ਜਾਣੋ ਰਿਤਿਕ ਰੋਸ਼ਨ ਦੀ ਪ੍ਰੇਮਿਕਾ ਸਬਾ ਗਰੇਵਾਲ ਉਰਫ ਸਬਾ ਆਜ਼ਾਦ ਕੌਣ ਹੈ

0
1925

ਅਦਾਕਾਰ ਰਿਤਿਕ ਰੋਸ਼ਨ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ ਅਤੇ ਇਸ ਦਾ ਕਾਰਨ ਹੈ ਉਨ੍ਹਾਂ ਦੀ ਦੋਸਤ ਸਬਾ ਆਜ਼ਾਦ। ਰਿਤਿਕ ਰੋਸ਼ਨ ਅਤੇ ਸਬਾ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਇੱਕ-ਦੂਜੇ ਦਾ ਹੱਥ ਫੜ੍ਹੀ ਨਜ਼ਰ ਆਏ ਸਨ।

ਫਿਲਮ ‘ਕਹੋ ਨਾ ਪਿਆਰ ਹੈ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਰਿਤਿਕ ਨੂੰ ਹਿੰਦੀ ਫਿਲਮ ਜਗਤ ਦੇ ਸਭ ਤੋਂ ਖੂਬਸੂਰਤ ਅਦਾਕਾਰਾਂ ‘ਚੋਂ ਗਿਣਿਆ ਜਾਂਦਾ ਹੈ।ਸਾਲ 2000 ਵਿੱਚ ਉਨ੍ਹਾਂ ਨੇ ਆਪਣੀ ਪ੍ਰੇਮਿਕਾ ਸੁਜ਼ੈਨ ਖਾਨ ਨਾਲ ਵਿਆਹ ਕੀਤਾ ਅਤੇ ਫਿਰ ਸਾਲ 2014 ਵਿੱਚ ਦੋਵੇਂ ਆਪਸੀ ਸਹਿਮਤੀ ਨਾਲ ਵੱਖ ਹੋ ਗਏ।

ਹਾਲਾਂਕਿ, ਇਸ ਤੋਂ ਬਾਅਦ ਵੀ ਰਿਤਿਕ ਅਤੇ ਸੁਜ਼ੈਨ ਨੂੰ ਕਈ ਮੌਕਿਆਂ ‘ਤੇ ਇੱਕ-ਦੂਜੇ ਨਾਲ ਦੇਖਿਆ ਗਿਆ। ਪਰ ਪਿਛਲੇ ਕੁਝ ਸਮੇਂ ਤੋਂ ਸਬਾ ਆਜ਼ਾਦ ਨਾਲ ਉਨ੍ਹਾਂ ਦੀ ਦੋਸਤੀ ਅਤੇ ਰਿਸ਼ਤੇ ਦੀ ਚਰਚਾ ਹੋਣ ਲੱਗੀ ਹੈ।ਸਬਾ ਆਜ਼ਾਦ ਦਾ ਨਾਮ ਰਿਤਿਕ ਨਾਲ ਸਭ ਤੋਂ ਪਹਿਲਾਂ ਉਸ ਸਮੇਂ ਜੁੜਿਆ ਜਦੋਂ ਰਿਤਿਕ ਰੋਸ਼ਨ ਦੇ ਚਾਚਾ ਰਾਜੇਸ਼ ਰੋਸ਼ਨ ਨੇ ਰੋਸ਼ਨ ਪਰਿਵਾਰ ਦੇ ਇੱਕ ਪਰਿਵਾਰਕ ਸਮਾਗਮ ਦੀ ਇੱਕ ਫੋਟੋ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਤਸਵੀਰ ਵਿੱਚ ਸਬਾ ਆਜ਼ਾਦ ਵੀ ਪਰਿਵਾਰ ਦੇ ਨਾਲ ਨਜ਼ਰ ਆਏ ਸਨ।

ਰਿਤਿਕ ਰੋਸ਼ਨ ਨੂੰ ਅਕਸਰ ਸਬਾ ਦੇ ਸੋਸ਼ਲ ਮੀਡੀਆ ‘ਤੇ ਕੁਮੈਂਟ ਕਰਦੇ ਵੀ ਵੇਖਿਆ ਗਿਆ।ਸਬਾ ਆਜ਼ਾਦ ਦਾ ਅਸਲੀ ਨਾਂ ਸਬਾ ਸਿੰਘ ਗਰੇਵਾਲ ਹੈ। ਉਨ੍ਹਾਂ ਦਾ ਜਨਮ 1 ਨਵੰਬਰ 1990 ਨੂੰ ਦਿੱਲੀ ‘ਚ ਪੰਜਾਬੀ ਅਤੇ ਕਸ਼ਮੀਰੀ ਮਾਪਿਆਂ ਦੇ ਘਰ ਹੋਇਆ।

ਸਬਾ ਨੇ ਸੋਸ਼ਲ ਮੀਡੀਆ ‘ਤੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣਾ ਨਾਂਅ ਸਬਾ ‘ਆਜ਼ਾਦ’ ਇਸ ਲਈ ਰੱਖਿਆ ਕਿਉਂਕਿ ਉਹ ਆਪਣੇ ਆਪ ਨੂੰ ਕਿਸੇ ਵੀ ਤਰ੍ਹਾਂ ਦੇ ਟੈਗ ਤੋਂ ਮੁਕਤ ਰੱਖਣਾ ਚਾਹੁੰਦੀ ਹੈ ਅਤੇ ਆਪਣੀ ਪਛਾਣ ਬਣਾਉਣਾ ਚਾਹੁੰਦੀ ਹੈ।ਉਨ੍ਹਾਂ ਦੇ ਨਾਂ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਗਿਆ ਸੀ। ਉਹ ਥੀਏਟਰ ਜਗਤ ਦੇ ਜਾਣੇ ਪਛਾਣੇ ਕਮਿਊਨਿਸਟ ਲੇਖਕ-ਨਿਰਦੇਸ਼ਕ ਸਫ਼ਦਰ ਹਾਸ਼ਮੀ ਦੀ ਭਾਣਜੀ ਹਨ।

ਸਬਾ ਬਚਪਨ ਤੋਂ ਹੀ ਆਪਣੇ ਮਾਮਾ ਜੀ ਦੇ ਥੀਏਟਰ ਗਰੁੱਪ ਸਫ਼ਦਰ ਜਨ ਨਾਟਿਆ ਮੰਚ ਨਾਲ ਜੁੜੀ ਹੈ।ਸਬਾ ਨੇ ਥੀਏਟਰ ਵਿੱਚ ਕਈ ਮਸ਼ਹੂਰ ਹਸਤੀਆਂ ਨਾਲ ਕੰਮ ਕੀਤਾ ਹੈ, ਜਿਸ ਵਿੱਚ ਐੱਮਕੇ ਰੈਨਾ, ਹਬੀਬ ਤਨਵੀਰ, ਜੀਪੀ ਦੇਸ਼ਪਾਂਡੇ ਅਤੇ ਐੱਨ ਕੇ ਸ਼ਰਮਾ ਸ਼ਾਮਲ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਤਰ੍ਹਾਂ ਦੇ ਡਾਂਸ ਵੀ ਸਿੱਖੇ ਹਨ ਅਤੇ ਓਡੀਸੀ ਕਲਾਸੀਕਲ ਡਾਂਸ ਵੀ ਸਿੱਖਿਆ ਹੈ।

ਉਹ ਆਪਣੀ ਮੈਂਟੋਰ ਕਿਰਨ ਸਹਿਗਲ ਨਾਲ ਵਿਦੇਸ਼ਾਂ ਵਿੱਚ ਵੀ ਪਰਫਾਰਮ ਕਰ ਚੁੱਕੇ ਹਨ।ਸਬਾ ਨੇ ਪ੍ਰਿਥਵੀ ਥੀਏਟਰ ਵਿੱਚ ਮਕਰੰਦ ਦੇਸ਼ਪਾਂਡੇ ਦੁਆਰਾ ਨਿਰਦੇਸ਼ਿਤ ‘ਟੂ ਮੈਨ ਪਲੇ’ (ਨਾਟਕ) ਵਿੱਚ ਕੰਮ ਕਰਕੇ ਮੁੰਬਈ ਵਿੱਚ ਆਪਣੇ ਕਦਮ ਰੱਖੇ।ਉਨ੍ਹਾਂ ਨੇ ਈਸ਼ਾਨ ਨਾਇਰ ਦੀ ਸ਼ਾਰਟ ਫ਼ਿਲਮ ‘ਗੁਰੂਰ’ ਨਾਲ ਆਪਣੀ ਅਦਾਕਾਰੀ ਦੀ (ਪਰਦੇ ‘ਤੇ) ਸ਼ੁਰੂਆਤ ਕੀਤੀ।ਇਸ ਫ਼ਿਲਮ ਨੂੰ ਨਿਊਯਾਰਕ ਅਤੇ ਫਲੋਰੈਂਸ ਦੇ ਕਈ ਅੰਤਰਰਾਸ਼ਟਰੀ ਫਿਲਮ ਫੇਸਟਿਵਲਜ਼ ਵਿੱਚ ਪ੍ਰਦਰਸ਼ਿਤ ਕੀਤਾ ਗਿਆ।ਹਿੰਦੀ ਫ਼ਿਲਮਾਂ ‘ਚ ਆਪਣੇ ਸਫ਼ਰ ਦੀ ਸ਼ੁਰੂਆਤ ਸਬਾ ਨੇ ਸਾਲ 2008 ਵਿੱਚ ਆਈ ਰਾਹੁਲ ਬੋਸ ਨਾਲ ਫ਼ਿਲਮ ‘ਦਿਲ ਕੱਬਡੀ’ ਨਾਲ ਕੀਤੀ।

ਸਾਲ 2011 ਵਿੱਚ ਸਬਾ ਯਸ਼ ਰਾਜ ਦੀ ਫ਼ਿਲਮ ‘ਮੁਝਸੇ ਦੋਸਤੀ ਕਰੋਗੇ’ ਵਿੱਚ ਸਾਕਿਬ ਸਲੀਮ ਨਾਲ ਨਜ਼ਰ ਆਈ।ਹਾਲ ਹੀ ‘ਚ ਉਹ ‘ਰਾਕੇਟ ਬੁਆਏਜ਼’ ਸੀਰੀਜ਼ ‘ਚ ਪਰਵਾਨਾ ਇਰਾਨੀ ਦੇ ਕਿਰਦਾਰ ‘ਚ ਨਜ਼ਰ ਆਈ, ਜਿਸ ‘ਚ ਸਬਾ ਦੀ ਕਾਫੀ ਪ੍ਰਸ਼ੰਸਾ ਵੀ ਹੋਈ ਹੈ।2010 ਵਿੱਚ ਸਬਾ ਨੇ “ਦ ਸਕਿਨ” ਨਾਮੀ ਆਪਣਾ ਥੀਏਟਰ ਗਰੁੱਪ ਵੀ ਬਣਾਇਆ।

ਇਸ ਤੋਂ ਪਹਿਲਾਂ ਸਬਾ ਨੇ ਖੁਦ ਇੱਕ ਨਾਟਕ ”ਲਵਪਿਊਕ” ਦਾ ਨਿਰਦੇਸ਼ਨ ਕੀਤਾ ਸੀ। ਇਸ ਨਾਟਕ ਦਾ ਪਹਿਲਾ ਸ਼ੋਅ ਸਤੰਬਰ 2010 ਵਿੱਚ ਮੁੰਬਈ ਦੇ ਨੈਸ਼ਨਲ ਸੈਂਟਰ ਫ਼ਾਰ ਪਰਫ਼ਾਰਮਿੰਗ ਆਰਟਸ ਐਕਸਪੈਰਿਮੇਂਟਲ ਥੀਏਟਰ ਵਿੱਚ ਹੋਇਆ ਸੀ।

ਸੰਗੀਤ ਵਿੱਚ ਦਿਲਚਸਪੀ ਰੱਖਣ ਵਾਲੀ ਸਬਾ ਨੇ ਕਈ ਹਿੰਦੀ ਫ਼ਿਲਮਾਂ ਵਿੱਚ ਗੀਤ ਵੀ ਗਾਏ ਹਨ। ਜਿਸ ਵਿੱਚ ‘ਸ਼ਾਨਦਾਰ’ ਫ਼ਿਲਮ ਦਾ “ਨੀਂਦ ਨਾ ਮੁਝਕੋ ਆਏ”, ‘ਕਾਰਵਾਂ’ ਦਾ “ਭਰਦੇ ਹਮਾਰੇ ਗਲਾਸ” ਅਤੇ ‘ਮਰਦ ਕੋ ਦਰਦ ਨਹੀਂ ਹੋਤਾ’ ਦੀ “ਨਖਰੇਵਾਲੀ” ਸ਼ਾਮਲ ਹਨ।

ਸਬਾ ਆਮਿਰ ਖਾਨ ਦੀ ਫ਼ਿਲਮ ‘ਧੂਮ’ ਦੇ ਐਂਥਮ ਗੀਤ ਦਾ ਹਿੱਸਾ ਵੀ ਰਹਿ ਚੁੱਕੀ ਹੈ। ਨਸੀਰੂਦੀਨ ਸ਼ਾਹ ਦੇ ਵੱਡੇ ਬੇਟੇ ਇਮਾਦ ਸ਼ਾਹ ਨਾਲ ਮਿਲਕੇ 2012 ਵਿੱਚ ਉਨ੍ਹਾਂ ਨੇ ਪ੍ਰਸਿੱਧ ਇਲੈਕਟ੍ਰਾਨਿਕ ਬੈਂਡ ‘ਮੇਡਬੁਆਏ ਮਿੰਕ’ ਦੀ ਸਥਾਪਨਾ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ, ਸਬਾ ਦੇ ਇਮਾਦ ਸ਼ਾਹ ਨਾਲ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ।ਪ੍ਰੇਮ ਸਬੰਧ ਖਤਮ ਹੋਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਮਿਊਜ਼ਿਕ ਬੈਂਡ ਕਾਇਮ ਰੱਖਿਆ ਅਤੇ ਦੋਵੇਂ ਇਕੱਠੇ ਕਈ ਸ਼ੋਅ ਕਰਦੇ ਨਜ਼ਰ ਆਉਂਦੇ ਹਨ।

ਸਬਾ ਨੇ, ਜਨਵਰੀ 2020 ਵਿੱਚ ਸ਼ਾਹੀਨ ਬਾਗ ਵਿੱਚ ਹੋਏ ਸੀਏਏ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ, ਜਿਸ ਵਿੱਚ ਉਨ੍ਹਾਂ ਨੇ ਇੰਡੀਆ ਪੀਪਲ ਥੀਏਟਰ ਐਸੋਸੀਏਸ਼ਨ ਦਾ ਗੀਤ “ਤੂ ਜ਼ਿੰਦਾ ਹੈ” ਗਾਇਆ ਸੀ।
ਸਬਾ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਕਵਿਤਾ ‘ਬੋਲ ਕੇ ਲਬ ਆਜ਼ਾਦ ਹੈਂ ਤੇਰੇ’ ਵੀ ਸਰੋਤਿਆਂ ਨੂੰ ਸੁਣਾਇਆ ਸੀ।