ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ 1,65,000 ਤੱਕ ਪ੍ਰਵਾਸੀਆਂ ਨੂੰ ਪੱਕਾ ਕਰਨ ਦੀ ਸਕੀਮ ਕੱਢੀ -15,000 ਨਿਰਮਾਣ ਕਾਰਜ ਕਾਮੇ, 12,000 ਉਦਯੋਗਕਿ ਕਾਮੇ, 5,000 ਸਿਹਤ ਤੇ ਬਜ਼ੁਰਗਾਂ ਦੀ ਦੇਖਭਾਲ ਵਾਲੇ ਕਾਮੇ, 9,000 ਮੁੱਢਲੇ ਉਦਯੋਗ ਵਾਲੇ, 800 ਅਧਿਆਪਕ ਅਤੇ ਹੋਰ ਸ਼ਾਮਿਲ
ਔਕਲੈਂਡ 30 ਸਤੰਬਰ, 2021 -ਹਰਜਿੰਦਰ ਸਿੰਘ ਬਸਿਆਲਾ-:-ਨਿਊਜ਼ੀਲੈਂਡ ਸਰਕਾਰ ਨੇ ਪ੍ਰਵਾਸੀ ਕਾਮਿਆਂ ਅਤੇ ਵਪਾਰਕ ਅਦਾਰਿਆਂ ਦੇ ਮੌਜੂਦਾ ਅਤੇ ਭਵਿੱਖ ਦੀ ਆਪਸੀ ਸਾਂਝ ਨੂੰ ਚਿਰਸਥਾਈ ਬਣਾਈ ਰੱਖਣ ਵਾਲੇ ਕਾਮਿਆਂ ਲਈ ਉਲਾਂਭਾ ਲਾਹ ਅਤੇ ਸਲ੍ਹਾਬਾ ਚੁੱਕ ਪੱਕੇ ਕਰਨ ਵਾਲੀ ਸਕੀਮ ਕੱਢੀ ਹੈ ਜਿਸ ਨੂੰ ਯਕਮੁਸ਼ਤ (ਇਕੋਵਾਰ ਜਾਂ ਵੱਨ-ਆਫ) ਲਾਗੂ ਕੀਤਾ ਜਾਵੇਗਾ। ਸੌ ਸੁਨਿਆਰ ਦੀ ਇਕ ਲੋਹਾਰ ਦੀ ਕਹਾਵਤ ਪੂਰੀ ਕਰਦਿਆਂ ‘ਵੱਨ ਆਫ ਰੈਜੀਡੈਂਸੀ ਵੀਜ਼ਾ’ ਸਕੀਮ ਤਹਿਤ ਸਰਕਾਰ ਨੇ 1,65,000 ਤੱਕ ਪ੍ਰਵਾਸੀਆਂ ਨੂੰ ‘2021 ਰੈਜੀਡੈਂਟ ਵੀਜ਼ਾ’ ਦੇ ਕੇ ਪੱਕਾ ਕਰਨ ਦਾ ਫੈਸਲਾ ਕੀਤਾ ਹੈ। ਇਸ ਸ਼੍ਰੇਣੀ ਦੇ ਵਿਚ 15,000 ਨਿਰਮਾਣ ਕਾਰਜ ਕਾਮੇ, 12,000 ਉਦਯੋਗਕਿ ਕਾਮੇ, 5,000 ਸਿਹਤ ਤੇ ਬਜ਼ੁਰਗਾਂ ਦੀ ਦੇਖਭਾਲ ਵਾਲੇ ਕਾਮੇ, 9,000 ਮੁੱਢਲੇ ਉਦਯੋਗ ਵਾਲੇ, 800 ਅਧਿਆਪਕ ਅਤੇ ਹੋਰ ਕਈ ਲੋਕ ਸ਼ਾਮਿਲ ਹਨ।
ਇਸ ਦੇ ਲਈ ਯੋਗ ਹੋਣ ਦੇ ਲਈ ਤੁਹਾਨੂੰ ਨਿਰਧਾਰਤ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ। ਸੁਚਾਰੂ ਅਰਜ਼ੀ ਪ੍ਰਕਿਰਿਆ ਦੇ ਵਿਚ ਸਿਹਤ, ਪੁਲਿਸ ਅਤੇ ਸੁਰੱਖਿਆ ਮਾਪਦੰਡ ਪੂਰੇ ਕੀਤੇ ਜਾਣਗੇ। ਇੱਕ ਸਾਲ ਦੇ ਅੰਦਰ ਬਹੁਤੀਆਂ ਅਰਜ਼ੀਆਂ ਦਾ ਫੈਸਲਾ ਆਵੇਗਾ। ਇਮੀਗ੍ਰੇਸ਼ਨ ਮੰਤਰੀ ਨੇ 2021 ਰੈਜੀਡੈਂਸ ਵੀਜ਼ਾ ਦਾ ਐਲਾਨ ਕਰਦਿਆਂ ਇਸ ਨੂੰ ਆਸਾਨ ਰਾਹ ਦੱਸਿਆ ਹੈ ਜਿਸ ਦੇ ਤਹਿਤ 1 ਲੱਖ 65 ਹਜ਼ਾਰ ਲੋਕ ਪੱਕੇ ਹੋ ਸਕਣਗੇ। ਕਰੋਨਾ ਦਾ ਬੁਰਾ ਪ੍ਰਭਾਵ, ਵਿਛੜੇ ਪਰਿਵਾਰਾਂ ਦਾ ਦਰਦ, ਸਰਹੱਦਾਂ ਨੂੰ ਲੱਗੇ ਤਾਲੇ ਅਤੇ ਅਰਥਚਾਰੇ ਦੇ ਵਿਕਾਸ ਦਾ ਹਵਾਲਾ ਦਿੰਦਿਆ ਸਰਕਾਰ ਨੇ ਇਹ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਰੁਜ਼ਗਾਰ ਦਾਤਾਵਾਂ ਦੇ ਲਈ ਵੀ ਇਹ ਮੌਕਾ ਪ੍ਰਦਾਨ ਕਰ ਰਹੀ ਹੈ ਕਿ ਉਹ ਆਪਣੇ ਕਾਮਿਆਂ ਨੂੰ ਇਥੇ ਸੈਟਲ ਕਰ, ਆਪਣੇ ਹੁਨਰਮੰਦ ਕਾਮੇ ਬਰਕਰਾਰ ਰੱਖਣ ਕਿਉਂਕਿ ਇਹ ਸਾਰੇ ਸਾਡੇ ਭਾਈਚਾਰੇ, ਮੁੱਢਲੇ ਜਰੂਰੀ ਕਾਰਜ ਵਾਲੀ ਫੌਜ (ਇੰਸ਼ੈਸ਼ੀਅਲ ਵਰਕ ਫੋਰਸ) ਅਤੇ ਭਾਈਚਾਰੇ ਲਈ ਅਹਿਮ ਹਨ। ਇਨ੍ਹਾਂ ਸਾਰੇ ਕਾਮਿਆਂ ਨੇ ਪਿਛਲੇ ਕਰੋਨਾ ਦੇ ਪਿਛਲੇ 18 ਮਹੀਨਿਆਂ ਦੇ ਵਿਚ ਅਹਿਮ ਰੋਲ ਅਦਾ ਕੀਤਾ ਹੈ। ਇਹ ਨਵੀਂ ਸਕੀਮ ਲਗਪਗ ਸਾਰੇ ਕੰਮਾਂ ਨਾਲ ਸਬੰਧਿਤ ਵੀਜ਼ਾ ਧਾਰਕਾਂ ਲਈ, ਅੰਸ਼ੈਸ਼ੀਅਲ ਸਕਿੱਲ, ਵਰਕ ਟੂ ਰੈਜ਼ੀਡੈਂਸ ਅਤੇ ਪੋਸਟ ਵਰਕ ਵੀਜ਼ਾ ਵਾਲਿਆਂ ਤੇ ਉਨ੍ਹਾਂ ਦੇ ਪਹਿਲੇ ਨੇੜਲੇ ਪਰਿਵਾਰ ਮੈਂਬਰ ਲਈ ਹੋਵੇਗੀ। ਯੋਗ ਹੋਣ ਦੇ ਲਈ ਮੁੱਖ ਅਰਜ਼ੀਦਾਤਾ 29 ਸਤੰਬਰ 2021 ਵਾਲੇ ਦਿਨ ਨਿਊਜ਼ੀਲੈਂਡ ਹੋਣਾ ਚਾਹੀਦਾ ਹੈ ਤੇ ਉਸ ਕੋਲ ਵਰਕ ਵੀਜਾ ਹੋਵੇ, ਜਾਂ ਅਪਲਾਈ ਕੀਤਾ ਹੋਵੇ। ਉਹ ਕੁਝ ਸ਼ਰਤਾਂ ਵੀ ਪੂਰੀਆਂ ਕਰਦਾ ਹੋਵੇ ਜਿਵੇਂ:-
-ਨਿਊਜ਼ੀਲੈਂਡ ਰਹਿੰਦੇ ਨੂੰ ਤਿੰਨ ਸਾਲ ਜਾਂ ਜਿਆਦਾ ਹੋ ਗਏ ਹੋਣ, ਜਾਂ
-ਪ੍ਰਤੀ ਘੰਟਾ 27 ਡਾਲਰ ਜਾਂ ਇਸ ਤੋਂ ਵੱਧ ਕਮਾ ਰਿਹਾ ਹੋਵੇ ਜਾਂ,
-ਸਕਿੱਲ ਸ਼ਾਰਟੇਜ਼ ਲਿਸਟ (ਹੁਨਰਮੰਦਾਂ ਦੀ ਘਾਟ ਵਾਲੀ ਸ਼੍ਰੇਣੀ) ਦੇ ਵਿਚ ਕੰਮ ਕਰਦਾ ਹੋਵੇ ਜਾਂ,
-ਆਪਣੇ ਕਿੱਤੇ ਦੀ ਰਜਿਸਟ੍ਰੇਸ਼ਨ ਹੋਈ ਹੋਵੇ ਅਤੇ ਉਹ ਸਿਹਤ ਅਤੇ ਸਿੱਖਿਆ ਖੇਤਰ ਵਿਚ ਕੰਮ ਕਰਦਾ ਹੋਵੇ ਜਾਂ,
-ਨਿੱਜੀ ਦੇਖਭਾਲ ਖੇਤਰ ਜਾਂ ਨਾਜ਼ੁਕ ਸਿਹਤ ਵਾਲੇ ਵਿਅਕਤੀਆਂ ਲਈ ਸਿਹਤ ਕਰਮਚਾਰੀ ਦੀ ਭੂਮਿਕਾ ਵਿਚ ਹੋਵੇ ਜਾਂ
-ਪ੍ਰਾਇਮਰੀ ਉਦਯੋਗ (ਡੇਅਰੀ ਉਦਯੋਗ, ਗਾਂ ਤੇ ਭੇਡ ਫਾਰਮ, ਜੰਗਲਾਤ, ਜਾਨਵਰ ਦੇਖ-ਭਾਲ, ਸਾਇੰਸ ਤੇ ਖੋਜ਼, ਮੱਛੀ ਤੇ ਹਾਰਟੀਕਲਚਰ ਆਦਿ) ਦੇ ਵਿਚ ਖਾਸ ਰੋਲ ਅਦਾ ਕਰ ਰਿਹਾ ਹੋਵੇ।
ਇਸ ਵੀਜ਼ੇ ਵਾਸਤੇ ਉਹ ਲੋਕ ਵੀ ਯੋਗ ਹੋਣਗੇ ਜੋ ਇਥੇ ਨਾਜ਼ੁਕ ਸਥਿਤੀਆਂ ਦੇ ਲਈ ਕਾਮੇ ਵਜੋਂ 31 ਜੁਲਾਈ 2022 ਤੱਕ ਘੱਟੋ ਘੱਟ 6 ਮਹੀਨਿਆਂ ਲਈ ਆਉਣਗੇ, ਉਨ੍ਹਾਂ ਦੇ ਪਰਿਵਾਰਕ ਮੈਂਬਰ ਸਕੀਮ ਵਿਚ ਸ਼ਾਮਿਲ ਹੋਣਗੇ। ਵੀਜ਼ਾ ਧਾਰਕ ਆਪਣੇ ਪਾਰਟਨਰ ਅਤੇ ਛੋਟੇ ਬੱਚਿਆਂ (ਜੋ ਉਨ੍ਹਾਂ ’ਤੇ ਅਧਾਰਿਤ ਹਨ) ਨੂੰ ਅਰਜ਼ੀ ਦੇ ਨਾਲ ਸ਼ਾਮਿਲ ਕਰ ਸਕਦਾ ਹੈ।
ਸਰਕਾਰ ਨੇ ਵਚਨਬੱਧਤਾ ਪ੍ਰਗਟਾਈ ਹੈ ਕਿ ਅਸੀਂ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮੁੜ ਤੋਂ ਸੰਤੁਲਿਨ ਕਰ ਰਹੇ ਹਾਂ ਜਿਸ ਦੇ ਵਿਚ ਲੋਕ ਇਥੇ ਕੰਮ ਕਰਨ ਆ ਸਕਣ, ਪੜ੍ਹਾਈ ਵਾਸਤੇ ਆ ਸਕਣ ਅਤੇ ਨਿਊਜ਼ੀਲੈਂਡ ਆ ਕੇ ਰਹਿ ਸਕਣ ਜਦੋਂ ਵੀ ਸਰਹੱਦਾਂ ਖੁੱਲ੍ਹ ਜਾਣ। 2021 ਰੈਜੀਡੈਂਟ ਵੀਜ਼ਾ ਵੀ ਉਸੇ ਦਾ ਇਕ ਹਿੱਸਾ ਹੈ। ਪਰ ਉਦਯੋਗਾਂ ਅਤੇ ਰੁਜ਼ਗਾਰ ਮਾਲਕਾਂ ਨੂੰ ਸਪਸ਼ਟ ਸੰਦੇਸ਼ ਵੀ ਹੈ ਕਿ ਉਨ੍ਹਾਂ ਨੂੰ ਲੋਚਦਾਰ ਕਰਮਚਾਰੀਆਂ ਦੇ ਨਿਰਮਾਣ ਅਤੇ ਸਥਾਨਕ ਕਾਮਿਆਂ ਨੂੰ ਆਕਰਸ਼ਿਤ ਕਰਨ, ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣ ਅਤੇ ਘੱਟ ਹੁਨਰਮੰਦ ਪ੍ਰਵਾਸੀ ਮਜ਼ਦੂਰਾਂ ’ਤੇ ਨਿਰਭਰਤਾ ਘਟਾਉਣ ਦੇ ਤਰੀਕੇ ਲੱਭਣ ਦੀ ਵੀ ਜ਼ਰੂਰਤ ਹੈ। ਵੀਜ਼ਾ ਅਰਜ਼ੀਆਂ ਦੋ ਗੇੜਾਂ ਵਿਚ ਖੋਲ੍ਹੀਆਂ ਜਾਣਗੀਆਂ ਪਹਿਲਾ ਗੇੜ 1 ਦਸੰਬਰ 2021 ਨੂੰ ਅਤੇ ਦੂਜਾ ਗੇੜ 1 ਮਾਰਚ 2022 ਨੂੰ ਸ਼ੁਰੂ ਹੋਵੇਗਾ। ਅਰਜ਼ੀਆਂ 31 ਜੁਲਾਈ 2022 ਤੱਕ ਦਿੱਤੀਆਂ ਜਾ ਸਕਣੀਆਂ। ਇਮੀਗ੍ਰੇਸ਼ਨ ਯੋਗ ਉਮੀਦਵਾਰਾਂ ਨਾਲ ਅਕਤੂਬਰ ਮਹੀਨੇ ਦੇ ਅੰਤ ਤੱਕ ਹੋਰ ਜਿਆਦਾ ਜਾਣਕਾਰੀ ਦੇ ਨਾਲ ਸੰਪਰਕ ਕਰੇਗੀ ਤਾਂ ਕਿ ਉਹ 1 ਦਸੰਬਰ ਨੂੰ ਆਪਣੀਆਂ ਅਰਜ਼ੀਆਂ ਦਾਖਲ ਕਰ ਸਕਣ। ਅਰਜ਼ੀ ਲਗਾਉਣ ਵੇਲੇ ਵੀਜ਼ਾ ਧਾਰਕ ਨਿਊਜ਼ੀਲੈਂਡ ਹੋਣਾ ਚਾਹੀਦਾ ਹੈ। ਇਸ ਸਕੀਮ ਦੇ ਵਿਚ ਥੋੜ ਸਮਾਂ ਵੀਜ਼ਾ ਜਿਵੇਂ ਵਿਜ਼ਟਰ ਵੀਜਾ, ਵਿਦਿਆਰਥੀ ਵੀਜ਼ਾ, ਛੁੱਟੀਆਂ ਦੌਰਾਨ ਕੰਮ, ਅਤੇ ਸੀਜ਼ਨਲ ਇੰਪਲਾਇਰ ਵਰਕਰਜ਼ ਸ਼ਾਮਿਲ ਨਹੀਂ ਹਨ।
ਮਿਤੀ 1 ਦਸੰਬਰ 2021 ਤੋਂ ਜਿਹੜੇ ਲੋਕਾਂ ਨੇ ਸਕਿੱਲਡ ਮਾਈਗ੍ਰਾਂਟ ਕੈਟਾਗਿਰੀ ਜਾਂ ਰੈਜੀਡੈਂਸੀ ਫਰੌਮ ਵਰਕ ਵੀ ਅਪਲਾਈ ਕਰ ਸਕਣਗੇ ਉਹ ਵੀ ਆਪਣੇ ’ਤੇ ਨਿਰਭਰ ਬੱਚਿਆਂ ਸਮੇਤ ਜਾਂ ਵੱਡੇ ਜਿਨ੍ਹਾਂ ਕੋਲ ਪਹਿਲਾਂ ਹੀ ਸਕਿੱਲਡ ਮਾਈਗ੍ਰਾਂਟ ਕੈਟਾਗਿਰੀ ਤਹਿਤ ਐਕਸਪ੍ਰੈਸ਼ਨ ਆਫ ਇੰਟਰਸਟ ਹੈ। ਆਪਣੀ ਯੋਗਤਾ ਚੈਕ ਕਰਨ ਵਾਸਤੇ ਇਕ ਆਨ ਲਾਈਨ ਚੈਕਰ ਵੀ ਇਮੀਗ੍ਰੇਸ਼ਨ ਦੀ ਵੈਬਸਾਈਟ ਉਤੇ ਬਣਾਇਆ ਗਿਆ ਹੈ, ਇਹ ਸਿਰਫ ਰੁਝਾਨ ਦੱਸਣ ਵਾਸਤੇ ਹੈ ਅਤੇ ਤੁਹਾਡੀ ਯੋਗਤਾ ਦੀ ਪੁਸ਼ਟੀ ਨਹੀਂ ਕਰੇਗਾ।