ਗਾਇਕੀ ਤੇ ਅਦਾਕਾਰੀ ਦੇ ਖ਼ੇਤਰ ‘ਚ ਵੱਡੀਆਂ ਮੱਲਾਂ ਮਾਰਨ ਵਾਲੇ ਪੰਜਾਬੀ ਗਾਇਕ, ਗੀਤਕਾਰ ਅਤੇ ਪ੍ਰੋਡਿਊਸਰ ਤਰਸੇਮ ਜੱਸੜ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 4 ਜੁਲਾਈ 1986 ਨੂੰ ਹੋਇਆ ਸੀ। ਤਰਸੇਮ ਜੱਸੜ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ।
ਉਨ੍ਹਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਸੋਬਰ ਸਟਾਈਲ ਹੀ ਉਨ੍ਹਾਂ ਨੂੰ ਪਸੰਦ ਹਨ। ਇੱਕ ਇੰਟਰਵਿਊ ਦੌਰਾਨ ਤਰਸੇਮ ਜੱਸੜ ਨੇ ਦੱਸਿਆ ਸੀ ਕਿ ਜੋ ਉਨ੍ਹਾਂ ਦੇ ਕਾਲਜ ਸਮੇਂ ਪੱਗ ਬੰਨਣ ਜਾਂ ਕੱਪੜੇ ਪਾਉਣ ਦਾ ਸਟਾਈਲ ਸੀ ਉਹੀ ਅੱਜ ਉਨ੍ਹਾਂ ਦਾ ਸਟਾਈਲ ਹੈ। ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕਾਫ਼ੀ ਨਾਂ ਕਮਾਇਆ ਹੈ। ‘ਸਰਦਾਰ ਮੁਹੰਮਦ’, ‘ਰੱਬ ਦਾ ਰੇਡੀਓ’, ‘ਅਫ਼ਸਰ’ ਸਣੇ ਕਈ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨਾਲ ਦਿਲ ਜਿੱਤਿਆ ਹੈ। ਤਰਸੇਮ ਜੱਸੜ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ ‘ਚ ਰਹਿੰਦੇ ਹਨ।
ਤਿੰਨ ਭੈਣਾਂ ਦੇ ਭਰਾ ਤਰਸੇਮ ਜੱਸੜ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬੇਹੱਦ ਸਫ਼ਾਈ ਪਸੰਦ ਹਨ ਅਤੇ ਆਪਣੇ ਵਿਹਲੇ ਸਮੇਂ ‘ਚ ਉਹ ਆਪਣੀ ਗੱਡੀ ਨੂੰ ਸਾਫ਼ ਕਰਦੇ ਹਨ ਅਤੇ ਇਸ ਤੋਂ ਇਲਾਵਾ ਬਾਗਵਾਨੀ ਦੇ ਵੀ ਬੇਹੱਦ ਸ਼ੌਂਕੀਨ ਹਨ। ਉਹ ਗੋਡੀ ਕਰਨ ਅਤੇ ਹੋਰ ਪੌਦਿਆਂ ਦੀ ਦੇਖਭਾਲ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ।
ਤਰਸੇਮ ਜੱਸੜ ਨੂੰ ਸਭ ਤੋਂ ਔਖਾ ਕੰਮ ਲੱਗਦਾ ਹੈ ਪ੍ਰਮੋਸ਼ਨ ਦਾ, ਆਪਣੀ ਕਿਸੇ ਵੀ ਫ਼ਿਲਮ ਜਾਂ ਗੀਤ ਦੀ ਪ੍ਰਮੋਸ਼ਨ ਕਰਨਾ ਉਨ੍ਹਾਂ ਨੂੰ ਬਹੁਤ ਹੀ ਔਖਾ ਲੱਗਦਾ ਹੈ।ਇਸੇ ਦੌਰਾਨ ਤਰਸੇਮ ਜੱਸੜ ਨੇ ਆਪਣੇ ਅਜਿਹੇ ਗੀਤਾਂ ਬਾਰੇ ਦੱਸਿਆ, ਜਿਨ੍ਹਾਂ ਨੂੰ ਯਾਦ ਕਰਕੇ ਉਹ ਅਕਸਰ ਰੋ ਪੈਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਕਦੇ ਵੀ ਪੈਸੇ ਲੈ ਕੇ ਗੀਤ ਨਹੀਂ ਲਿਖਦੇ।ਜੇ ਕੋਈ ਉਨ੍ਹਾਂ ਨੂੰ ਕਿਸੇ ਵਿਸ਼ੇ ‘ਤੇ ਕੁਝ ਖ਼ਾਸ ਲਿਖਣ ਲਈ ਆਖੇ ਤਾਂ ਉਹ ਲਿਖ ਨਹੀਂ ਸਕਦੇ। ਆਪਣੇ ਕੁਝ ਗੀਤ ਜੋ ਉਨ੍ਹਾਂ ਦੇ ਦਿਲ ਦੇ ਬੇਹੱਦ ਕਰੀਬ ਹਨ, ਉਨ੍ਹਾਂ ਬਾਰੇ ਗੱਲਬਾਤ ਕਰਦੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ। ਤਰਸੇਮ ਜੱਸੜ ਨੇ ਦੱਸਿਆ ਕਿ ‘ਰੱਬ ਦਾ ਰੇਡੀਓ’ ਫ਼ਿਲਮ ਲਈ ਜੋ ਗੀਤ ਲਿਖੇ, ਉਹ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਗੀਤ ਹਨ, ਜਿਨ੍ਹਾਂ ਨੂੰ ਲੈ ਕੇ ਉਹ ਅਕਸਰ ਭਾਵੁਕ ਹੋ ਜਾਂਦੇ ਹਨ।ਦੱਸਣਯੋਗ ਹੈ ਕਿ ਤਰਸੇਮ ਜੱਸੜ ‘ਊੜਾ ਆੜਾ’, ‘ਰੱਬ ਦਾ ਰੇਡੀਓ’, ‘ਦਾਣਾ ਪਾਣੀ’, ‘ਸਰਦਾਰ ਮੁਹੰਮਦ’, ‘ਰੱਬ ਦਾ ਰੇਡੀਓ 2’, ‘ਅਫ਼ਸਰ’ ਅਤੇ ‘ਗਲਵਕੜੀ’ ਵਰਗੀਆਂ ਫਿਲਮਾਂ ‘ਚ ਸ਼ਾਨਦਾਰ ਅਭਿਨੈ ਨਿਭਾ ਚੁੱਕੇ ਹਨ।