“ਜਦੋਂ ਇਹ ਸ਼ੁਰੂ ਹੋਇਆ ਤਾਂ ਬਹੁਤ ਹੀ ਡਰਾਉਣਾ ਜਿਹਾ ਜਾਪਦਾ ਸੀ।”ਵਿਲ ਸਮਿਥ ਦੀ ਪਤਨੀ ਜੈਡਾ ਪਿੰਕੇਟ ਨੇ ਆਪਣੀ ਐਲੋਪੇਸ਼ੀਆ (ਵਾਲ ਝੜਨ) ਦੀ ਸਮੱਸਿਆ ਬਾਰੇ ਸਭ ਤੋਂ ਪਹਿਲਾਂ ਸਾਲ 2018 ‘ਚ ਰੈੱਡ ਟੇਬਲ ਟਾਕ ਸ਼ੋਅ ਦੌਰਾਨ ਗੱਲ ਕੀਤੀ ਸੀ। ਇਸ ਟਾਕ ਸ਼ੋਅ ‘ਚ ਉਹ ਆਪਣੀ ਧੀ ਅਤੇ ਮਾਂ ਦੇ ਨਾਲ ਪੇਸ਼ਕਾਰ ਸੀ।
ਪਿਛਲੇ ਕੁਝ ਸਮੇਂ ਤੋਂ ਉਸ ਨੇ ਇਸ ਬਿਮਾਰੀ ਲਈ ਆਵਾਜ਼ ਬੁਲੰਦ ਕੀਤੀ ਹੈ।ਇਸ ਐਤਵਾਰ ਨੂੰ ਆਸਕਰ ਗਾਲਾ ਦੌਰਾਨ, ਕਾਮੇਡੀਅਨ ਕ੍ਰਿਸ ਰੌਕ ਵੱਲੋਂ ਵਿਲ ਸਮਿਥ ਦੀ ਪਤਨੀ ਦਾ ਮਜ਼ਾਕ ਉਡਾਉਣ ਕਾਰਨ ਸਮਿਥ ਨੇ ਉਸ ਨੂੰ ਚੱਲਦੀ ਸਟੇਜ ‘ਤੇ ਥੱਪੜ ਦੇ ਮਾਰਿਆ।ਕ੍ਰਿਸ ਰੌਕ ਨੇ ਆਪਣੀ ਪੇਸ਼ਕਾਰੀ ਦੌਰਾਨ ਸਾਲ 1997 ‘ਚ ਆਈ ਫਿਲਮ ਜੀਆਈ ਜੇਨ ਦਾ ਹਵਾਲਾ ਦਿੰਦਿਆਂ ਕਿਹਾ, “ਜੇਡਾ, ਮੈਂ ਜੀਆਈ ਜੇਨ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।”
ਜੀਆਈ ਜੇਨ ਅਜਿਹੀ ਫਿਲਮ ਸੀ ਜਿਸ ‘ਚ ਇਸ ਦੀ ਅਦਾਕਾਰਾ ਡੇਮੀ ਮੂਰ ਨੇ ਆਪਣਾ ਸਿਰ ਮੁੰਡਵਾਇਆ ਸੀ।51 ਸਾਲਾ ਪਿੰਕੇਟ ਜੋ ਕਿ ਇੱਕ ਅਮਰੀਕੀ ਅਭਿਨੇਤਰੀ ਹੈ, ਉਹ ਔਰਤਾਂ ਦੇ ਵਾਲ ਝੜਨ ਦੀ ਸਮੱਸਿਆ ਕਾਰਨ ਆਪਣੇ ਸਿਰ ਦੇ ਜੋ ਥੋੜ੍ਹੇ ਬਹੁਤ ਵਾਲ ਹਨ ਉਨ੍ਹਾਂ ਨੂੰ ਵੀ ਕੱਟਵਾ ਕੇ ਰੱਖਦੀ ਹੈ ਤਾਂ ਜੋ ਵਾਲ ਝੜਨ ਦੀ ਬਿਮਾਰੀ ਅਤੇ ਹੋਰ ਸੰਭਾਵਤ ਬਿਮਾਰੀਆਂ ਬਾਰੇ ਅਫਵਾਹਾਂ ਨੂੰ ਬੰਦ ਕੀਤਾ ਜਾ ਸਕੇ।
ਪਰ ਇਸ ਸਥਿਤੀ ਨੂੰ ਸਵੀਕਾਰ ਕਰਨ ਅਤੇ ਇਸ ਨਾਲ ਹੀ ਜ਼ਿੰਦਗੀ ਜਿਉਣ ਦਾ ਸਫ਼ਰ ਸੌਖਾ ਨਹੀਂ ਰਿਹਾ ਹੈ।ਜਦੋਂ ਉਹ ਇਸ ਬਿਮਾਰੀ ਦਾ ਸ਼ਿਕਾਰ ਹੋਈ ਤਾਂ ਨਿਰਮਾਤਾ ਅਤੇ ਸੰਗੀਤਕਾਰਾਂ ਨੇ ਉਸ ਦਾ ਸਿਰ ਪੱਗ ਨਾਲ ਢੱਕਣਾ ਸ਼ੁਰੂ ਕਰ ਦਿੱਤਾ ਸੀ ਜਿਸ ਕਰਕੇ ਬਹੁਤ ਸਾਰੇ ਲੋਕਾਂ ਨੇ ਉਸ ਦੇ ਇਸ ਨਵੇਂ ਰੂਪ ‘ਤੇ ਸਵਾਲ ਕਰਨੇ ਸ਼ੁਰੂ ਕੀਤੇ।
ਪਿੰਕੇਟ ਨੇ ਸਾਲ 2018 ‘ਚ ਇੱਕ ਸ਼ੋਅ ਦੌਰਾਨ ਉਨ੍ਹਾਂ ਨੇ ਇੰਨ੍ਹਾਂ ਸਾਰੇ ਸ਼ੱਕਾਂ ਨੂੰ ਦੂਰ ਕਰਨ ਦਾ ਫੈਸਲਾ ਲਿਆ ਅਤੇ ਕਿਹਾ, “ਮੈਨੂੰ ਇਸ ਸਬੰਧੀ ਬਹੁਤ ਸਵਾਲ-ਜਵਾਬ ਹੋ ਰਹੇ ਹਨ ਕਿ ਮੈਂ ਸਿਰ ‘ਤੇ ਪੱਗ ਬਨਣੀ ਕਿਉਂ ਸ਼ੁਰੂ ਕੀਤੀ ਹੈ।”
“ਇਹ ਮੇਰੀ ਜ਼ਿੰਦਗੀ ਦਾ ਅਜਿਹਾ ਸਮਾਂ ਸੀ ਜਦੋਂ ਮੈਂ ਸੱਚਮੁੱਚ ਡਰੀ ਹੋਈ ਸੀ। ਮੈਂ ਇਸ ਤਰ੍ਹਾਂ ਸੀ ਕਿ ‘ਹਾਏ ਰੱਬਾ ਕੀ ਮੈਂ ਹੁਣ ਗੰਜੀ ਹੋ ਰਹੀ ਹਾਂ”? ਇਸ ਕਰਕੇ ਹੀ ਮੈਂ ਆਪਣੇ ਵਾਲ ਕੱਟੇ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।”ਪਿੰਕੇਟ ਨੂੰ ਸ਼ੱਕ ਹੈ ਕਿ ਉਸ ਨੂੰ ਇਹ ਬਿਮਾਰੀ ਉਸ ਸਮੇਂ ਸ਼ੂਰੂ ਹੋਈ ਸੀ ਜਦੋਂ ਉਹ ਨਹਾਉਣ ਲਈ ਜਾਂਦੀ ਤਾਂ ਮੁੱਠੀ ਭਰ ਵਾਲ ਉਸ ਦੇ ਹੱਥ ‘ਚ ਹੀ ਆ ਜਾਂਦੇ ਸਨ।
ਇਸ ਸਥਿਤੀ ਨੇ ਉਸ ਨੂੰ ਡਰਾ ਦਿੱਤਾ ਸੀ। ਭਾਵੇਂ ਕਿ ਡਾਕਟਰਾਂ ਨੇ ਇਸ ਦਾ ਕੋਈ ਠੋਸ ਕਾਰਨ ਨਹੀਂ ਦੱਸਿਆ ਹੈ ਪਰ ਏਲਾ ਪਿੰਕੇਟ ਦਾ ਮੰਨਣਾ ਹੈ ਕਿ ਇਹ ਤਣਾਅ ਕਾਰਨ ਹੋ ਸਕਦਾ ਹੈ।ਪਿੰਕੇਟ ਹੋਰ ਕਈ ਚੀਜ਼ਾਂ ਜਿਵੇਂ ਕਿ ਮੈਟਰਿਕਸ ਸਾਗਾ ਦੀ ਫਿਲਮਾਂ, ਦਿ ਨਟੀ ਪ੍ਰੋਫੈਸਰ ਜਾਂ ਗੋਥਮ ਸੀਰੀਜ਼ ‘ਚ ਆਪਣੀ ਦਿੱਖ ਜਾਂ ਮੌਜੂਦਗੀ ਲਈ ਵੀ ਮਸ਼ਹੂਰ ਹੈ।ਉਸ ਦਾ ਅਦਾਕਾਰੀ ਦਾ ਸਫ਼ਰ ਮਸ਼ਹੂਰ ਅਮਰੀਕੀ ਸਿਟਕਾਮ ‘ਟਰੂ ਕਲਰਜ਼’ ‘ਤੇ ਉਸ ਦੀ ਪੇਸ਼ਕਾਰੀ ਨਾਲ ਸ਼ੁਰੂ ਹੋਇਆ ਸੀ।ਇਸ ਸੋਮਵਾਰ ਨੂੰ ਵਿਲ ਸਮਿਥ ਨੇ ਇੰਸਟਾਗ੍ਰਾਮ ਰਾਹੀਂ ਆਪਣੀ ਹਰਕਤ ਲਈ ਮੁਆਫੀ ਦੀ ਪੇਸ਼ਕਸ਼ ਕੀਤੀ ਹੈ, “ਅਕੈਡਮੀ ਅਵਾਰਡ ‘ਚ ਮੇਰਾ ਵਿਵਹਾਰ ਅਸਵੀਕਾਰਨਯੋਗ ਅਤੇ ਮੁਆਫੀਯੋਗ ਨਹੀਂ ਹੈ।”
“ਮੇਰੇ ਚੁਟਕਲੇ ਮੇਰੀ ਨੌਕਰੀ ਦਾ ਹਿੱਸਾ ਹਨ ਪਰ ਜੇਡਾ ਦੀ ਮੈਡੀਕਲ ਸਥਿਤੀ ਬਾਰੇ ਕੋਈ ਵੀ ਮਜ਼ਾਕ ਮੇਰੇ ਲਈ ਬਹੁਤ ਜ਼ਿਆਦਾ ਸੀ ਅਤੇ ਇਸ ਕਰਕੇ ਹੀ ਮੈਂ ਭਾਵਨਾਤਮਕ ਤੌਰ ‘ਤੇ ਆਪਣੀ ਪ੍ਰਤੀਕਿਰਿਆ ਪੇਸ਼ ਕੀਤੀ।””ਮੈਂ ਜਨਤਕ ਤੌਰ ‘ਤੇ ਕ੍ਰਿਸ ਤੋਂ ਮੁਆਫ਼ੀ ਮੰਗਣਾ ਚਾਹੁੰਦਾ। ਮੈਂ ਆਪਣੀ ਹੱਦ ਨੂੰ ਪਾਰ ਕੀਤਾ ਹੈ ਅਤੇ ਮੈਂ ਉਸ ਸਮੇਂ ਗ਼ਲਤ ਸੀ। ਮੈਂ ਸ਼ਰਮਿੰਦਾ ਹਾਂ ਅਤੇ ਮੇਰੇ ਵੱਲੋਂ ਕੀਤੀ ਗਈ ਹਰਕਤ ਉਸ ਆਦਮੀ ਦੀ ਦਿੱਖ ਨੂੰ ਨਹੀਂ ਪੇਸ਼ ਕਰਦੀ, ਜੋ ਕਿ ਮੈਂ ਹਾਂ।””ਪਿਆਰ ਅਤੇ ਦਿਆਲਤਾ ਦੀ ਇਸ ਖੂਬਸੂਰਤ ਦੁਨੀਆ ‘ਚ ਹਿੰਸਾ ਲਈ ਕੋਈ ਵੀ ਜਗ੍ਹਾ ਨਹੀਂ ਹੈ।”
ਐਂਡਰੋਜੇਨੇਟਿਕ ਜਾਂ ਐਂਡਰੋਜੇਨਿਕ ਐਲੋਪੀਸ਼ੀਆ ਮਰਦਾਂ ਅਤੇ ਔਰਤਾਂ ਦੋਵਾਂ ‘ਚ ਹੀ ਗੰਜੇਪਣ ਦਾ ਸਭ ਤੋਂ ਆਮ ਕਾਰਨ ਹੈ।ਇਹ ਇੱਕ ਜਾਂ ਦੋਵਾਂ ਮਾਪਿਆਂ ਤੋਂ ਵਿਰਾਸਤ ‘ਚ ਮਿਲਦਾ ਹੈ ਅਤੇ ਜਾਂ ਫਿਰ ਜਵਾਨੀ ਤੋਂ ਬਾਅਦ ਕਿਸੇ ਵੀ ਸਮੇਂ ਹਾਰਮੋਨਲ ਤਬਦੀਲੀਆਂ ਦੇ ਕਾਰਨ ਸ਼ੁਰੂ ਹੋ ਸਕਦਾ ਹੈ।ਵਾਲਾਂ ਦਾ ਝੜਨਾ ਆਮ ਤੌਰ ‘ਤੇ ਸਿਰ ਦੇ ‘ਕਰਾਊਨ’ ਵਾਲੇ ਹਿੱਸੇ ਅਤੇ ਖੋਪੜੀ ਦੇ ਅਗਲੇ ਅਤੇ ਸਿਖਰਲੇ ਹਿੱਸੇ ‘ਚ ਹੁੰਦਾ ਹੈ।ਮਾਹਰ ਵਾਲ ਝੜਨ ਦੇ ਤਿੰਨ ਮੁੱਖ ਕਾਰਨ ਦੱਸਦੇ ਹਨ, ਉਮਰ, ਜੀਨਜ਼ ਅਤੇ ਟੈਸਟੋਸਟੇਰੋਨ।
ਔਰਤਾਂ ਦੇ ਮਾਮਲੇ ‘ਚ ਜਵਾਨੀ, ਗਰਭ ਅਵਸਥਾ ਜਾਂ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਹੋਣ ਵਾਲੇ ਹਾਰਮੋਨਲ ਬਦਲਾਅ ਗੰਜੇਪਨ ਦਾ ਕਾਰਨ ਬਣ ਸਕਦੇ ਹਨ।ਟ੍ਰਾਈਕੋਲੋਜਿਸਟਸ ਸੰਸਥਾ ਦੇ ਅਨੁਸਾਰ ਜਦੋਂ ਇਹ ਗਰਭ ਅਵਸਥਾ ਤੋਂ ਬਾਅਦ ਸ਼ੁਰੂ ਹੁੰਦਾ ਹੈ ਤਾਂ ਇਹ ਆਮ ਤੌਰ ‘ਤੇ ਅਸਥਾਈ ਹੀ ਹੁੰਦਾ ਹੈ।ਬੱਚੇ ਨੂੰ ਜਨਮ ਦੇਣ ਤੋਂ ਲਗਭਗ ਤਿੰਨ ਮਹੀਨੇ ਬਾਅਦ, ਵਾਲਾਂ ਦਾ ਝੜਨਾ ਆਮ ਤੌਰ ‘ਤੇ ਸਦਮੇ, ਹਾਰਮੋਨਲ ਬਦਲਾਅ ਅਤੇ ਅਨੀਮੀਆ ਦੇ ਕਾਰਨ ਹੁੰਦਾ ਹੈ ਪਰ ਕੁਝ ਮਹੀਨਿਆਂ ਬਾਅਦ ਸਭ ਕੁਝ ਠੀਕ ਹੋ ਜਾਂਦਾ ਹੈ।ਮਹਾਂਵਾਰੀ ਕਾਰਨ ਵਾਲਾਂ ਦੇ ਝੜਨ ਦੀ ਸਮੱਸਿਆ ‘ਚ ਪੂਰੀ ਪ੍ਰਕਿਰਿਆ ‘ਚ ਮੁੱਖ ਭੂਮਿਕਾ ਨਿਭਾਉਣ ਵਾਲਾ ਹਾਰਮੋਨ ਡਾਇਹਾਈਡਰੋਟੇਸਟੇਰੋਨ, ਡੀਐੱਚਟੀ ਹੈ।ਯੂਕੇ ਐਸੋਸੀਏਸ਼ਨ ਆਫ਼ ਡਰਮਾਟੋਲੋਜਿਸਟਸ ਦੀ ਜਾਣਕਾਰੀ ਅਨੁਸਾਰ ਡੀਐੱਚਟੀ ਖੋਪੜੀ ‘ਤੇ ਵਾਲਾਂ ਦੇ ਰੋਮਾਂ ਦੇ ਬਦਲਾਅ ਦਾ ਕਾਰਨ ਬਣਦਾ ਹੈ।ਵਾਲਾਂ ਦੇ ਰੋਮ ਚਮੜੀ ਦਾ ਉਹ ਹਿੱਸਾ ਹੁੰਦੇ ਹਨ ਜੋ ਕਿ ਵਾਲਾਂ ਨੂੰ ਵਿਕਾਸ ਦਿੰਦੇ ਹਨ ਅਤੇ ਹਰ ਵਾਲ ਉਨ੍ਹਾਂ ‘ਤੇ ਟਿਕਿਆ ਹੁੰਦਾ ਹੈ।ਹਾਰਮੋਨ ਡੀਐੱਚਟੀ ਦੇ ਕਾਰਨ ਹੋਣ ਵਾਲਾ ਇਹ ਪਰਿਵਰਤਨ ਵਾਲਾਂ ਦੇ ਵੱਧਣ ਦੀ ਗਤੀ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਕਰਕੇ ਵਾਲ ਛੋਟੇ, ਹਲਕੇ ਅਤੇ ਪਤਲੇ ਹੋ ਜਾਂਦੇ ਹਨ। ਵਾਲਾਂ ਦਾ ਰੰਗ ਵੀ ਹਲਕਾ ਪੈ ਜਾਂਦਾ ਹੈ। ਅਜਿਹਾ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਰੋਮ ਸਿੱਧੇ ਤੌਰ ‘ਤੇ ਵਾਲ ਪੈਦਾ ਕਰਨੇ ਬੰਦ ਨਹੀਂ ਕਰ ਦਿੰਦੇ ਹਨ।
ਪਿੰਕੇਟ ਨੇ ਜੁਲਾਈ 2021 ‘ਚ ਪੱਗ ਤੋਂ ਬਿਨ੍ਹਾਂ ਆਪਣਾ ਪੂਰੀ ਤਰ੍ਹਾਂ ਮੁੰਨਿਆ ਹੋਇਆ ਸਿਰ ਵਿਖਾਇਆ ਸੀ।ਉਸ ਨੇ ਆਪਣੀ ਧੀ ਵਿਲੋ ਸਮਿਥ, ਜੋ ਕਿ ਇੱਕ ਗਾਇਕਾ ਹੈ, ਦੇ ਇੰਸਟਾਗ੍ਰਾਮ ਅਕਾਊਂਟ ‘ਚ ਆਪਣੀ ਬਿਨ੍ਹਾਂ ਵਾਲਾਂ ਦੇ ਤਸਵੀਰ ਸਾਂਝੀ ਕੀਤੀ ਸੀ।ਵਿਲੋ ਸਮਿਥ ਨੇ ਆਪਣੇ ਇੱਕ ਸੰਗੀਤ ਸਮਾਗਮ ਦੇ ਦੌਰਾਨ ਆਪਣੇ ਵਾਲ ਪੂਰੀ ਤਰ੍ਹਾਂ ਨਾਲ ਕਟਵਾ ਦਿੱਤੇ ਸਨ।ਉਸ ਨੇ ਬਾਅਦ ‘ਚ ਆਪਣੇ ਅਕਾਊਂਟ ‘ਚ ਪੋਸਟ ਕੀਤਾ, “ਵਿਲੋ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ ਕਿਉਂਕਿ ਹੁਣ ਸਮਾਂ ਹੈ ਕਿ ਇਸ ਸਥਿਤੀ ਤੋਂ ਬਾਹਰ ਆਇਆ ਜਾਵੇ।”ਉਦੋਂ ਤੋਂ ਹੀ ਇਸ ਸੋਸ਼ਲ ਨੈੱਟਵਰਕ ‘ਤੇ ਉਸ ਦੇ ਵਧੇਰੇਤਰ ਪ੍ਰਕਾਸ਼ਨਾਂ ਦੇ ਨਾਲ ਨਾਲ ਜਨਤਕ ਤੌਰ ‘ਤੇ ਵੀ ਉਹ ਬਿਨ੍ਹਾਂ ਵਾਲਾਂ ਵਾਲੇ ਸਿਰ ‘ਚ ਵਿਖਾਈ ਦਿੱਤੀ ਹੈ। ਉਸ ਨੇ ਕੋਈ ਕੱਪੜਾ ਆਪਣੇ ਸਿਰ ‘ਤੇ ਨਹੀਂ ਬੰਨ੍ਹਿਆ।
ਇੱਕ ਵਾਰ ਫਿਰ ਤੋਂ ਸਵਾਲ ਉੱਠ ਰਹੇ ਹਨ ਕਿ ਉਸ ਨਾਲ ਅਜਿਹਾ ਕੀ ਹੋਇਆ ਅਤੇ ਉਸ ਨੇ ਆਪਣਾ ਸਿਰ ਕਿਉਂ ਮੁਨਵਾ ਦਿੱਤਾ।ਇੰਨ੍ਹਾਂ ਸਵਾਲਾਂ ਦੇ ਚੱਲਦਿਆਂ ਪਿੰਕੇਟ ਨੇ ਪਿਛਲੇ ਦਸੰਬਰ ਮਹੀਨੇ ਮੁੜ ਆਪਣੀ ਸਥਿਤੀ ਬਾਰੇ ਸਮਝਾਇਆ, ਪਰ ਇਸ ਵਾਰ ਉਸ ਨੇ ਹਾਸੇ ਵਾਲੇ ਤਰੀਕੇ ਨਾਲ ਆਪਣੀ ਗੱਲ ਰੱਖੀ।ਪਿੰਕੇਟ ਨੇ ਇੱਕ ਵੀਡੀਓ ‘ਚ ਕਿਹਾ, “ਮਾਂ ਨੂੰ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਸ਼ੇਵ ਕਰਨਾ ਹੋਵੇਗਾ ਤਾਂ ਜੋ ਕੋਈ ਇਹ ਨਾ ਸੋਚੇ ਕਿ ਉਸ ਨੇ ਦਿਮਾਗ ਦੀ ਸਰਜਰੀ ਕਰਵਾਈ ਹੈ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੀਜ਼। ਇਹ ਐਲੋਪੀਸ਼ੀਆ ਅਤੇ ਮੈਂ ਹੁਣ ਦੋਸਤ ਬਣਨ ਜਾ ਰਹੇ ਹਾਂ…।”
“ਮੈਂ ਸਿਰਫ ਤਾਂ ਸਿਰਫ ਹੱਸਣਾ ਚਾਹੁੰਦੀ ਹਾਂ।”ਇਸ ਗੱਲ ਨੂੰ ਤਿੰਨ ਸਾਲ ਬੀਤ ਚੁੱਕੇ ਹਨ ਜਦੋਂ ਉਸ ਨੇ ਪਹਿਲੀ ਵਾਰ ਆਪਣੀ ਇਸ ਸਮੱਸਿਆ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਸਮੇਂ ਉਸ ਨੇ ਆਪਣਾ ਵਾਲਾਂ ਤੋਂ ਬਿਨ੍ਹਾਂ ਸਿਰ ਵਿਖਾਉਣ ਦਾ ਫੈਸਲਾ ਨਹੀਂ ਲਿਆ ਸੀ।ਸਾਲ 2018 ‘ਚ ਉਸ ਨੇ ਮੰਨਿਆਂ ਕਿ ਉਸ ਨੂੰ “ਉਸ ਦੇ ਵਾਲਾਂ ਦੇ ਝੜਨ ਬਾਰੇ ਕਿਸੇ ਨਾਲ ਗੱਲ ਕਰਨਾ ਔਖਾ” ਲੱਗਦਾ ਸੀ ਕਿਉਂਕਿ ਵਾਲਾਂ ਦੀ ਦੇਖਭਾਲ ਕਰਨਾ ਇੱਕ ‘ਸੋਹਣੀ ਰਸਮ’ ਵਾਂਗ ਹੁੰਦਾ ਸੀ।ਰੈੱਡ ਟੇਬਲ ਟਾਕ ਸ਼ੋਅ ਦੌਰਾਨ ਉਸ ਨੇ ਕਿਹਾ ਸੀ ਕਿ ਉਸ ਦੇ ਸਰੀਰ ਦੀ ਕਿਸਮਤ ਇੱਕ ‘ਉੱਚ ਸ਼ਕਤੀ’ ਨਾਲ ਜੁੜੀ ਹੋਈ ਹੈ ਅਤੇ ਇਸ ਨੂੰ ਸਵੀਕਾਰ ਕਰਨ ਨਾਲ ਉਸ ਨੂੰ ਐਲੋਪੀਸ਼ੀਆ ਨਾਲ ਨਜਿੱਠਣ ‘ਚ ਦ੍ਰਿਸ਼ਟੀਕੋਣ ਲੱਭਣ ‘ਚ ਮਦਦ ਮਿਲੀ ਹੈ।ਪਿੰਕੇਟ ਨੇ ਅੱਗੇ ਕਿਹਾ, “ਇੱਥੇ ਕੈਂਸਰ ਨਾਲ ਪੀੜ੍ਹਤ ਲੋਕ ਹਨ, ਬਿਮਾਰ ਬੱਚੇ ਹਨ… ਮੈਂ ਹਰ ਰੋਜ਼ ਉੱਚ ਸ਼ਕਤੀ ਨੂੰ ਚੀਜ਼ਾਂ ‘ਤੇ ਕਬਜ਼ਾ ਕਰਦਿਆਂ ਵੇਖਿਆ ਹੈ। ਮੈਨੂੰ ਲੱਗਦਾ ਹੈ ਕਿ ਮੇਰੇ ਵਾਲ ਝੜਨ ਦੀ ਸਮੱਸਿਆ ਹੋਰ ਮੱਸਿਆਵਾਂ ਦੀ ਤੁਲਨਾ ‘ਚ ਬਹੁਤ ਛੋਟੀ ਹੈ।””ਜਦੋਂ ਮੈਂ ਇਸ ਨਜ਼ਰੀਏ ਨਾਲ ਆਪਣੀ ਸਮੱਸਿਆ ਨੂੰ ਵੇਖਦੀ ਹਾਂ ਤਾਂ ਮੈਂ ਸ਼ਾਂਤ ਹੋ ਜਾਂਦੀ ਹਾਂ। ਮੈਨੂੰ ਕੁਝ ਸਕੂਨ ਮਿਲਦਾ ਹੈ।”ਆਪਣੇ ਸਰੀਰਕ ਬਦਲਾਅ ਦੇ ਕਾਰਨ ਪਿੰਕੇਟ ਨੇ ਆਪਣੇ ਸਿਰ ‘ਤੇ ਸਕਾਰਫ਼ ਬਣਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਅਨੁਸਾਰ ਇਹ ਇੱਕ ਵਧੀਆ ਫੈਸ਼ਨ ਦੇ ਵਿਕਲਪ ਵੱਜੋਂ ਕੰਮ ਕਰਦਾ ਹੈ।ਉਸ ਨੇ ਕਿਹਾ, “ਜਦੋਂ ਮੇਰੇ ਵਾਲ ਸਕਾਰਫ਼ ‘ਚ ਲਪੇਟੇ ਹੁੰਦੇ ਹਨ, ਉਸ ਸਮੇਂ ਮੈਂ ਇੱਕ ਮਹਾਰਾਣੀ ਵਾਂਗਰ ਮਹਿਸੂਸ ਕਰਦੀ ਹਾਂ।”
ਕੁਝ ਦਿਨ ਪਹਿਲਾਂ ਹੀ ਉਸ ਨੇ ਇੱਕ ਪੋਸਟ ਪੋਸਟ ਕੀਤੀ ਸੀ, ਜਿਸ ‘ਚ ਉਸ ਨੇ ਆਪਣੇ ਗੰਜੇ ਸਿਰ ਨੂੰ ਇੱਕ ਤਰ੍ਹਾਂ ਦੇ ਸੁਨਹਿਰੇ ਹਾਰ ਨਾਲ ਸਜਿਆ ਹੋਇਆ ਵਿਖਾਇਆ ਸੀ।