ਹਿਟਲਰ ਕਾਰਨ ਜਰਮਨੀ ਤੋਂ ਭੱਜੀ ਸੀ ਯਹੂਦੀ ਬੱਚੀ, 80 ਦੀ ਉਮਰ ‘ਚ ਹੁਣ ਯੂਕਰੇਨ ਛੱਡਣ ਨੂੰ ਮਜ਼ਬੂਰ

0
252

ਕਾਰਲ ਮਾਰਕਸ ਨੇ ਕਿਹਾ ਸੀ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ। ਰੂਸ-ਯੂਕਰੇਨ ਜੰਗ ਵਿਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਇਥੇ ਵੀ ਇਤਿਹਾਸ ਖੁਦ ਨੂੰ ਦੋਹਰਾ ਰਿਹਾ ਹੈ ਪਰ ਬਿਲਕੁਲ ਵੱਖ ਅੰਦਾਜ਼ ਵਿਚ। ਰੂਸੀ ਹਮਲੇ ਤੋਂ ਬਚਣ ਲਈ ਹਜ਼ਾਰਾਂ ਯਹੂਦੀ ਜਰਮਨੀ ਵਿਚ ਸ਼ਰਨ ਲੈ ਰਹੇ ਹਨ। ਉਸੇ ਜਰਮਨੀ ਵਿਚ ਜਿਥੇ ਦੂਜੇ ਵਿਸ਼ਵ ਯੁੱਧ ਦੇ ਸਮੇਂ ਏਡੋਲਫ ਹਿਟਲਰ ਨੇ 60 ਲੱਖ ਤੋਂ ਵੱਧ ਯਹੂਦੀਆਂ ਨੂੰ ਮਰਵਾ ਦਿੱਤਾ ਸੀ।

ਯੂਕਰੇਨ ਤੋਂ ਜਰਮਨੀ ਜਾ ਰਹੇ ਯਹੂਦੀਆਂ ਦੇ ਸਮੂਹ ਵਿਚ ਕਈ ਬਜ਼ੁਰਗ ਅਜਿਹੇ ਵੀ ਹਨ ਜੋ ਹਿਟਲਰ ਤੋਂ ਬਚਣ ਲਈ ਜਰਮਨੀ ਤੋਂ ਭੱਜ ਕੇ ਯੂਕਰੇਨ ਆਏ ਸਨ ਪਰ 6-7 ਦਹਾਕਿਆਂ ਵਿਚ ਇਤਿਹਾਸ ਨੇ ਅਜਿਹੀ ਕਰਵਟ ਲਈ ਕਿ ਉਹ ਹੁਣ ਰੂਸੀ ਹਮਲੇ ਤੋਂ ਬਚਣ ਲਈ ਵਾਪਸ ਜਰਮਨੀ ਜਾ ਰਹੇ ਹਨ। ਯੂਕਰੇਨ ਵਿਚ ਯਹੂਦੀਆਂ ਦੀ ਚੰਗੀ-ਖਾਸੀ ਆਬਾਦੀ ਹੈ। ਉਥੋਂ ਦੇ ਰਾਸ਼ਟਰਪਤੀ ਜੇਲੇਂਸਕੀ ਵੀ ਯਹੂਦੀ ਹਨ ਪਰ ਰੂਸੀ ਹਮਲੇ ਤੋਂ ਬਾਅਦ ਉਥੋਂ ਦੇ ਯਹੂਦੀ ਖਤਰੇ ਵਿਚ ਆ ਗਏ ਹਨ ਤੇ ਉਹ ਦੂਜੇ ਦੇਸ਼ਾਂ ਵਿਚ ਸ਼ਰਨ ਲੈ ਰਹੇ ਹਨ। ਪਿਛਲੇ ਦਿਨੀਂ ਯੂਕਰੇਨ ਦੀ ਇੱਕੋ ਇਕ ਮਹਿਲਾ ਰੱਬੀ (ਯਹੂਦੀ ਧਰਮ ਗੁਰੂ) ਨੇ ਵੀ ਦੇਸ਼ ਛੱਡ ਦਿੱਤਾ ਸੀ। ਦੇਸ਼ ਛੱਡ ਰਹੇ ਯਹੂਦੀਆਂ ਦੀ ਪਹਿਲੀ ਪਸੰਦ ਜਰਮਨੀ ਹੈ। ਹਜ਼ਾਰਾਂ ਦੀ ਗਿਣਤੀ ਵਿਚ ਯਹੂਦੀ ਜਰਮਨੀ ਵਿਚ ਪਨਾਹ ਲੈ ਰਹੇ ਹਨ।

83 ਸਾਲ ਦੀ ਤਾਤਯਾਨਾ ਜ਼ੁਰਾਵਲਿਯੋਵਾ ਨੇ ਦੱਸਿਆ ਕਿ ਪਿਛਲੇ ਮਹੀਨੇ ਕੀਵ ਵਿਚ ਰੂਸੀ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਬਚਪਨ ਦਾ ਉਹ ਡਰਾਉਣਾ ਦੌਰ ਯਾਦ ਆਇਆ ਜਦੋਂ ਨਾਜੀਆਂ ਨੇ ਉਨ੍ਹਾਂ ਦੇ ਇਲਾਕੇ ‘ਤੇ ਹਮਲਾ ਕੀਤਾ ਸੀ। ਜ਼ੁਰਾਵਲਿਯੋਵਾ ਨੇ ਦੱਸਿਆ ਕਿ ਉਹ ਨਾਜ਼ੀ ਸੈਨਿਕਾਂ ਦੇ ਹਮਲੇ ਸਮੇਂ ਬਹੁਤ ਛੋਟੀ ਬੱਚੀ ਸੀ। ਉਨ੍ਹਾਂ ਨੂੰ ਉਦੋਂ ਵੀ ਅਜਿਹੇ ਹੀ ਡਰ ਦਾ ਸਾਹਮਣਾ ਕਰਨਾ ਪਿਆ ਸੀ। ਉਦੋਂ ਵੀ ਉਨ੍ਹਾਂ ਨੇ ਆਪਣਾ ਘਰ ਛੱਡਿਆ ਸੀ ਤੇ ਹੁਣ ਬੁਢਾਪੇ ਵਿਚ ਰੂਸੀ ਹਮਲੇ ਤੋਂ ਬਾਅਦ ਫਿਰ ਆਪਣਾ ਘਰ ਛੱਡਣਾ ਪਿਆ ਹੈ। ਜ਼ੁਰਾਵਲਿਯੋਵਾ ਇਸ ਸਮੇਂ ਜਰਮਨੀ ਦੇ ਇਕ ਓਲਡ ਏਜ ਹੋਮ ਵਿਚ ਰਹਿ ਰਹੀ ਹੈ। ਜ਼ੁਰਾਲਵਿਯੋਵਾ ਨੇ ਭਾਵੁਕ ਹੁੰਦੇ ਦੱਸਿਆ ਕਿ ਰੂਸੀ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਹੋਲੋਕਸਟ ਦੀ ਯਾਦ ਆ ਗਈ।

ਹੋਲੋਕਾਸਟ ਹਿਟਲਰ ਦੇ ਯਹੂਦੀ ਵਿਰੋਧੀ ਮੁਹਿੰਮ ਨੂੰ ਕਿਹਾ ਜਾਂਦਾ ਹੈ ਜਿਸ ਅਧੀਨ ਨਾਜ਼ੀਆ ਨੇ ਜਰਮਨੀ ਸਣੇ ਪੂਰੇ ਯੂਰਪ ਦੇ 60 ਲੱਖ ਤੋਂ ਵੱਧ ਯਹੂਦੀਆਂ ਦੀ ਹੱਤਿਆ ਕਰ ਦਿੱਤੀ ਸੀ। ਹੋਲੋਕਾਸਟ ਦੀ ਗਿਣਤੀ ਮਨੱਖੀ ਇਤਿਹਾਸ ਦੇ ਸਭ ਤੋਂ ਵੱਡੇ ਕਤਲੇਆਮ ਵਿਚ ਹੁੰਦੀ ਹੈ। ਯੂਕਰੇਨ ਦਾ ਹਰ ਯਹੂਦੀ ਬਜ਼ੁਰਗ ਜ਼ੁਰਾਵਲਿਯੋਵਾ ਜਿੰਨਾ ਕਿਸਮਤ ਵਾਲਾ ਨਹੀਂ ਹੈ। ਕੁਝ ਅਜਿਹੇ ਵੀ ਹਨ ਜੋ ਰਹਿੰਦੇ ਸਮੇਂ ਯੁੱਧ ਖੇਤਰ ਤੋਂ ਨਿਕਲਣ ਵਿਚ ਸਫਲ ਰਹੇ ਤੇ ਰੂਸੀ ਹਮਲੇ ਵਿਚ ਮਾਰੇ ਗਏ।

ਅਜਿਹੇ ਹੀ ਇੱਕ ਸ਼ਖਸ ਸਨ 96 ਸਾਲ ਦੇ ਬੋਰਿਸ ਰੋਮਨਚੇਂਕੋ। ਦੂਜੇ ਵਿਸ਼ਵ ਯੁੱਧ ਦੌਰਾਨ ਰੋਮਨਚੇਂਕੋ ਹਿਟਲਰ ਦੇ ਕਈ ਤਸ਼ੱਦਦ ਕੈਂਪਾਂ ਤੋਂ ਜ਼ਿੰਦਾ ਪਰਤ ਆਏ ਸਨ ਪਰ ਪਿਛਲੇ ਦਿਨੀਂ ਖਾਰਕੀਵ ਵਿਚ ਰੂਸੀ ਹਵਾਈ ਹਮਲੇ ਵਿਚ ਉਨ੍ਹਾਂ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਪੂਰੀ ਦੁਨੀਆ ਵਿਚ ਰੂਸ ਦੀ ਨਿੰਦਾ ਕੀਤੀ ਗਈ।