ਫਾਜ਼ਿਲਕਾ : ਇਥੋਂ ਦੀ ਢਾਣੀ ਖਰਾਸਵਾਲੀ ਪਿੰਡ ਦਾ ਇਕ ਦਿਲ ਕੰਬਾਅ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਚ ਪਤਨੀ ਨੇ ਪਹਿਲਾਂ ਆਪਣੇ ਮੂਸਮ ਬੇਟੇ ਤੋਂ ਫੋਨ ਕਰਵਾ ਕੇ ਪਤੀ ਨੂੰ ਘਰ ਬੁਲਾਇਆ, ਜਿੱਥੇ ਪੇਕੇ ਵਾਲਿਆਂ ਨੇ ਕੁੱਟ-ਕੁੱਟ ਕੇ ਉਸ ਦਾ ਕਤਲ ਕਰ ਦਿੱਤਾ। ਇਥੇ ਹੀ ਬਸ ਨਹੀਂ ਕਤਲ ਤੋਂ ਬਾਅਦ ਮ੍ਰਿਤਕ ਦੀ ਲਾਸ਼ ਨੂੰ ਸ਼ਮਸ਼ਾਨਘਾਟ ਵਿਚ ਦੱਬ ਦਿੱਤਾ ਗਿਆ। ਥਾਨਾ ਸਦਰ ਦੀ ਪੁਲਸ ਨੇ ਮ੍ਰਿਤਕ ਦੇ ਉਸਦੇ ਸਹੁਰਿਆਂ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੂੰ ਗੁਰਮੀਤ ਸਿੰਘ ਵਾਸੀ ਪਿੰਡ ਕੋਠਾ ਠਗਨੀ ਫਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ 32 ਸਾਲਾ ਭਰਾ ਮਲਕੀਤ ਸਿੰਘ ਅਤੇ ਉਸਦੀ ਭਰਜਾਈ ਸੁਨੀਤਾ ਰਾਣੀ ਉਨ੍ਹਾਂ ਤੋਂ ਵੱਖ ਰਹਿੰਦੇ ਸਨ। ਉਸਦੀ ਭਰਜਾਈ ਸੁਨੀਤਾ ਰਾਣੀ ਕਰੀਬ ਡੇਢ ਸਾਲ ਪਹਿਲਾਂ ਰੁੱਸ ਕੇ ਆਪਣੇ ਪੇਕੇ ਘਰ ਫਾਜ਼ਿਲਕਾ ਦੇ ਨੇੜੇ ਢਾਣੀ ਖਰਾਸ ਵਾਲੀ ਚੱਲੀ ਗਈ ਸੀ।
ਬਿਆਨ ’ਚ ਉਸਨੇ ਦੱਸਿਆ ਕਿ 5 ਫਰਵਰੀ ਨੂੰ ਉਸਦਾ ਭਰਾ ਮਲਕੀਤ ਸਿੰਘ ਆਪਣੇ ਸਹੁਰੇ-ਘਰ ਗਿਆ ਸੀ। ਉਸ ਨੂੰ ਪਤਾ ਲਗਾ ਕਿ ਉੱਥੇ ਮਲਕੀਤ ਸਿੰਘ ਨੂੰ ਉਸਦੀ ਪਤਨੀ ਸੁਨੀਤਾ ਰਾਣੀ ਅਤੇ ਬਿੱਟੂ ਸਿੰਘ ਅਤੇ ਕੁਲਵੰਤ ਸਿੰਘ ਦੋਵੇਂ ਭਰਾ ਅਤੇ ਸੀਮਾ ਰਾਣੀ ਵਾਸੀ ਢਾਣੀ ਖਰਾਸ ਵਾਲੀ ਨੇ ਉਸਦੇ ਭਰਾ ਨਾਲ ਕੁੱਟ-ਮਾਰ ਕਰ ਕੇ ਉਸਦਾ ਕਤਲ ਕਰ ਦਿੱਤਾ। ਉਨ੍ਹਾਂ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰ ਕੇ ਢਾਣੀ ਖਰਾਸ ਵਾਲੀ ਦੇ ਸ਼ਮਸ਼ਾਨ ਘਾਟ ’ਚ ਦੱਬ ਦਿੱਤਾ ਸੀ। ਇਸ ਬਾਰੇ ਹੁਣ ਉਨ੍ਹਾਂ ਨੂੰ ਪਤਾ ਲੱਗਣ ’ਤੇ ਉਨ੍ਹਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ’ਤੇ ਪੁਲਸ ਪਾਰਟੀ ਨੇ ਲਾਸ਼ ਨੂੰ ਸ਼ਮਸ਼ਾਨ ਘਾਟ ਤੋਂ ਬਰਾਮਦ ਕਰਕੇ ਮਲਕੀਤ ਸਿੰਘ ਦੇ ਸਹੁਰਿਆਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ।