ਕੈਨੇਡਾ ਪ੍ਰਵਾਸੀਆਂ ਲਈ ਦੁਨੀਆ ਦੇ ਸਭ ਤੋਂ ਵਧੀਆ ਦੇਸ਼ਾਂ ਵਿਚੋਂ ਇਕ ਹੈ। ਕੈਨੇਡਾ ਸਰਕਾਰ ਯੋਗਤਾ ਪ੍ਰਾਪਤ ਵਿਦਿਆਰਥੀਆਂ, ਹੁਨਰਮੰਦ ਪੇਸ਼ੇਵਰਾਂ, ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨੂੰ ਬਹੁਤ ਸਾਰੇ ਇਮੀਗ੍ਰੇਸ਼ਨ ਵਿਕਲਪ ਦੇਣ ਦੀ ਜਾਂ ਕੰਮ ਦੇਣ ਦੀ ਪੇਸ਼ਕਸ਼ ਕਰਦੀ ਰਹਿੰਦੀ ਹੈ। ਵੈਸੇ ਵੀ ਹਰ ਕੋਈ ਕੈਨੇਡਾ ਜਾ ਕੇ ਅਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਅਤੇ ਹੁਣ ਕੈਨੇਡਾ ਜਾਣ ਦਾ ਉਹਨਾਂ ਲਈ ਇਹ ਸੁਨਹਿਰੀ ਮੌਕਾ ਹੈ। ਫਿਰ ਚਾਹੇ ਉਹ ਕਿਸੇ ਵੀ ਫੀਲਡ ਲਈ ਕੰਮ ਕਰਦੇ ਹੋਣ।
ਅੱਜ-ਕੱਲ੍ਹ ਹਰ ਵਿਅਕਤੀ ਆਪਣੇ ਸੁਨਹਿਰੀ ਭਵਿੱਖ ਲਈ ਵਿਦੇਸ਼ ਜਾ ਕੇ ਵੱਸਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਕੁੱਝ ਲੋਕ ਵਿਦੇਸ਼ ਜਾਣ ਲਈ ਗਲਤ ਤਰੀਕਿਆਂ ਦਾ ਇਸਤੇਮਾਲ ਕਰਕੇ ਬਾਰਡਰ ਟੱਪਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇਕਰ ਗੱਲ ਕਰੀਏ ਪੜ੍ਹਾਈ ਦੀ ਤਾਂ ਅਨੇਕਾਂ ਹੀ ਵਿਦਿਆਰਥੀ ਕੈਨੇਡਾ ਵਿਚ ਪੜ੍ਹਾਈ ਕਰਕੇ ਆਪਣਾ ਭਵਿੱਖ ਬਣਾ ਚੁੱਕੇ ਹਨ, ਜਿਸ ਵਿਚ ਜ਼ਿਆਦਾਤਰ ਗਿਣਤੀ ਭਾਰਤੀਆਂ ਦੀ ਹੈ।
ਭਾਰਤ ਤੋਂ ਹਰ ਸਾਲ ਲੱਖਾਂ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਜਾਂਦੇ ਹਨ ਅਤੇ ਕਨੇਡਾ ਵਰਗੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜਬੂਤ ਬਣਾਈ ਰੱਖਣ ਵਿਚ ਯੋਗਦਾਨ ਪਾਉਂਦੇ ਹਨ, ਜਿਸ ਕਾਰਨ ਕੈਨੇਡਾ ਨੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਿਯਮਾਂ ਵਿਚ ਕਾਫ਼ੀ ਢਿੱਲ ਵੀ ਦਿੱਤੀ ਹੋਈ ਹੈ ਤਾਂ ਕਿ ਉਹ ਸਹੀ ਤਰੀਕੇ ਨਾਲ ਆਪਣਾ ਭਵਿੱਖ ਬਣਾ ਸਕਣ। ਵਿਦਿਆਰਥੀ ਕੈਨੇਡਾ ਲਈ ਸਟੱਡੀ ਵੀਜ਼ਾ ਆਈਲੈਟਸ ਨਾਲ ਜਾਂ ਬਿਨਾਂ ਆਈਲੈਟਸ ਦੇ ਵੀ ਅਪਲਾਈ ਕਰ ਸਕਦੇ ਹਨ। ਵਿਦੇਸ਼ ਪੜ੍ਹਨ ਦਾ ਬਹੁਤ ਮਹੱਤਵ ਹੈ, ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਅਤੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਯੋਗ ਹੋ ਸਕਦੇ ਹਨ, ਜੋ ਉਨ੍ਹਾਂ ਨੂੰ ਸਥਾਈ ਨਿਵਾਸ ਵੱਲ ਲੈ ਜਾਂਦੇ ਹਨ। ਇਕ ਯੋਗ ਅਧਿਐਨ ਪਰਮਿਟ ‘ਤੇ ਕੈਨੇਡਾ ਵਿਚ ਵਿਦਿਆਰਥੀ ਸਕੂਲ ਸਾਲ ਦੌਰਾਨ 20 ਘੰਟੇ ਪ੍ਰਤੀ ਹਫ਼ਤਾ ਅਤੇ ਤਹਿ ਕੀਤੇ ਬਰੇਕ ਤੇ ਪੂਰੇ ਸਮੇਂ ਲਈ ਕੰਮ ਕਰ ਸਕਦੇ ਹਨ | ਉਨ੍ਹਾਂ ਕੋਲ ਆਪਣੇ ਲਈ ਜਾਂ ਮਾਲਕ ਲਈ ਕੰਮ ਕਰਨ ਦਾ ਵਿਕਲਪ ਹੁੰਦਾ ਹੈ।