ਬੀਤੇ ਦਿਨੀਂ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ’ਚ ਉਹ ਕਿਸੇ ਬਾਬੇ ਦੇ ਦਰਬਾਰ ’ਚ ਜਾ ਕੇ ਆਪਣੇ ਦੁੱਖ ਬਿਆਨ ਕਰ ਰਹੇ ਹਨ। ਇਸ ਵੀਡੀਓ ਤੋਂ ਬਾਅਦ ਲੋਕਾਂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਜਿਥੇ ਕੁਝ ਲੋਕ ਇੰਦਰਜੀਤ ਨਿੱਕੂ ਦੀ ਇਸ ਵੀਡੀਓ ਦੀ ਨਿੰਦਿਆ ਕਰ ਰਹੇ ਹਨ, ਉਥੇ ਬਹੁਤ ਸਾਰੇ ਲੋਕ ਇੰਦਰਜੀਤ ਨਿੱਕੂ ਦੇ ਹੱਕ ’ਚ ਹਨ।
ਇਸ ਵਿਚਾਲੇ ਹੁਣ ਗਾਇਕ ਇੰਦਰਜੀਤ ਨਿੱਕੂ ਦਾ ਬਿਆਨ ਸਾਹਮਣੇ ਆਇਆ ਹੈ। ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘‘ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ। ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਹੋ, ਮੇਰਾ ਪੂਰਾ ਪਰਿਵਾਰ ਇਹ ਖ਼ੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨਹੀਂ ਕਰ ਸਕਦਾ। ਮੇਰੀ ਆਪਣੀ ਸਾਰੀ ਇੰਡਸਟਰੀ ਦਾ ਸਾਥ, ਸਿੰਗਰਸ, ਰਾਈਟਰਸ, ਮਿਊਜ਼ਿਕ ਡਾਇਰੈਕਟਰਸ, ਮਿਊਜ਼ਿਕ ਕੰਪਨੀਜ਼, ਪਰਦੇਸਾਂ ’ਚ ਬੈਠੇ ਮੇਰੇ ਪ੍ਰਮੋਟਰ ਭਰਾ, ਦੇਸਾਂ-ਪਰਦੇਸਾਂ ’ਚ ਬੈਠੇ ਮੇਰੇ ਚਾਹੁਣ ਵਾਲੇ ਮੇਰੇ ਮਿੱਤਰ ਪਿਆਰੇ, ਟੀ. ਵੀ. ਚੈਨਲਸ, ਸੋਸ਼ਲ ਨੈੱਟਵਰਕ, ਪ੍ਰਿੰਟ ਮੀਡੀਆ ਤੇ ਪ੍ਰੈੱਸ ਮੀਡੀਆ ਸਭ ਦਾ ਬਹੁਤ-ਬਹੁਤ ਧੰਨਵਾਦ।’’
ਇੰਦਰਜੀਤ ਨਿੱਕੀ ਅੱਗੇ ਲਿਖਦੇ ਹਨ, ‘‘ਦੂਜੀ ਮੇਰੇ ਦਿਲ ਦੀ ਗੱਲ, ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਪੈਸੇ ਨਹੀਂ ਤੁਹਾਡਾ ਸਭ ਦਾ ਸਾਥ ਚਾਹੀਦਾ ਹੈ। ਆਪਣੀਆਂ ਖ਼ੁਸ਼ੀਆਂ ’ਚ ਪਹਿਲਾਂ ਵਾਂਗੂ ਫੇਰ ਸ਼ਾਮਲ ਕਰ ਲਓ, ਦੇਸਾਂ-ਪਰਦੇਸਾਂ ’ਚ ਫਿਰ ਪੰਜਾਬੀਆਂ ਦੇ ਆਹਮੋ-ਸਾਹਮਣੇ ਰੂ-ਬ-ਰੂ ਹੋ ਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ।’’
ਦੱਸ ਦੇਈਏ ਕਿ ਇੰਦਰਜੀਤ ਨਿੱਕੂ ਵਾਇਰਲ ਵੀਡੀਓ ’ਚ ਬੋਲਦੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਹੈ ਤਣਾਅ ਬਣਿਆ ਹੋਇਆ। ਕੰਮਕਾਜ ਵੀ ਠੱਪ ਪਿਆ ਹੈ ਤੇ ਸ਼ੋਅਜ਼ ਵੀ ਨਹੀਂ ਲੱਗ ਰਹੇ। ਇਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਕਲਾਕਾਰ ਇੰਦਰਜੀਤ ਨਿੱਕੂ ਦੇ ਹੱਕ ’ਚ ਨਿੱਤਰੇ ਹਨ।