱਜ ਰਹੇ ਸੀ। ਭਾਰਤ ਦਾ ਸਾਰਾ ਮੀਡੀਆ, ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਖੱਬੇਪੱਖੀ, ਹਿੰਦੂਤਵੀਆਂ, ਕਿਸਾਨਾਂ ਤੇ ਪੰਥ ਦੇ ਧੜਿਆ ਨੇ ਉਸ ਨੂੰ ਇਕ ਮਤ ਹੋ ਦੁਸ਼ਮਣ ਐਲਾਨਿਆ ਹੋਇਆ ਸੀ।
ਉਹ ਕਿੰਨੇ ਸਹਿਜ ਨਾਲ ਵਾਪਸ ਮੁੜਿਆ। ਬੰਬੇ ਜਾ ਕੇ ਕਮਰੇ ‘ਚ ਬੰਦ ਨਹੀੰ ਹੋਇਆ। ਮਾਹਰਾਜ ਨੇ ਉਸ ਦੀ ਵਿਰੋਧਤਾ ਕਰਨ ਵਾਲੇ ਹਰ ਬੰਦੇ ਦਾ ਛੇ ਮਹੀਨਿਆਂ ‘ਚ ਮੂੰਹ ਕਾਲਾ ਕੀਤਾ। ਕਲਮੂੰਹਿਆ ਦੀ ਸ਼ਰਮਿੰਦੀ ਕਤਾਰ ਲਗਾਤਾਰ ਵੱਧ ਰਹੀ ਹੈ। ਦੀਪ ਸਿੰਘ ਤਾਂ ਗਦਾਰ ਸਾਬਤ ਨਾ ਹੋ ਸਕਿਆ, ਪਰ ਓਹਨੂੰ ਗਦਾਰ ਕਹਿਣ ਵਾਲਾ ਹਰ ਸ਼ਖ਼ਸ ਨੰਗਾ ਹੋ ਗਿਆ, ਇਹ ਕਲਾ ਵਰਤੀ।