ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਦਿੱਲੀ ਵਾਲੇ ਘਰ ‘ਚ ਚੋਰੀ, ਕਰੋੜਾਂ ਦੀ ਨਕਦੀ ਤੇ ਗਹਿਣੇ ਗਾਇਬ!

0
598

ਨਵੀਂ ਦਿੱਲੀ : ਬਾਲੀਵੁੱਡ ਇੰਡਸਟਰੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਅਦਾਕਾਰਾ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਤੀ ਆਨੰਦ ਆਹੂਜਾ ਦੇ ਦਿੱਲੀ ਸਥਿਤ ਘਰ ‘ਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਜੋੜੇ ਦੇ ਘਰੋਂ 1.41 ਕਰੋੜ ਦੇ ਗਹਿਣੇ ਅਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ। ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਘਰ ਦਿੱਲੀ ਦੇ ਅੰਮ੍ਰਿਤਾ ਸ਼ੇਰਗਿੱਲ ਮਾਰਗ ‘ਤੇ ਸਥਿਤ ਹੈ। ਇੱਥੇ ਆਨੰਦ ਦੇ ਮਾਤਾ-ਪਿਤਾ ਹਰੀਸ਼ ਆਹੂਜਾ, ਮਾਂ ਪ੍ਰਿਆ ਆਹੂਜਾ ਅਤੇ ਦਾਦੀ ਸਰਲਾ ਆਹੂਜਾ ਰਹਿੰਦੇ ਹਨ।

ਹਾਲਾਂਕਿ ਚੋਰੀ ਦੀ ਇਹ ਘਟਨਾ ਪੁਰਾਣੀ ਹੈ। 23 ਫਰਵਰੀ ਨੂੰ ਦਿੱਲੀ ਦੇ ਤੁਗਲਕ ਰੋਡ ਥਾਣੇ ‘ਚ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ 23 ਫਰਵਰੀ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਐੱਫ.ਆਈ.ਆਰ. ਜਾਣਕਾਰੀ ਅਨੁਸਾਰ 22 ਫਰਵਰੀ ਨੂੰ ਜਦੋਂ ਸਰਲਾ ਆਹੂਜਾ ਨੇ ਆਪਣਾ ਬੈਗ ਚੈੱਕ ਕੀਤਾ, ਜਿਸ ਵਿਚ ਨਕਦੀ ਅਤੇ ਗਹਿਣੇ ਸਨ ਜਦੋਂ ਉਹਨਾਂ ਨੇ ਬੈਗ ਵੇਖਿਆ ਤਾਂ ਖਾਲੀ ਪਾਇਆ ਗਿਆ। ਅੰਦਾਜ਼ੇ ਮੁਤਾਬਿਕ ਇਸ ‘ਚ 1 ਕਰੋੜ 41 ਲੱਖ ਰੁਪਏ ਦੇ ਗਹਿਣੇ ਅਤੇ ਨਕਦੀ ਸੀ। ਇਹ ਬੈਗ ਸਰਲਾ ਆਹੂਜਾ ਨੇ ਲਗਭਗ ਦੋ ਸਾਲ ਬਾਅਦ ਦੇਖਿਆ ਸੀ।

ਜਦੋਂ ਘਰ ‘ਚ ਕਾਫ਼ੀ ਤਲਾਸ਼ੀ ਕਰਨ ‘ਤੇ ਵੀ ਬੈਗ ਨਹੀਂ ਮਿਲਿਆ ਤਾਂ ਸਰਲਾ ਆਹੂਜਾ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਕੀਤੀ। ਜਾਣਕਾਰੀ ਅਨੁਸਾਰ ਹੁਣ ਤੱਕ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਘਰ ਦੇ ਸਟਾਫ਼ ਸਮੇਤ ਕਰੀਬ 25 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਦਿੱਲੀ ਪੁਲਿਸ ਮੁਤਾਬਕ ਪਿਛਲੇ ਦੋ ਸਾਲਾਂ ਵਿੱਚ ਕਈ ਲੋਕਾਂ ਨੇ ਕੰਮ ਛੱਡ ਦਿੱਤਾ ਅਤੇ ਕਈ ਨਵੇਂ ਆਏ। ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਕਈ ਸੀਸੀਟੀਵੀ ਫੁਟੇਜ ਵੀ ਦੇਖੇ ਗਏ ਹਨ। ਜਿਹੜੇ ਲੋਕ ਪਿਛਲੇ ਸਮੇਂ ਵਿੱਚ ਕੰਮ ਛੱਡ ਕੇ ਚਲੇ ਗਏ ਸਨ, ਉਨ੍ਹਾਂ ਦੇ ਵੇਰਵਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਇਸ ਸਮੇਂ ਮੁੰਬਈ ਵਿੱਚ ਹਨ। ਇਹ ਅਦਾਕਾਰਾ ਜਲਦੀ ਹੀ ਮਾਂ ਬਣਨ ਵਾਲੀ ਹੈ। ਕੁਝ ਦਿਨ ਪਹਿਲਾਂ ਸੋਨਮ ਕਪੂਰ ਨੇ ਆਨੰਦ ਨਾਲ ਫੋਟੋ ਪੋਸਟ ਕਰਕੇ ਪ੍ਰਸ਼ੰਸਕਾਂ ਨੂੰ ਗਰਭਵਤੀ ਹੋਣ ਦੀ ਖ਼ਬਰ ਦਿੱਤੀ ਸੀ। ਪ੍ਰਸ਼ੰਸਕ ਖਬਰ ਜਾਣ ਕੇ ਬਹੁਤ ਖੁਸ਼ ਹੋਏ। ਇਸ ਸਮੇਂ ਸੋਨਮ ਕਪੂਰ ਫਿਲਮ ਇੰਡਸਟਰੀ ਤੋਂ ਥੋੜ੍ਹੀ ਦੂਰ ਹੈ।