ਅਸੀੰ ਨੌਕਰੀਆਂ ਕਰਦੇ ਹਾਂ, ਵਪਾਰ ਕਰਦੇ ਹਾਂ, ਬਾਹਰਲੇ ਦੇਸ਼ ਰਹਿੰਨੇ ਆਂ, ਕਬੀਲਦਾਰੀਆਂ ਸਾਂਭਦੇ ਹਾਂ। ਆਪੋ ਆਪਣੀ ਨਿੱਜ ਦੇ ਰਾਖੇ ਆਪ ਹਾਂ। ਵਾਹ ਲੱਗਦੀ ਝਰੀਟ ਨਹੀੰ ਲੱਗਣ ਦੇੰਦੇ। ਪਰ ਕੁਝ ਖਤਰੇ ਸਿਰਫ ਨਿੱਜ ਦੇ ਨਹੀੰ ਹੁੰਦੇ, ਸਮੂਹਿਕ ਹੁੰਦੇ ਨੇ। ਜਿਵੇੰ ਕੋਈ ਤੁਹਾਡੇ ਦਰਿਆਈ ਪਾਣੀ ਖੋਹ ਕੇ ਜਮੀਨਾਂ ਬੰਜਰ ਕਰ ਦੇਵੇ, ਕੋਈ ਤੁਹਾਡੀ ਜਿਣਸ ਦਾ ਮੁਲ ਨਾ ਭਰੇ, ਕੋਈ ਤੁਹਾਡੀ ਪੱਗ ਚੁੰਨੀ ਤੇ ਪਾਬੰਧੀ ਲਾ ਦੇਵੇ, ਕੋਈ ਤੁਹਾਡੀ ਸ਼ਕਲ ਵੇਖ ਕੇ ਤੁਹਾਨੂੰ ਜੇਲ੍ਹ ਚ ਸੁੱਟ ਦਵੇ ਜਾਂ ਕਤਲ ਕਰ ਦਵੇ।
ਇਹ ਸਮੂਹਿਕ ਖਤਰੇ ਗੁਲਾਮ ਕੌਮਾਂ ਲਈ ਵੱਡੇ ਹੁੰਦੇ ਨੇ, ਭਾਵ ਓਹਨਾ ਤੇ ਹੋੰਦ ਨੂੰ ਲੜਾਈ ਲਾਜ਼ਮ ਹੁੰਦੀ ਹੈ। ਪਰ ਕੋਈ ਨੌਕਰ, ਵਪਾਰੀ, ਦੇਸ ਤੋੰ ਬਾਹਰ ਰਹਿੰਦਾ ਪਰਵਾਸੀ ਜਾਂ ਕਬੀਲਦਾਰ ਇਹ ਲੜਾਈ ਕਿਵੇੰ ਲੜ ਸਕਦਾ! ਇਸ ਲੜਾਈ ‘ਚ ਜਾਨ ਜਾ ਸਕਦੀ, ਬਦਨਾਮੀ ਹੋ ਸਕਦੀ, ਭੰਡੀ ਪ੍ਰਚਾਰ ਤੇ ਆਪਣਿਆ ਬੇਗਾਨਿਆਂ ਦਾ ਸਾਥ ਛੁੱਟ ਜਾਂਦਾ।ਫੇਰ ਅਸੀੰ ਕਿਸੇ ਮਸੀਹੇ ਦੀ ਤਲਾਸ਼ ‘ਚ ਰਹਿੰਦੇ ਹਾਂ ਜੋ ਸਾਡੇ ਹਿੱਸੇ ਦੀ ਲੜਾਈ ਲੜੇ, ਬੋਲੇ, ਧਰਨੇ ਲਾਵੇ, ਜੇਲ੍ਹ ਜਾਵੇ, ਪੁਲਿਸ ਤਸ਼ੱਦਦ ਸਹੇ, ਬਦਨਾਮੀ ਝੱਲੇ ਤੇ ਹੋਰ ਦੁਖ ਭੋਗੇ। ਜਦੋੰ ਕੋਈ ਏਦਾਂ ਦਾ ਉਠਦਾ ਤੇ ਸਾਡੀ ਸਾਰਿਆਂ ਦੀ ਜਿਉੰਦੇ ਰਹਿਣ ਦੀ ਇਕ ਸਮੂਹਿਕ ਤੰਦ ਉਸ ਨਾਲ ਜੁੜਦੀ ਏ। ਸਮੇੰ ਸਮੇ ਤੇ ਝੂਠੇ ਮਸੀਹੇ ਵੀ ਪੈਦਾ ਹੁੰਦੇ ਰਹਿੰਦੇ ਨੇ, ਕੁਝ ਸਟੇਟ ਬਣਾ ਸਜਾ ਕੇ ਲਿਆਉੰਦੀ ਏ ਕਿ ਇਹ ਲਾਲਾ ਜੀ ਤੁਹਾਡਾ ਪੰਜਾਬ ਬਚਾਉਣਗੇ। ਖਲਕਤ ਭਰਮ ਜਾਂਦੀ ਏ। ਪਰ ਅਜਿਹੇ ਮਸੀਹਿਆਂ ਦੀ ਪਾਜ ਖੁੱਲ੍ਹਦਿਆਂ ਦੇਰ ਨਹੀੰ ਲੱਗਦੀ।
ਪਰ ਜਦੋੰ ਕੋਈ ਸਾਰੀਆਂ ਪਰਖਾਂ ਪਾਰ ਕਰ ਜਾਵੇ ਤੇ ਉਹ ਸਾਡੀ ਹੋੰਦ ਦਾ ਫਿਕਰ ਵੰਡਾ ਲੈੰਦਾ ਹੈ। ਸਾਡੇ ਕੰਮਾਂ ਕਾਰਾਂ ਵਾਲਿਆਂ ਦੀ ਲੜਾਈ ਲੜਦਾ ਹੈ। ਜੇ ਉਹ ਆਸ ਕਿਰਨ ਚਾਣਚੱਕ ਮੁੱਕ ਮੁੱਕਾ ਜਾਵੇ ਤਾਂ ਸਾਡੀ ਵੀ ਆਸ ਦੀ ਤੰਦ ਟੁੱਟ ਜਾਂਦੀ ਏ। ਝੂਠੇ ਮਸੀਹਿਆਂ ਦਾ ਜਦੋੰ ਪਾਜ ਖੁੱਲ੍ਹਦਾ ਤਾਂ ਰੋਹ ਪੈਦਾ ਹੁੰਦਾ, ਸੱਚਾ ਬੰਦਾ ਤੁਰ ਜਾਂਦਾ ਤਾਂ ਵੈਰਾਗ ਪੈਦਾ ਹੁੰਦਾ। ਅੱਖਾਂ ਨਮ ਰਹਿੰਦੀਆਂ, ਰੋ ਰੋ ਕੇ ਵੀ ਚਿੱਤ ਨਹੀੰ ਭਰਦਾ। ਨੀੰਦ ਉਡ ਜਾਂਦੀ ਏ। ਬੱਸ ਉਹਦੀਆਂ ਗੱਲਾਂ ਕਰਨ ਨਾਲ ਮਨ ਟਿਕਦਾ।
ਇਹ ਕੋਈ ਐਕਟਰ ਟਰਨਡ ਐਕਟੀਵਿਸਟ ਨਹੀੰ ਮੋਈਆ, ਸਾਡੀ ਆਸ ਦੀ ਤੰਦ ਟੁੱਟੀ ਏ। ਜਿਹੜਾ ਲਫਜ਼ ਉਹ ਸਭ ਤੋੰ ਵੱਧ ਵਰਤਦਾ ਸੀ ਉਹ ਸੀ “ਹੋੰਦ ਦੀ ਲੜਾਈ”। ਤੁਸੀ, ਜਿੰਨਾ ਨੇ ਏਸ ਪੰਜਾਬੇ ਦਾ ਪਾਣੀ ਪੀਤਾ ਹੈ, ਅਣਖਾਂ ਇੱਜ਼ਤਾਂ ਦੇ ਰਵੇਦਾਰ ਹੋ, ਉਹ ਦੀਪ ਦੇ ਜਾਣ ‘ਤੇ ਆਪਣੇ ਹੰਝੂ ਨਹੀੰ ਰੋਕ ਸਕਦੇ। ਤੁਸੀੰ ਕੋਈ ਬੇਗਾਨਾ ਨਹੀੰ, ਸਗੋਂ ਆਪਣੇ ਆਪ ਦਾ ਇਕ ਹਿੱਸਾ ਗਵਾਇਆ ਹੈ, ਆਪਣੀ ਬੁਲੰਦ ਹੋਣ ਵਾਲੀ ਸੱਜੀ ਬਾਂਹ ਗਵਾਈ ਹੈ, ਬੋਲਾਂ ਦੀ ਗੜਕ ਗਵਾਈ ਹੈ, ਲੱਤਾਂ ਦੀ ਜਾਨ ਤੇ ਪੈਰਾਂ ਦੀ ਪਕੜ ਗਾਵਈ ਹੈ। ਆਪਣੀ ਹੋੰਦ ਦੀ ਲੜਾਈ ਫਿਲਹਾਲ ਕੱਲੇ ਕੱਲੇ ਨੂੰ ਲੜਨੀ ਪਵੇਗੀ ਜਦੋੰ ਤੱਕ ਰੱਬ ਸੱਚਾ ਸਾਡੀਆਂ ਬਾਹਾਂ ਨਹੀੰ ਮੋੜ ਦਿੰਦਾ।