ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਖਾਨਵਾਲ ਵਿਖੇ ਪ੍ਰੇਮ ਸਬੰਧਾਂ ਕਾਰਨ ਇਕ ਵਿਆਹੁਤਾ ਜਨਾਨੀ ਅਤੇ ਕੁਆਰੇ ਨੌਜਵਾਨ ਵੱਲੋਂ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸਰਬਜੀਤ ਸਿੰਘ ਵਾਸੀ ਹਰੜ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 8 ਸਾਲ ਪਹਿਲਾਂ ਬਲਜਿੰਦਰ ਕੌਰ ਵਾਸੀ ਖਾਨਵਾਲ ਨਾਲ ਹੋਇਆ ਸੀ। ਇਸ ਦੌਰਾਨ ਉਨ੍ਹਾਂ ਦੇ ਘਰ ਹੁਣ ਤੱਕ ਕੋਈ ਬੱਚਾ ਨਹੀ ਹੋਇਆ।
ਉਸ ਨੇ ਦੱਸਿਆ ਕਿ ਬੀਤੇ ਦਿਨ ਮੇਰੀ ਪਤਨੀ ਬਲਜਿੰਦਰ ਆਪਣੇ ਪੇਕੇ ਪਿੰਡ ਖਾਨਵਾਨ ਗਈ ਹੋਈ ਸੀ, ਜਿਸ ਤੋਂ ਬਾਅਦ ਰਾਤ ਨੂੰ ਪਤਾ ਲੱਗਿਆ ਕਿ ਉਸ ਨੇ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ ਹੈ। ਦੂਜੇ ਪਾਸੇ ਮ੍ਰਿਤਕ ਮੁੰਡਾ ਬੱਗਾ ਸਿੰਘ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਬੱਗਾ ਸਿੰਘ ਅਤੇ ਬਲਜਿੰਦਰ ਕੌਰ ਦੀ ਆਪਸੀ ਗੱਲਬਾਤ ਚਲਦੀ ਸੀ। ਕੁਝ ਦਿਨ ਬਾਅਦ ਬੱਗਾ ਸਿੰਘ ਦਾ ਵਿਆਹ ਹੋ ਰਿਹਾ ਸੀ ਪਰ ਬੀਤੀ ਰਾਤ ਬੱਗਾ ਸਿੰਘ ਅਤੇ ਬਲਜਿੰਦਰ ਕੌਰ ਨੇ ਜ਼ਹਿਰ ਖਾ ਕੇ ਆਤਮ-ਹੱਤਿਆ ਕਰ ਲਈ।
ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਥਾਣਾ ਅਜਨਾਲਾ ਦੇ ਸਬ-ਇੰਸ. ਨਰਪਿੰਦਰ ਸਿੰਘ ਨੇ ਕਿਹਾ ਕਿ ਬੀਤੀ ਰਾਤ ਪੁਲਸ ਨੂੰ ਇਸ ਸਬੰਧ ’ਚ ਸੂਚਨਾ ਮਿਲੀ ਸੀ। ਇਹ ਮਾਮਲਾ ਪ੍ਰੇਮ ਸਬੰਧਾਂ ਦਾ ਲੱਗ ਰਿਹਾ ਹੈ, ਜਿਸ ਸਬੰਧੀ ਪੁਲਸ ਨੇ ਦੋਵਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੇਰੀ ਕਰਵਾਈ ਕਰਨੀ ਸ਼ੁਰੂ ਕਰ ਦਿੱਤੀ।