ਪੰਕਜ ਤ੍ਰਿਪਾਠੀ ਉਨ੍ਹਾਂ ਕਲਾਕਾਰਾਂ ’ਚੋਂ ਇਕ ਹਨ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਹ ਆਪਣੀ ਹਰ ਨਵੀਂ ਫ਼ਿਲਮ ਦੇ ਨਾਲ ਨਵਾਂ ਰਿਕਾਰਡ ਬਣਾ ਰਹੇ ਹਨ।
ਹੌਲੀ-ਹੌਲੀ ਪੰਕਜ ਦੀ ਕਮਾਈ ਵੀ ਕਾਫੀ ਚੰਗੀ ਹੋ ਰਹੀ ਹੈ। ਹਾਲਾਂਕਿ ਇਹ ਗੱਲ ਘੱਟ ਲੋਕ ਜਾਣਦੇ ਹੋਣਗੇ ਕਿ ਫ਼ਿਲਮਾਂ ’ਚ ਆਉਣ ਤੋਂ ਪਹਿਲਾਂ ਉਹ ਕੀ ਕਰਦੇ ਸਨ।ਇਸ ਗੱਲ ’ਚ ਕੋਈ ਦੋਰਾਏ ਨਹੀਂ ਹੈ ਕਿ ਪੰਕਜ ਤ੍ਰਿਪਾਠੀ ਨੇ ਫ਼ਿਲਮੀ ਦੁਨੀਆ ’ਚ ਸੰਘਰਸ਼ ਕਰਦਿਆਂ ਆਪਣੀ ਇਕ ਖ਼ਾਸ ਜਗ੍ਹਾ ਬਣਾਈ ਹੈ। ਅੱਜ ਲੋਕ ਬਸ ਉਨ੍ਹਾਂ ਦੇ ਨਾਂ ਕਾਰਨ ਫ਼ਿਲਮਾਂ ਦੇਖਦੇ ਹਨ। ਹਾਲਾਂਕਿ ਇਕ ਅਜਿਹਾ ਵੀ ਸਮਾਂ ਸੀ, ਜਦੋਂ ਸਿਨੇਮਾ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ।
ਘਰ ’ਚ ਟੀ. ਵੀ. ਨਾ ਹੋਣ ਕਾਰਨ ਫ਼ਿਲਮਾਂ ਬਾਰੇ ਉਹ ਨਹੀਂ ਜਾਣਦੇ ਸਨ। ਹਾਲਾਂਕਿ 12ਵੀਂ ਜਮਾਤ ’ਚ ਆਉਂਦਿਆਂ ਉਨ੍ਹਾਂ ਨੂੰ ਅਦਾਕਾਰੀ ’ਚ ਰੁਚੀ ਹੋਣ ਲੱਗੀ ਸੀ। ਪਟਨਾ ’ਚ ਗ੍ਰੈਜੂਏਸ਼ਨ ਸ਼ੁਰੂ ਕੀਤੀ ਪਰ ਪੂਰਾ ਧਿਆਨ ਅਦਾਕਾਰੀ ਵੱਲ ਚਲਾ ਗਿਆ।ਇਸ ਵਿਚਾਲੇ ਫ਼ਿਲਮਾਂ ’ਚ ਕੰਮ ਮਿਲਣ ਤੋਂ ਪਹਿਲਾਂ ਸ਼ੁਰੂਆਤੀ ਸਟ੍ਰਗਲ ਦੌਰਾਨ ਹੀ ਪੰਕਜ ਤ੍ਰਿਪਾਠੀ ਨੇ ਪਟਨਾ ਦੇ ਹੋਟਲ ਮੌਰਿਆ ’ਚ ਸ਼ੈੱਫ ਦੀ ਨੌਕਰੀ ਕੀਤੀ ਸੀ। ਇਹ ਉਹ ਦੌਰ ਸੀ, ਜਦੋਂ ਉਹ ਸਵੇਰੇ ਅਦਾਕਾਰੀ ਲਈ ਜਾਂਦੇ ਸਨ ਤੇ ਰਾਤ ਨੂੰ ਹੋਟਲ ’ਚ ਕੰਮ ਕਰਦੇ ਸਨ। ਇਸ ਗੱਲ ਦੀ ਜਾਣਕਾਰੀ ਖ਼ੁਦ ਪੰਕਜ ਨੇ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ’ਚ ਅਮਿਤਾਭ ਬੱਚਨ ਨਾਲ ਗੱਲਬਾਤ ਦੌਰਾਨ ਦਿੱਤੀ ਸੀ। ਇਹ ਸਿਲਸਿਲਾ ਦੋ ਸਾਲਾਂ ਤਕ ਚੱਲਿਆ ਸੀ।
ਅੱਜ ਪੰਕਜ ਤ੍ਰਿਪਾਠੀ ਕਿਸ ਮੁਕਾਮ ’ਤੇ ਹਨ, ਇਹ ਹਰ ਕੋਈ ਜਾਣਦਾ ਹੈ। ਉਹ ਇਕ ਫ਼ਿਲਮ ਲਈ 3-4 ਕਰੋੜ ਰੁਪਏ ਲੈਂਦੇ ਹਨ। ਇਸ ਦੇ ਨਾਲ ਹੀ ਉਹ ਬ੍ਰਾਂਡਸ ਲਈ 1-2 ਕਰੋੜ ਲੈਂਦੇ ਹਨ। ਉਥੇ ਗੱਲ ਉਨ੍ਹਾਂ ਦੇ ਨੈੱਟਵਰਥ ਦੀ ਕਰੀਏ ਤਾਂ ਰਿਪੋਰਟਸ ਮੁਤਾਬਕ ਇਹ ਲਗਭਗ 40 ਕਰੋੜ ਰੁਪਏ ਹੈ।