Fact Check: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ MLA ਰਹਿਣ ਸਬੰਧੀ ਨਹੀਂ ਲਈ ਕੋਈ ਪੈਨਸ਼ਨ

0
993

ਪੰਜਾਬ ਚੋਣਾਂ 2022 ਦੇ ਨਤੀਜਿਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਇੱਕ ਦਾਅਵਾ ਖੂਬ ਵਾਇਰਲ ਹੋਇਆ ਸੀ ਕਿ ਸਾਬਕਾ CM 10 ਵਾਰ MLA ਰਹਿਣ ਦੀ ਪੈਨਸ਼ਨ ਲੈਂਦੇ ਹਨ। ਇਸ ਦਾਅਵੇ ਨੂੰ ਵਾਇਰਲ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ‘ਤੇ ਕਈ ਲੋਕਾਂ ਵੱਲੋਂ ਨਿਸ਼ਾਨਾ ਸਾਧਿਆ ਗਿਆ।

ਪੜਤਾਲ ਵਿਚ ਪਾਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ MLA ਰਹਿਣ ਦੀ ਕੋਈ ਪੈਨਸ਼ਨ ਨਹੀਂ ਲਈ ਹੈ ਅਤੇ ਨਾ ਹੀ ਉਹ ਲੈਣਗੇ। ਪ੍ਰਕਾਸ਼ ਸਿੰਘ ਬਾਦਲ ਹਾਲੀਆ ਚੋਣਾਂ ਵਿਚ ਹਾਰਨ ਤੋਂ ਬਾਅਦ ਸਾਬਕਾ MLA ਬਣੇ ਹਨ, ਜਿਸਦਾ ਮਤਲਬ ਹੁੰਦਾ ਹੈ ਕਿ ਹੁਣ ਤੋਂ ਉਨ੍ਹਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋਣੀ ਸੀ ਪਰ ਦੱਸ ਦਈਏ ਕਿ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਉਹ ਸਾਬਕਾ MLA ਰਹਿਣ ਦੀ ਕੋਈ ਵੀ ਪੈਨਸ਼ਨ ਨਹੀਂ ਲੈਣਗੇ।

ਅਸੀਂ ਮਾਮਲੇ ਦੀ ਜਾਂਚ ਕਰਦੇ ਹੋਏ ਕੀਵਰਡ ਸਰਚ ਜਰੀਏ ਪੜਤਾਲ ਦੀ ਸ਼ੁਰੂਆਤ ਕੀਤੀ। ਸਾਨੂੰ ਆਪਣੀ ਸਰਚ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਅਧਿਕਾਰਿਕ ਪੇਜ ਵੱਲੋਂ 17 ਮਾਰਚ 2022 ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਪੈਨਸ਼ਨ ਸਬੰਧੀ ਪੋਸਟ ਸ਼ੇਅਰ ਕੀਤੀ ਮਿਲੀ। ਇਸ ਪੋਸਟ ਵਿਚ ਇੱਕ ਪੱਤਰ ਸੀ ਜਿਸਦੇ ਵਿਚ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਅਤੇ ਸਪੀਕਰ ਨੂੰ ਬੇਨਤੀ ਕੀਤੀ ਕਿ ਉਹ ਸਾਬਕਾ MLA ਸਬੰਧੀ ਕੋਈ ਪੈਨਸ਼ਨ ਨਹੀਂ ਲੈਣਗੇ।

ਪੇਜ ਨੇ ਇਹ ਪੱਤਰ ਸ਼ੇਅਰ ਕਰਦਿਆਂ ਲਿਖਿਆ, “ਮੈਂ ਪੰਜਾਬ ਸਰਕਾਰ ਅਤੇ ਮਾਣਯੋਗ ਵਿਧਾਨ ਸਭਾ ਸਪੀਕਰ ਨੂੰ ਬੇਨਤੀ ਕਰਦਾ ਹਾਂ ਕਿ ਸਾਬਕਾ ਵਿਧਾਇਕ ਹੋਣ ਦੇ ਨਾਤੇ, ਮੇਰੀ ਜੋ ਵੀ ਪੈਨਸ਼ਨ ਬਣਦੀ ਹੈ, ਕਿਰਪਾ ਕਰਕੇ ਉਸ ਨੂੰ ਪੰਜਾਬ ਦੇ ਲੋਕਾਂ ਲਈ (ਲੋਕ ਹਿੱਤਾਂ ਵਾਸਤੇ) ਵਰਤਿਆ ਜਾਵੇ। ਸਿੱਖਿਆ, ਖ਼ਾਸ ਕਰਕੇ ਲੜਕੀਆਂ ਨੂੰ ਉੱਚ ਪੱਧਰੀ ਸਿੱਖਿਆ ਮਿਲੇ, ਇਹ ਹਮੇਸ਼ਾ ਮੇਰੀ ਦਿਲੀ ਤਮੰਨਾ ਰਹੀ ਹੈ। ਚੰਗਾ ਹੋਵੇਗਾ ਜੇਕਰ ਮੇਰੀ ਪੈਨਸ਼ਨ ਰਾਸ਼ੀ ਲੋੜਵੰਦ ਵਿਦਿਆਰਥਣਾਂ/ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਲਈ ਵਰਤੀ ਜਾਵੇ। ਜਿਵੇਂ ਕਿ ਤੁਸੀਂ ਜਾਣਦੇ ਹੋ, ਮੈਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਨਹੀਂ ਮਿਲੀ, ਮੈਂ ਬੇਨਤੀ ਕਰਦਾ ਹਾਂ ਕਿ ਅਗਾਂਹ ਵੀ ਇਹ ਕਿਸੇ ਵੀ ਹਾਲਤ ਵਿੱਚ ਮੈਨੂੰ ਨਾ ਭੇਜੀ ਜਾਵੇ। – ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ”

ਇਸ ਪੋਸਟ ਤੋਂ ਸਾਫ ਹੋਇਆ ਕਿ ਪ੍ਰਕਾਸ਼ ਸਿੰਘ ਬਾਦਲ ਨੇ 10 ਵਾਰ MLA ਰਹਿਣ ਦੀ ਬਣਦੀ ਪੈਨਸ਼ਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਦਾਅਵੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਬੁਲਾਰੇ ਅਰਸ਼ਦੀਪ ਕਲੇਰ ਦਾ ਵੀਡੀਓ ਸਪਸ਼ਟੀਕਰਨ ਸਾਂਝਾ ਕੀਤਾ ਮਿਲਿਆ। ਉਨ੍ਹਾਂ ਵੱਲੋਂ ਵੀ ਸਾਫ ਕੀਤਾ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਬਕਾ MLA ਰਹਿਣ ਦੀ ਕੋਈ ਪੈਨਸ਼ਨ ਨਹੀਂ ਲਈ ਗਈ ਹੈ।ਮਤਲਬ ਸਾਫ ਸੀ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਸੋਸ਼ਲ ਮੀਡੀਆ ‘ਤੇ ਝੂਠਾ ਤੇ ਫਰਜ਼ੀ ਪ੍ਰਚਾਰ ਕੀਤਾ ਗਿਆ ਸੀ।

ਨਤੀਜਾ- ਪੜਤਾਲ ਵਿਚ ਪਾਇਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ MLA ਰਹਿਣ ਦੀ ਕੋਈ ਪੈਨਸ਼ਨ ਨਹੀਂ ਲਈ ਹੈ ਅਤੇ ਨਾ ਹੀ ਉਹ ਲੈਣਗੇ। ਪ੍ਰਕਾਸ਼ ਸਿੰਘ ਬਾਦਲ ਹਾਲੀਆ ਚੋਣਾਂ ਵਿਚ ਹਾਰਨ ਤੋਂ ਬਾਅਦ ਸਾਬਕਾ MLA ਬਣੇ ਹਨ, ਜਿਸਦਾ ਮਤਲਬ ਹੁੰਦਾ ਹੈ ਕਿ ਹੁਣ ਤੋਂ ਉਨ੍ਹਾਂ ਨੂੰ ਪੈਨਸ਼ਨ ਮਿਲਣੀ ਸ਼ੁਰੂ ਹੋਣੀ ਸੀ ਪਰ ਦੱਸ ਦਈਏ ਕਿ ਚੋਣਾਂ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਉਹ ਸਾਬਕਾ MLA ਰਹਿਣ ਦੀ ਕੋਈ ਵੀ ਪੈਨਸ਼ਨ ਨਹੀਂ ਲੈਣਗੇ।