ਸੰਗਰੂਰ ਵਿਖੇ ਲਿੰਗ ਨਿਰਧਾਰਨ ਟੈਸਟ ਕਰਨ ਦੇ ਧੰਦੇ ਦਾ ਪਰਦਾਫਾਸ਼, ਇੰਝ ਜਾਲ ਵਿਛਾ ਪੁਲਸ ਨੇ ਕੀਤੇ ਕਾਬੂ

0
407

ਸੰਗਰੂਰ ਵਿਖੇ ਲਿੰਗ ਨਿਰਧਾਰਨ ਟੈਸਟ ਕਰਨ ਦੇ ਚੱਲ ਰਹੇ ਧੰਦੇ ਦਾ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਪਰਦਾਫਾਸ਼ ਕਰਦਿਆਂ ਇਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕਰ ਕੇ 3 ਔਰਤਾਂ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ।

ਜਾਣਕਾਰੀ ਦਿੰਦਿਆਂ ਸੰਗਰੂਰ ਦੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਧਿਆਨ ‘ਚ ਇਹ ਮਾਮਲਾ ਸਾਹਮਣੇ ਆ ਰਿਹਾ ਸੀ ਕਿ ਸੰਗਰੂਰ ਦੇ ਉਪਲੀ ਰੋਡ ਸਥਿਤ ਇਕ ਘਰ ‘ਚ ਕਿਸੇ ਵਲੋਂ ਨਾਜਾਇਜ਼ ਤਰੀਕੇ ਨਾਲ ਅਲਟਰਾਸਾਊਂਡ ਕਰਨ ਦਾ ਧੰਦਾ ਕੀਤਾ ਜਾ ਰਿਹਾ ਹੈ। ਜਿਸ ਦੀ ਪਿਛਲੇ ਕੁਝ ਦਿਨਾਂ ਤੋਂ ਪੈਰਵਾਈ ਕਰਦੇ ਹੋਏ ਆਪਣੇ ਵਲੋਂ ਇਕ ਨਕਲੀ ਗਾਹਕ ਤਿਆਰ ਕਰ ਕੇ ਭੇਜਿਆ ਗਿਆ, ਜਿਸ ਨੂੰ ਉਕਤ ਵਿਅਕਤੀਆਂ ਵਲੋਂ ਬੁੱਧਵਾਰ ਨੂੰ ਅਲਟਰਾਸਾਊਂਡ ਲਈ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਇਕ ਮੈਡੀਕਲ ਟੀਮ ਦਾ ਗਠਨ ਕੀਤਾ ਗਿਆ ਸੀ। ਉਕਤ ਟੀਮ ਵਲੋਂ ਆਪਣੇ ਭੇਜੇ ਗਏ ਨਕਲੀ ਗਾਹਕ ਦਾ ਪਿੱਛਾ ਕਰਦਿਆਂ ਉਕਤ ਥਾਂ ‘ਤੇ ਛਾਪੇਮਾਰੀ ਕੀਤੀ ਗਈ । ਇਸ ਛਾਪੇਮਾਰੀ ਦੌਰਾਨ ਪੁਲਸ ਨੇ ਧੰਦੇ ਨਾਲ ਸੰਬੰਧਤ 3 ਔਰਤਾਂ ਅਤੇ ਇਕ ਵਿਅਕਤੀ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ।

ਸਿਵਲ ਸਰਜਨ ਸੰਗਰੂਰ ਨੇ ਦੱਸਿਆ ਕਿ ਇਸ ਸੰਬੰਧੀ ਪੁਲਸ ਕਾਰਵਾਈ ਕਰਨ ਲਈ ਉਨ੍ਹਾਂ ਵਲੋਂ ਸਮੂਹ ਪੁਲਸ ਨੂੰ ਲਿਖਤੀ ਤੌਰ ‘ਤੇ ਪੱਤਰ ਦਿੱਤਾ ਜਾ ਚੁੱਕਿਆ ਹੈ ਅਤੇ ਪੁਲਸ ਵਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਛਾਪੇਮਾਰੀ ਦੌਰਾਨ ਇਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਅਤੇ 2 ਵਿਅਕਤੀਆਂ ਪਾਸੋਂ ਬਰਾਮਦ ਹੋਈ ਨਕਦੀ ਅਤੇ ਹੋਰ ਮੌਕੇ ‘ਤੇ ਬਰਾਮਦ ਕੀਤਾ ਸਾਮਾਨ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ।

ਇਸ ਮੌਕੇ ਜੋ ਹੋਰ ਵੀ ਔਰਤਾਂ ਅਲਟਰਾਸਾਊਂਡ ਕਰਵਾਉਣ ਲਈ ਆਈਆਂ ਹੋਈਆਂ ਸਨ ਉਨ੍ਹਾਂ ਨੂੰ ਬੇਸ਼ੱਕ ਮੌਕੇ ‘ਤੇ ਛੱਡ ਦਿੱਤਾ ਪਰ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।