ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਹਮੇਸ਼ਾ ਲਈ ਮੁੰਬਈ ਛੱਡ ਰਹੀ ਹੈ ਸ਼ਹਿਨਾਜ਼ ਗਿੱਲ, ਜਾਣੋ ਸੱਚਾਈ

0
197

ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਆਪਣੇ ਪ੍ਰਸ਼ੰਸਕਾਂ, ਸੋਸ਼ਲ ਮੀਡੀਆ ਤੇ ਇਥੋਂ ਤਕ ਕਿ ਆਪਣੇ ਕੰਮ ਤੋਂ ਵੀ ਦੂਰੀ ਬਣਾ ਲਈ ਸੀ। ਇਸ ਦੇ ਚਲਦਿਆਂ ਉਸ ਦੇ ਨਜ਼ਦੀਕੀਆਂ ਤੋਂ ਲੈ ਕੇ ਪ੍ਰਸ਼ੰਸਕਾਂ ਤਕ ਨੂੰ ਉਸ ਦੀ ਫਿਕਰ ਹੋ ਰਹੀ ਸੀ। ਹਾਲਾਂਕਿ ਲਗਭਗ ਇਕ ਮਹੀਨੇ ਤੋਂ ਵੀ ਵੱਧ ਸਮੇਂ ਤਕ ਸਭ ਤੋਂ ਦੂਰੀ ਬਣਾ ਕੇ ਰੱਖਣ ਤੋਂ ਬਾਅਦ ਹੁਣ ਹੌਲੀ-ਹੌਲੀ ਉਹ ਸਾਧਾਰਨ ਜ਼ਿੰਦਗੀ ’ਚ ਵਾਪਸ ਆ ਰਹੀ ਹੈ। ਉਹ ਇਨ੍ਹੀਂ ਦਿਨੀਂ ਆਪਣੀ ਆਗਾਮੀ ਫ਼ਿਲਮ ‘ਹੌਂਸਲਾ ਰੱਖ’ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।

ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਗਿੱਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ’ਚ ਦੱਸਿਆ ਜਾ ਰਿਹਾ ਹੈ ਕਿ ਸ਼ਹਿਨਾਜ਼ ਨੇ ਹਮੇਸ਼ਾ ਲਈ ਮੁੰਬਈ ਛੱਡਣ ਦਾ ਫ਼ੈਸਲਾ ਕਰ ਲਿਆ ਹੈ। ਇਸ ਨਾਲ ‘ਸਿਡਨਾਜ਼’ ਦੇ ਪ੍ਰਸ਼ੰਸਕ ਕਾਫੀ ਪ੍ਰੇਸ਼ਾਨ ਹੋ ਗਏ ਹਨ ਪਰ ਇਹ ਪੂਰਾ ਸੱਚ ਨਹੀਂ ਹੈ। ‘ਸਪਾਟਬੁਆਏ’ ਮੁਤਾਬਕ ਇਨ੍ਹਾਂ ਅਫਵਾਹਾਂ ਤੇ ਰਿਪੋਰਟਾਂ ’ਚ ਕੋਈ ਸੱਚਾਈ ਨਹੀਂ ਹੈ। ਵਾਇਰਲ ਵੀਡੀਓ ਨੂੰ ਇਕ ਯੂਟਿਊਬ ਚੈਨਲ ਵਲੋਂ ਬਣਾਇਆ ਗਿਆ ਹੈ, ਜੋ ਇਸ ਤਰ੍ਹਾਂ ਦੇ ਅੱਧੇ-ਅਧੂਰੇ ਵੀਡੀਓ ਲਈ ਜਾਣਿਆ ਜਾਂਦਾ ਹੈ।

ਹਾਲ ਹੀ ’ਚ ਸੈੱਟ ’ਤੇ ਪਹੁੰਚੀ ਸ਼ਹਿਨਾਜ਼ ਦੇ ਚਿਹਰੇ ’ਤੇ ਉਦਾਸੀ ਤੇ ਨਿਰਾਸ਼ਾ ਸਾਫ ਦੇਖੀ ਜਾ ਸਕਦੀ ਹੈ। ਹਾਲਾਂਕਿ ਉਹ ਹੱਸਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪ੍ਰਸ਼ੰਸਕ ਉਸ ਦੀਆਂ ਅੱਖਾਂ ’ਚ ਉਦਾਸੀ ਮਹਿਸੂਸ ਕਰ ਰਹੇ ਹਨ। ਸ਼ਹਿਨਾਜ਼ ਦਾ ਅਜਿਹਾ ਹੀ ਹਾਲ ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਵੀ ਦੇਖਣ ਨੂੰ ਮਿਲਿਆ ਸੀ। ਵੀਡੀਓ ’ਤੇ ਕੁਮੈਂਟ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਇਸ ਲੜਕੀ ’ਚ ਸਾਡੀ ਜਾਨ ਵੱਸਦੀ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਭਗਵਾਨ ਤੁਹਾਨੂੰ ਖ਼ੁਸ਼ ਰੱਖੇ। ਤੁਹਾਨੂੰ ਸ਼ਕਤੀ ਤੇ ਖ਼ੁਸ਼ੀ ਮਿਲੇ।’

ਬੀਤੇ ਦਿਨੀਂ ਦਿਲਜੀਤ ਦੋਸਾਂਝ ਨੇ ਸ਼ਹਿਨਾਜ਼ ਗਿੱਲ ਨਾਲ ਇਕ ਹੋਰ ਵੀਡੀਓ ਸਾਂਝੀ ਕੀਤੀ ਸੀ, ਜਿਸ ’ਚ ਉਨ੍ਹਾਂ ਨਾਲ ਸੋਨਮ ਬਾਜਵਾ ਵੀ ਨਜ਼ਰ ਆਈ ਸੀ। ਵੀਡੀਓ ਉਸ ਦੀ ਫ਼ਿਲਮ ਦੀ ਪ੍ਰਮੋਸ਼ਨ ਦੀ ਹੈ, ਜਿਸ ’ਚ ਤਿੰਨੇ ਇਕੱਠੇ ਮਸਤੀ ਕਰਦੇ ਨਜ਼ਰ ਆਏ ਸਨ। ‘ਹੌਂਸਲਾ ਰੱਖ’ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।