ਸੱਟੇਬਾਜ਼ੀ ਤੇ ਮੈਚ ਫਿਕਸਿੰਗ ਲਈ ਖਿਡਾਰੀਆਂ ਨੂੰ ਆਪਣੀਆਂ ਫੈਡਰੇਸ਼ਨਾਂ ਵੱਲੋਂ ਖੇਡਣ ਲਈ ਕੀਤਾ ਜਾਂਦਾ ਹੈ ਮਜਬੂਰ
ਚੰਡੀਗੜ੍ਹ, 19 ਮਾਰਚ,ਜੁਪਿੰਦਰਜੀਤ ਸਿੰਘ-ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ’ਚ ਗ੍ਰਿਫ਼ਤਾਰੀਆਂ ਹੋਣ ਮਗਰੋਂ ਵਿਸ਼ਵ ਕਬੱਡੀ ਟੂਰਨਾਮੈਂਟਾਂ ਵਿੱਚ ਗੈਂਗਸਟਰਾਂ ਦਾ ਦਬਦਬਾ ਵਧਣ ਦੇ ਖੁਲਾਸੇ ਹੋਏ ਹਨ। ਸੱਟੇਬਾਜ਼ੀ ਤੇ ਮੈਚ ਫਿਕਸਿੰਗ ਲਈ ਕਈ ਕਬੱਡੀ ਫੈਡਰੇਸ਼ਨਾਂ ਵੱਲੋਂ ਖਿਡਾਰੀਆਂ ਨੂੰ ਆਪਣੇ ਅਧੀਨ ਖੇਡਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਜਿਹੜੇ ਖਿਡਾਰੀ ਤੇ ਫੈਡਰੇਸ਼ਨਾਂ ਅਜਿਹਾ ਨਹੀਂ ਕਰਦੀਆਂ ਉਨ੍ਹਾਂ ’ਤੇ ਗੈਂਗਸਟਰਾਂ ਤੋਂ ਹਮਲੇ ਕਰਵਾਏ ਜਾਂਦੇ ਹਨ।
ਇਹ ਮੁੱਦਾ ਉਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਜਦੋਂ ਲੰਘੇ ਕੁਝ ਮਹੀਨਿਆਂ ਦੌਰਾਨ ਅਜਿਹੇ ਵੱਡੇ ਪੰਜ ਹਮਲੇ ਹੋਏ ਸਨ। ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਸਨ। ਉੱਤਰੀ ਭਾਰਤ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਨਵੰਬਰ 2019 ’ਚ ਸ਼ਿਕਾਇਤ ਦੇ ਕੇ ਜੇਲ੍ਹ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ’ਤੇ ਕਥਿਤ ਧਮਕੀਆਂ ਦੇਣ ਤੇ ਦਖਲਅੰਦਾਜ਼ੀ ਕਰਨ ਦਾ ਦੋਸ਼ ਲਾਇਆ ਸੀ।
ਸੰਦੀਪ ਨੰਗਲ ਅੰਬੀਆਂ ਕਤਲ ਕੇਸ ’ਚ ਚਾਰ ਗ੍ਰਿਫ਼ਤਾਰੀਆਂ ਤੋਂ ਬਾਅਦ ਜਲੰਧਰ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ, ‘‘ਸੰਦੀਪ ਦੀ ‘ਮੇਜਰ ਲੀਡ ਕਬੱਡੀ’ ਵੱਡੇ ਟੂਰਨਾਮੈਂਟਾਂ ’ਚ ਹਿੱਸਾ ਲੈਂਦੀ ਸੀ। ਸਾਡੀ ਜਾਂਚ ਅਨੁਸਾਰ ਫਤਹਿ ਨਾਗਰੀ ਤੇ ਜਗਜੀਤ ਗਾਂਧੀ (ਦੋਵਾਂ ਦੀ ਅਜੇ ਗ੍ਰਿਫ਼ਤਾਰੀ ਹੋਣੀ ਬਾਕੀ) ਸਮੇਤ ਪੰਜਾਬ ਦੇ ਗੈਂਗਸਟਰਾਂ ਨੇ ਸੰਦੀਪ ਨੂੰ ਕਤਲ ਕਰਨ ਲਈ ਸ਼ੂਟਰਾਂ ਨਾਲ ਸੰਪਰਕ ਕੀਤਾ ਸੀ। ਇਹ ਸਭ ਕੁਝ ਕੈਨੇਡਾ ਆਧਾਰਿਤ ਸਨਾਵਰ ਢਿੱਲੋਂ ਦੇ ਇਸ਼ਾਰੇ ’ਤੇ ਕੀਤਾ ਗਿਆ ਜੋ ਚਾਹੁੰਦਾ ਸੀ ਕਿ ਸੰਦੀਪ ਤੇ ਹੋਰ ਖਿਡਾਰੀ ਉਸ ਦੀ ਕਬੱਡੀ ਲੀਗ ‘ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ’ ਵੱਲੋਂ ਖੇਡਣ ਪਰ ਖਿਡਾਰੀ ਸੰਦੀਪ ਦੀ ਲੀਗ ਵੱਲੋਂ ਖੇਡਣ ਨੂੰ ਤਰਜੀਹ ਦੇ ਰਹੇ ਸਨ।’’ ਕੁਝ ਕਬੱਡੀ ਖਿਡਾਰੀਆਂ ਤੇ ਅਧਿਕਾਰੀਆਂ ਨੇ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਗੈਂਗਸਟਰ ਕੌਮਾਂਤਰੀ ਖਿਡਾਰੀਆਂ ਨੂੰ ਆਪੋ-ਆਪਣੀ ਲੀਗ ਵੱਲੋਂ ਖੇਡਣ ਲਈ ਮਜਬੂਰ ਕਰਦੇ ਸਨ ਤਾਂ ਜੋ ਉਹ ਸੱਟਾ ਜਿੱਤ ਸਕਣ ਤੇ ਮੈਚ ਫਿਕਸ ਕਰ ਸਕਣ। ਇੱਕ ਖਿਡਾਰੀ ਨੇ ਦੋਸ਼ ਲਾਇਆ ਕਿ ਉਸ ਨੂੰ ਉਸ ਸਮੇਂ ਬਹੁਤ ਹੈਰਾਨੀ ਹੋਈ ਜਦੋਂ ਪਿੱਛੇ ਜਿਹੇ ਹੋਏ ਇੱਕ ਟੂਰਨਾਮੈਂਟ ਦੇ ਇੱਕ ਹਮਾਇਤੀ ਸਟਾਫ ਮੈਂਬਰ ਨੂੰ ਨਵੀਂ ਕਾਰ ਤੋਹਫ਼ੇ ’ਚ ਦਿੱਤੀ ਗਈ। ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇੱਕ ਹੋਰ ਖਿਡਾਰੀ ਫਰਿਆਦ ਤੇ ਉਸ ਦੇ ਭਰਾਵਾਂ ’ਤੇ ਵੀ ਪਿਛਲੇ ਸਾਲ ਦੋ ਵਾਰ ਹਮਲਾ ਹੋਇਆ ਸੀ ਕਿਉਂਕਿ ਉਨ੍ਹਾਂ ਗੈਂਗਸਟਰਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਅਧਿਕਾਰੀਆਂ ਅਨੁਸਾਰ ਪਹਿਲੇ ਹਮਲੇ ’ਚ ਫਰਿਆਦ ਦਾ ਬਚਾਅ ਰਿਹਾ ਪਰ ਅਕਤੂਬਰ 2021 ’ਚ ਦੁਬਾਰਾ ਹੋਏ ਹਮਲੇ ’ਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ। ਅਜਿਹੇ ਹੀ ਹਮਲੇ ਤੋਂ ਬਾਅਦ ਇੱਕ ਖਿਡਾਰੀ ਜਯੋਤੀ ਧਾਮੀ ਵੱਲੋਂ ਕੀਤੇ ਗਏ ਖੁਲਾਸੇ ਅਨੁਸਾਰ, ‘ਖੇਡ ਦੇ ਆਲਮੀਕਰਨ ਕਾਰਨ ਬਹੁਤ ਸਾਰੇ ਗੈਂਗਸਟਰ ਤੇ ਪ੍ਰਭਾਵਸ਼ਾਲੀ ਵਿਅਕਤੀ ਕਬੱਡੀ ਵਿੱਚ ਸ਼ਾਮਲ ਹੋ ਚੁੱਕੇ ਹਨ। ਉਹ ਪੰਜਾਬ ਦੇ ਸ਼ਹੀਦੀ ਜੋੜ ਮੇਲਿਆਂ ਅਤੇ ਪਿੰਡ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟਾਂ ’ਚ ਆਪਣੀ ਮਰਜ਼ੀ ਚਲਾ ਕੇ ਖੇਡ ਦਾ ਨਾਂ ਬਦਨਾਮ ਕਰਦੇ ਹਨ।’ ਸੱਟੇਬਾਜ਼ੀ ਬਾਰੇ ਉਸ ਨੇ ਦੱਸਿਆ ਕਿ ਹੁਣ ਖਿਡਾਰੀ ਇਸ ਵਾਅਦੇ ਨਾਲ ਮੈਚ ਫਿਕਸ ਕਰਦੇ ਹਨ ਕਿ ਉਹ ਦੂਜੀ ਧਿਰ ਨੂੰ ਜਿਤਾਉਣ ਬਦਲੇ ਇੱਕ ਟੂਰਨਾਮੈਂਟ ਹਾਰ ਜਾਣਗੇ।
ਪਿੱਛੇ ਜਿਹੇ ਲੁਧਿਆਣਾ ਜ਼ਿਲ੍ਹੇ ’ਚ ਹੋਏ ਇੱਕ ਕੌਮਾਂਤਰੀ ਕਬੱਡੀ ਟੂਰਨਾਮੈਂਟ ਵਿੱਚ ਖਿਡਾਰੀਆਂ ਨੂੰ ਇਨਾਮ ਵਜੋਂ 29 ਮੋਟਰਸਾਈਕਲ, ਦੋ ਜੀਪਾਂ ਤੇ ਦੋ ਕੰਬਾਈਨਾਂ ਦਿੱਤੀਆਂ ਗਈਆਂ ਸਨ। ਇਸ ਤੋਂ ਇਸ ਖੇਡ ਵਿੱਚ ਪੈਸੇ ਦੇ ਵਧ ਰਹੇ ਪ੍ਰਭਾਵ ਦਾ ਪਤਾ ਲੱਗਦਾ ਹੈ। ਇੱਕ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਇਹ ਤੋਹਫ਼ੇ ਕਈ ਨਗਦ ਇਨਾਮਾਂ ਅਤੇ ਵਿਦੇਸ਼ ਆਉਣ-ਜਾਣ ਦੇ ਖਰਚਿਆਂ ਤੋਂ ਵੱਖ ਹਨ। ਕਬੱਡੀ ਟੂਰਨਾਮੈਂਟ ਵੀ ਕ੍ਰਿਕਟ ਆਈਪੀਐੱਲ ਦੀ ਤਰ੍ਹਾਂ ਪੈਸਾ ਖਿੱਚ ਰਹੇ ਹਨ। ਜ਼ਿਕਰਯੋਗ ਹੈ ਕਿ ਪਿੰਡ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟਾਂ ’ਤੇ ਹੀ ਤਕਰੀਬਨ 15 ਲੱਖ ਰੁਪਏ ਖਰਚੇ ਜਾਂਦੇ ਹਨ ਜਿੱਥੇ ਕੁਝ ਕੁ ਟੀਮਾਂ ਹੀ ਹਿੱਸਾ ਲੈਂਦੀਆਂ ਹਨ। ਕੌਮਾਂਤਰੀ ਟੂਰਨਾਮੈਂਟਾਂ ’ਤੇ ਹੋਣ ਵਾਲੇ ਖਰਚ ਦਾ ਅਨੁਮਾਨ ਲਾਉਣਾ ਵੀ ਮੁਸ਼ਕਲ ਹੈ।ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਵਿੱਚ ਪੁਲੀਸ ਨੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਫਤਿਹ ਸਿੰਘ ਉਰਫ ਯੁਵਰਾਜ ਵਾਸੀ ਸੰਗਰੂਰ, ਕੁਸ਼ਲ ਚੌਧਰੀ ਵਾਸੀ ਨਾਹਰਪੁਰ ਰੂਪਾ (ਹਰਿਆਣਾ), ਅਮਿਤ ਡਾਗਰ ਵਾਸੀ ਮਹੇਸ਼ਪੁਰ ਪਲਵਾਮਾ (ਹਰਿਆਣਾ) ਤੇ ਸਿਮਰਨਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਵਾਸੀ ਮਾਧੋਪੁਰ ਪੀਲੀਭੀਤ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਪੁਲੀਸ ਅਨੁਸਾਰ ਇਹ ਚਾਰੇ ਮੁਲਜ਼ਮ 20 ਤੋਂ ਵੱਧ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿੱਚ ਕਤਲ, ਇਰਾਦਾ ਕਤਲ ਤੇ ਹੋਰ ਕੇਸ ਦਰਜ ਹਨ।
ਇਨ੍ਹਾਂ ਨੂੰ ਵੱਖ-ਵੱਖ ਜੇਲ੍ਹਾਂ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਸੀ। ਐੱਸਐੱਸਪੀ ਦਿਹਾਤੀ ਸਤਿੰਦਰ ਸਿੰਘ ਨੇ ਦੱਸਿਆ ਕਿ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਸਾਜ਼ਿਸ਼ ਵਿਦੇਸ਼ਾਂ ਵਿੱਚ ਰਚੀ ਗਈ ਸੀ ਤੇ ਇਸ ਮਾਮਲੇ ਵਿੱਚ ਵਿਦੇਸ਼ ਰਹਿਣ ਵਾਲੇ ਤਿੰਨ ਜਣਿਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਸੁਨਾਵਰ ਢਿੱਲੋਂ ਵਾਸੀ ਅੰਮ੍ਰਿਤਸਰ, ਜੋ ਕਿ ਬਰੈਂਪਟਨ (ਕੈਨੇਡਾ) ਵਿੱਚ ਰਹਿੰਦਾ ਹੈ ਤੇ ਉਹ ਕੈਨੇਡੀਅਨ ਸੱਥ ਟੀਵੀ ਤੇ ਰੇਡੀਓ ਸ਼ੋਅ ਦਾ ਪ੍ਰੋਡਿਊਸਰ ਡਾਇਰੈਕਟਰ ਹੈ। ਸੁਖਵਿੰਦਰ ਸਿੰਘ ਉਰਫ ਸੁੱਖਾ ਦੁੱਨੇਕੇ ਉਰਫ ਸੁੱਖਾ, ਜੋ ਕਿ ਮੂਲ ਰੂਪ ਵਿੱਚ ਜ਼ਿਲ੍ਹਾ ਮੋਗਾ ਦੇ ਪਿੰਡ ਦੁੱਨੇਕੇ ਦਾ ਰਹਿਣ ਵਾਲਾ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਤੀਜਾ ਸਾਜ਼ਿਸ਼ਘਾੜਾ ਲੁਧਿਆਣਾ ਜ਼ਿਲ੍ਹੇ ਦੇ ਡੇਹਲੋਂ ਦਾ ਦਲਜੀਤ ਸਿੰਘ ਉਰਫ ਗਾਂਧੀ ਹੈ, ਜੋ ਕਿ ਮਲੇਸ਼ੀਆ ਵਿੱਚ ਰਹਿ ਰਿਹਾ ਹੈ। ਐੱਸਐੱਸਪੀ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਨੇ ਹੀ ਵਿਦੇਸ਼ ਵਿੱਚ ਰਹਿੰਦਿਆਂ ਸੰਦੀਪ ਨੰਗਲ ਅੰਬੀਆਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਸੀ।ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਦਿਹਾਤੀ ਪੁਲੀਸ ਨੇ ਫਤਿਹ ਤੇ ਕੁਸ਼ਲ ਚੌਧਰੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਫਤਿਹ ਨੇ ਕਬੂਲ ਕੀਤਾ ਕਿ ਸੁਨਾਵਰ ਢਿੱਲੋਂ ਦੀਆਂ ਹਦਾਇਤਾਂ ’ਤੇ ਉਸ ਨੇ ਅਮਿਤ ਡਾਗਰ, ਕੁਸ਼ਲ ਚੌਧਰੀ, ਜਗਜੀਤ ਸਿੰਘ, ਲੱਕੀ ਪਟਿਆਲ ਅਤੇ ਸੁੱਖਾ ਦੁੱਨੇਕੇ ਨਾਲ ਰਲ ਕੇ ਸੰਦੀਪ ਦੇ ਕਤਲ ਲਈ ਸ਼ੂਟਰਾਂ ਦਾ ਪ੍ਰਬੰਧ ਕੀਤਾ ਸੀ। ਐੱਸਐੱਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਸੁੱਖਾ ਦੁੱਨੇਕੇ ਦੇ ਕਹਿਣ ’ਤੇ ਸਿਮਰਨਜੀਤ ਸਿੰਘ ਉਰਫ ਜੁਝਾਰ ਨੇ ਅੰਮ੍ਰਿਤਸਰ ਦੇ ਪ੍ਰੀਤਮ ਐਨਕਲੇਵ ’ਚ ਆਪਣੇ ਰਿਸ਼ਤੇਦਾਰ ਸਵਰਨ ਸਿੰਘ ਦੇ ਘਰ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ। ਪੁਲੀਸ ਨੇ ਸਵਰਨ ਸਿੰਘ ਦੇ ਘਰੋਂ 18 ਕਾਰਤੂਸ ਤੇ 12 ਬੋਰ ਦੀ ਰਾਈਫਲ ਵੀ ਬਰਾਮਦ ਕੀਤੀ ਹੈ। ਫਿਲਹਾਲ ਸਵਰਨ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਐੱਸਐੱਸਪੀ ਨੇ ਇਹ ਦਾਅਵਾ ਵੀ ਕੀਤਾ ਕਿ ਗੋਲੀ ਚਲਾਉਣ ਵਾਲੇ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।