ਫ਼ਿਲਮ ਮੂਸਾ ਜੱਟ ਬੈਨ ਹੋਣ ’ਤੇ ਬੋਲੇ ਜਰਨੈਲ ਸਿੰਘ- ‘ਜੋ ਗਲਤੀ ਕੀਤੀ ਨਹੀਂ ਉਸ ਦੀ ਮੁਆਫ਼ੀ ਕਿਉ ਮੰਗੀਏ’

0
273

ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲੇ (Sidhu Moosewala) ਦੀ ਫ਼ਿਲਮ ‘ਮੂਸਾ ਜੱਟ’ (Moosa Jatt) ਬੈਨ ਹੋਣ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਹ ਇਲਜ਼ਾਮ ਵੀ ਲਗਾਏ ਜਾ ਰਹੇ ਹਨ ਕਿ ‘ਚੱਲ ਮੇਰਾ ਪੁੱਤ-3’ (Chal Mera Putt 3) ਰਿਲੀਜ਼ ਹੋਣ ਕਰ ਕੇ ਹੀ ਮੂਸਾ ਜੱਟ ਬੈਨ (Ban) ਕੀਤੀ ਗਈ ਹੈ। ਇਸ ਸਾਰੇ ਮਾਮਲੇ ਦੇ ਸੰਬੰਧ ਵਿਚ ਰੋਜ਼ਾਨਾ ਸਪੋਕਮੈਨ ਨੇ ਪੰਜਾਬੀ ਫ਼ਿਲਮ ਕਲਾਕਾਰ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਪੰਜਾਬੀ ਫ਼ਿਲਮਾਂ ਨੂੰ ਬਹੁਤ ਸੋਹਣਾ ਕੰਟੇਂਟ (Content) ਦਿੱਤਾ ਹੈ ਅਤੇ ਆਪਣੀ ਕਲਾ ਸਦਕਾ ਇਸ ਇੰਡਸਟਰੀ ਵਿਚ ਨਾਮ ਕਮਾਇਆ ਹੈ।

ਦਰਅਸਲ, ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਚੱਲ ਮੇਰਾ ਪੁੱਤ-3 ਆਉਣ ਕਾਰਨ ਮੂਸਾ ਜੱਟ ਬੈਨ ਕੀਤੀ ਗਈ ਹੈ, ਜਿਸ ’ਤੇ ਸਪਸ਼ਟੀਕਰਨ ਦਿੰਦੇ ਹੋਏ ਜਰਨੈਲ ਸਿਘ ਨੇ ਕਿਹਾ ਕਿ, “ਦਰਸ਼ਕ ਜਾਣਦੇ ਹਨ ਕੋਣ ਕਿਦਾਂ ਦਾ ਹੈ ਅਤੇ ਇਸ ਸਭ ਤੋਂ ਬਾਅਦ ਸਾਨੂੰ ਬਹੁਤ ਫੋਨ ਵੀ ਆਏ ਪਰ ਅਸੀਂ ਕੋਈ ਪ੍ਰਤੀਕਰਮ ਨਹੀਂ ਦਿੱਤਾ ਕਿਉਂਕਿ ਜਦ ਕੋਈ ਗੁਨਾਹ ਹੀ ਨਹੀਂ ਕੀਤਾ ਤਾਂ ਮੁਆਫ਼ੀ ਕਿਉਂ ਮੰਗਣੀ।” ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਦੁਨਿਆ ਦਾ ਇੱਕ ਬਹੁਤ ਪਸੰਦ ਕੀਤੇ ਜਾਣ ਵਾਲਾ ਕਲਾਕਾਰ ਹੈ। ਉਸ ਨੇ ਹੇਠਾਂ ਤੋਂ ਉੱਠ ਕੇ ਬਹੁਤ ਉੱਚਾਈਆਂ ਹਾਸਲ ਕੀਤੀਆਂ ਹਨ, ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਹੈ।”

ਮੂਸਾ ਜੱਟ ਫ਼ਿਲਮ ਦੇ ਬੈਨ ਹੋਣ ਨੂੰ ਲੈ ਕੇ ਉਨ੍ਹਾਂ ਅੱਗੇ ਦੱਸਿਆ ਕਿ, “ਸੈਂਸਰ ਬੋਰਡ ਕਿਸੇ ਦਾ ਸਕਾ ਨਹੀਂ ਹੈ ਅਤੇ ਉਨ੍ਹਾਂ ਦਾ ਇੱਕ ਆਪਣਾ ਫਾਰਮੇਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਹਿੰਸਾ ਜਾਂ ਸਰਕਾਰ ਦੇ ਉਲਟ ਕੁਝ ਦਿਖਾਉਂਦਾ ਹੈ, ਖਾਸ ਕਰ ਕੇ ਪੰਜਾਬੀ ਤਾਂ ਉਹ ਕੱਟ ਲਗਾ ਦਿੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਸਿੱਧੂ ਦੀ ਫ਼ਿਲਮ ’ਤੇ ਬੈਨ ਨਹੀਂ, ਕੱਟ ਲੱਗਾ ਹੈ। ਕਿਸੇ ਵੱਲੋਂ ਕੋਈ ਸ਼ਿਕਾਇਤ ਜਾਂ ਚਿੱਠੀ ਦੇਣ ਕਾਰਨ ਇਹ ਸਮੱਸਿਆ ਨਹੀਂ ਆਈ ਹੈ। ਅਸੀਂ ਪਰਮਾਤਮਾ ਅੱਗੇ ਸੱਚੇ ਦਿਲੋਂ ਇਹੀ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਫ਼ਿਲਮ ਵਿਦੇਸ਼ਾਂ ’ਚ ਰਿਲੀਜ਼ ਹੋਈ ਹੈ ਅਤੇ ਬਹੁਤ ਵੱਡਾ ਕਾਰੋਬਾਰ ਕਰੇ।”

ਹਾਲ ਹੀ ਵਿਚ ਰਿਲੀਜ਼ ਹੋਈ ਉਨ੍ਹਾਂ ਦੀ ਫ਼ਿਲਮ ‘ਚੱਲ ਮੇਰਾ ਪੁੱਤ-3’ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਫ਼ਿਲਮ ਦਾ ਸਫ਼ਲ ਹੋਣਾ ਪੂਰੀ ਟੀਮ ਦੇ ਭਰੋਸੇ ’ਤੇ ਹੀ ਨਿਰਭਰ ਕਰਦਾ ਹੈ। ਇਸ ਦੇ ਨਾਲ ਹੀ ਸਭ ਜਾਣਦੇ ਹਨ, ਅਮਰਿੰਦਰ ਗਿੱਲ (Amrinder Gill) ਸੋਸ਼ਲ ਮੀਡੀਆ ਤੋਂ ਥੋੜਾ ਦੂਰ ਹੀ ਰਹਿੰਦੇ ਹਨ, ਪਰ ਫਿਰ ਵੀ ਲੋਕਾਂ ਵੱਲੋਂ ਉਨ੍ਹਾਂ ਨੂੰ ਇਨ੍ਹਾਂ ਪਿਆਰ ਕੀਤਾ ਜਾਂਦਾ ਹੈ। ਇਸ ’ਤੇ ਜਰਨੈਲ ਸਿੰਘ ਵੱਲੋਂ ਕਿਹਾ ਕਿ, “ਲੋਕ ਫ਼ਿਲਮ ਦੇ ਪੋਸਟਰ ’ਤੇ ਅਮਰਿੰਦਰ ਗਿੱਲ ਦੀ ਫੋਟੋ ਦੇਖ ਕੇ ਹੀ ਫ਼ਿਲਮ ਦੇਖਣ ਨੂੰ ਤਿਆਰ ਹੋ ਜਾਂਦੇ ਹਨ। ਜਦ ਬਜ਼ੁਰਗ ਵੀ ਇਹ ਦੇਖ ਕੇ ਕਹਿੰਦੇ ਹਨ ਕਿ ਇਹ ਫ਼ਿਲਮ ਪਰਿਵਾਰਕ ਹੈ ਅਤੇ ਅਸੀਂ ਆਪਣੇ ਘਰ ਦੀਆਂ ਬੱਚੀਆਂ ਨਾਲ ਬੈਠ ਕੇ ਇਹ ਦੇਖ ਸਕਦੇ ਹਾਂ, ਤਾਂ ਉਹ ਬਹੁਤ ਵੱਡੀ ਗੱਲ ਹੈ। ਅਮਰਿੰਦਰ ਗਿੱਲ ਬਹੁਤ ਹੀ ਸਕਾਰਾਤਮਕ ਇਨਸਾਨ ਹਨ, ਇਹੀ ਇਸ ਫ਼ਿਲਮ ਦੀ ਜਾਨ ਹੈ।”

ਇਸ ਦੇ ਨਾਲ ਹੀ ਪਾਕਿਸਤਾਨੀ ਕਲਾਕਾਰਾਂ ਨੂੰ ਫ਼ਿਲਮ ਵਿਚ ਲੈਣ ਦੀ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ, “ਪਾਕਿਸਤਾਨੀ ਕਲਾਕਾਰਾਂ ਨੂੰ ਫ਼ਿਲਮ ਵਿਚ ਲੈਣਾ ਹਿੰਮਤ ਦੀ ਗੱਲ ਹੈ। ਅੱਜ ਤੱਕ ਕਿਸੇ ਹੋਰ ਨੇ ਨਹੀਂ ਲਿਆ, ਇਕੱਲਾ ਰਿਧਮ ਬੁਆਏਜ਼ (Rythm Boyz Production Company) ਨੇ ਹੀ ਕਿਉਂ ਲਿਆ? ਉਨ੍ਹਾਂ ਨੂੰ ਲੈਣ ਪਿੱਛੇ ਇੱਕ ਸੋਚ ਸੀ ਕਿ ਜੋ ਦੋਵਾਂ ਪੰਜਾਬਾਂ (Punjab and Pakistan) ਵਿਚ ਲੀਕ ਹੈ ਉਹ ਸਿਰਫ਼ ਜ਼ਮੀਨ ਉੱਤੇ ਹੀ ਰਹੇ, ਨਾ ਕਿ ਕਲਾਕਾਰਾਂ, ਕਲਾ ਜਾਂ ਭਾਸ਼ਾ ਵਿਚ।

ਜਰਨੈਲ ਸਿੰਘ ਵੱਲੋਂ ਆਪਣੀ ਫ਼ਿਲਮਾਂ ਨੂੰ ਹਾਂ ਕਰਨ ਦਾ ਕਾਰਨ ਵੀ ਦੱਸਿਆ ਗਿਆ ਹੈ, ਉਨ੍ਹਾਂ ਕਿਹਾ, “ਮੇਰੀ ਜੋ ਦਿੱਖ ਹੈ, ਸਰੂਪ ਹੈ, ਜੋ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਮੈਂ ਉਸ ਨੂੰ ਧਿਆਨ ਵਿਚ ਰੱਖ ਕੇ ਹੀ ਕਿਰਦਾਰ ਚੁਣਦਾ ਹਾਂ, ਤਾਂ ਜੋ ਇਹ ਮੇਰੀ ਦਿਖ ਨੂੰ ਖ਼ਰਾਬ ਨਾ ਕਰੇ। ਉਨ੍ਹਾਂ ਇਸ ਤੋਂ ਬਾਅਦ ਕਿਹਾ ਕਿ ਸਾਰੀ ਇੰਡਸਟਰੀ ਇੱਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਗਿਲ੍ਹੇ-ਛਿਕਵੇ ਤਾਂ ਚੱਲਦੇ ਰਹਿੰਦੇ ਹਨ। ਪੰਜਾਬੀ ਸਿਨੇਮਾ ਨੂੰ ਇਨ੍ਹਾਂ ਪਿਆਰ ਦੇਣ ਲਈ ਉਨ੍ਹਾਂ ਦਰਸ਼ਕਾਂ ਦਾ ਬਹੁਤ ਧੰਨਵਾਦ ਵੀ ਕੀਤਾ।