ਨਾਜਾਇਜ਼ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਪਹਿਲਾਂ ਆਸ਼ਕ ਨੇ ਕੀਤੀ ਖ਼ੁਦਕੁਸ਼ੀ, ਫਿਰ ਪਤੀ ਨੇ ਪੀਤਾ ਜ਼ਹਿਰ

0
290

ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਗੁਰਥੜੀ ਵਿਖੇ ਪਤਨੀ ਦੇ ਗੁਆਂਢੀ ਨਾਲ ਨਾਜਾਇਜ਼ ਸਬੰਧਾਂ ਦਾ ਪਤਾ ਲੱਗਣ ਤੋਂ ਬਾਅਦ ਆਸ਼ਕ ਵੱਲੋਂ ਜਿੱਥੇ ਜ਼ਹਿਰੀਲੀ ਸਪਰੇਅ ਪੀ ਕੇ ਆਤਮ ਹੱਤਿਆ ਕਰ ਲਈ ਗਈ, ਉਥੇ ਪਤਨੀ ਦੇ ਪੇਕਿਆਂ ਵੱਲੋਂ ਜਵਾਈ ਨੂੰ ਧਮਕੀਆਂ ਦੇਣ ਤੋਂ ਬਾਅਦ ਜਵਾਈ ਨੇ ਵੀ ਸਪਰੇਅ ਪੀ ਲਈ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਧਰਮਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਤਾਰ ਸਿੰਘ ਪੁੱਤਰ ਜਸਵੰਤ ਸਿੰਘ ਦੇ ਆਪਣੇ ਗੁਆਂਢੀ ਤਰਸੇਮ ਸਿੰਘ ਦੀ ਪਤਨੀ ਨਾਲ ਨਾਜਾਇਜ਼ ਸਬੰਧ ਸਨ, ਜਦ ਇਸ ਗੱਲ ਦਾ ਪਤਾ ਪਤੀ ਨੂੰ ਲੱਗਿਆ ਤਾਂ ਉਸ ਨੇ ਪਤਨੀ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦਾ ਪਤਾ ਲੱਗਦਿਆਂ ਹੀ ਪਤਨੀ ਦੇ ਆਸ਼ਕ ਵੱਲੋਂ ਆਪਣੇ ’ਤੇ ਹੁੰਦੀ ਕਾਰਵਾਈ ਡਰੋਂ ਹਿਸਾਰ ਜਾ ਕੇ ਜ਼ਹਿਰੀਲੀ ਸਪਰੇਅ ਪੀ ਲਈ, ਜਿੱਥੇ ਉਸ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਜਗਤਾਰ ਸਿੰਘ ਦੀ ਪਤਨੀ ਆਪਣੇ ਪੇਕੇ ਦੇਸੂ ਯੋਧੇ ਚਲੀ ਗਈ। ਪੇਕੇ ਜਾਣ ’ਤੇ ਲੜਕੀ ਦੇ ਗਲਤ ਚਾਲ ਚਲਣ ਦਾ ਪਤਾ ਜਦੋਂ ਉਸ ਦੇ ਮਾਂ-ਪਿਓ ਨੂੰ ਲੱਗਿਆ ਤਾਂ ਉਨ੍ਹਾਂ ਵੀ ਲੜਕੀ ਨੂੰ ਬੁਰਾ ਭਲਾ ਕਿਹਾ। ਇਸ ਤੋਂ ਬਾਅਦ ਲੜਕੀ ਆਪਣੇ ਮਾਂ-ਪਿਓ ਦਾ ਘਰ ਛੱਡ ਕੇ ਤਾਏ-ਤਾਈ ਦੇ ਘਰ ਰਹਿਣ ਲਈ ਚਲੀ ਗਈ। ਉਨ੍ਹਾਂ ਕਿਹਾ ਕਿ ਲੜਕੀ ਦੇ ਤਾਏ ਵੱਲੋਂ ਜਵਾਈ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਉਹ ਉਨ੍ਹਾਂ ਦੀ ਲੜਕੀ ਨੂੰ ਕੁੱਝ ਨਾ ਕਹੇ, ਜੇਕਰ ਕੁੱਝ ਕਿਹਾ ਤਾਂ ਉਹ ਉਸ ਨਾਲ ਮਾੜਾ ਕਰਨਗੇ।

ਇਨ੍ਹਾਂ ਧਮਕੀਆਂ ਤੋਂ ਡਰ ਕੇ ਲੜਕੀ ਦੇ ਪਤੀ ਜਗਤਾਰ ਸਿੰਘ ਵੱਲੋਂ ਵੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਨੂੰ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਪਤਨੀ ਦੇ ਪਤੀ ਜਗਤਾਰ ਸਿੰਘ ਦੇ ਬਿਆਨਾਂ ’ਤੇ ਪਤਨੀ ਭਿੰਦਰ ਕੌਰ, ਉਸ ਦੀ ਤਾਈ ਛਿੰਦਰ ਕੌਰ ਪਤਨੀ ਫੱਤੀ ਸਿੰਘ, ਤਾਇਆ ਫੱਤੀ ਸਿੰਘ ਸਮੇਤ ਰਾਜਵਿੰਦਰ ਸਿੰਘ ਪੁੱਤਰ ਫੱਤੀ ਸਿੰਘ ਅਤੇ ਕਿਰਨਾ ਪੁੱਤਰੀ ਫੱਤੀ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।