ਵਿਆਹੇ ਵਿਅਕਤੀ ਨਾਲ ਪ੍ਰੇਮ ਸੰਬੰਧ ਕਾਰਨ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲਾਈ ਲੜਕੇ ਦੇ ਘਰ ਨੂੰ ਅੱਗ

0
179

ਆਪਣੀ ਲੜਕੀ ਦੇ ਵਿਆਹੇ ਹੋਏ ਲੜਕੇ ਨਾਲ ਪ੍ਰੇਮ ਸੰਬੰਧਾਂ ਤੋਂ ਖਫ਼ਾ ਕੁਝ ਵਿਅਕਤੀਆਂ ਨੇ ਬੀਤੀ ਰਾਤ ਪਿੰਡ ਸਰਾਵਾਂ ਬੋਦਲਾਂ ਵਿਖੇ ਉਕਤ ਲੜਕੇ ਦੇ ਘਰ ਨੂੰ ਅੱਗ ਲਾ ਦਿੱਤੀ। ਇਸ ਸਬੰਧੀ ਗੁਰਦੀਪ ਕੌਰ ਪਤਨੀ ਜਸਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ‘ਚ ਕਿਹਾ ਕਿ ਕੁਝ ਦਿਨ ਪਹਿਲਾਂ ਉਸ ਦੇ ਵੱਡੇ ਲੜਕੇ ਜਤਿੰਦਰ ਸਿੰਘ ਨੇ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ। ਜਤਿੰਦਰ ਸਿੰਘ ਵਿਆਹਿਆ ਹੋਇਆ ਹੈ ਤੇ ਉਸ ਦੇ ਤਿੰਨ ਬੱਚੇ ਵੀ ਹਨ, ਜਿਸ ਕਰਕੇ ਲੜਕੀ ਦੇ ਪਰਿਵਾਰ ਵਿਚ ਰੋਸ ਤੇ ਗੁੱਸਾ ਸੀ।

ਗੁਰਦੀਪ ਕੌਰ ਅਨੁਸਾਰ ਉਹ ਲੜਾਈ-ਝਗੜੇ ਤੋਂ ਡਰਦੇ ਘਰ ਨੂੰ ਤਾਲੇ ਮਾਰ ਕੇ ਮੇਰੇ ਪੇਕੇ ਪਿੰਡ ਝੌਰੜ ਵਿਖੇ ਰਹਿਣ ਲੱਗ ਪਏ। ਬੀਤੀ ਰਾਤ ਸਵਾ 11 ਵਜੇ ਮੁੱਦਈ ਦੇ ਦਿਓਰ ਸੁਖਵਿੰਦਰ ਸਿੰਘ ਪੁੱਤਰ ਜੀਤ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰ ਨੂੰ ਅੱਗ ਲੱਗੀ ਹੋਈ ਹੈ। ਮੁੱਦਈ ਔਰਤ ਨੇ ਦੱਸਿਆ ਕਿ ਉਨ੍ਹਾਂ ਕੋਲ ਪੁੱਜਣ ਦਾ ਕੋਈ ਸਾਧਨ ਨਹੀਂ ਸੀ, ਇਸ ਲਈ ਉਨ੍ਹਾਂ ਹੈਲਪ ਲਾਈਨ ਨੰਬਰ 112 ’ਤੇ ਫੋਨ ਕਰਕੇ ਪੁਲਸ ਨੂੰ ਸੂਚਿਤ ਕਰ ਦਿੱਤਾ। ਸਵੇਰੇ ਜਦੋਂ ਉਹ ਆਪਣੇ ਪਤੀ ਅਤੇ ਛੋਟੇ ਲੜਕੇ ਵਰਿੰਦਰ ਸਿੰਘ ਨਾਲ ਉਥੇ ਪੁੱਜੀ ਤਾਂ ਘਰ ਦੇ ਬਾਹਰ ਇਕੱਠ ਸੀ। ਅੰਦਰ ਤਾਲੇ ਟੁੱਟੇ ਹੋਏ ਸਨ ਅਤੇ ਫਰਿੱਜ, ਅਲਮਾਰੀ, ਐੱਲ. ਸੀ. ਡੀ. ਤੇ ਇਨਵਰਟਰ ਸਮੇਤ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।

ਉਨ੍ਹਾਂ ਦੀ ਗੁਆਂਢਣ ਨੇ ਦੱਸਿਆ ਕਿ ਕਾਲੀ ਸਿੰਘ ਪੁੱਤਰ ਸੁੱਚਾ ਸਿੰਘ, ਪਿੰਦਰ ਸਿੰਘ ਪੁੱਤ ਚਾਨਣ ਸਿੰਘ, ਗੁਰਜਿੰਦਰ ਸਿੰਘ ਉਰਫ ਰਿੰਕੂ ਪੁੱਤਰ ਸੁਖਦੇਵ ਸਿੰਘ ਅਤੇ ਸਹਿਜਪ੍ਰੀਤ ਸਿੰਘ ਪੁੱਤਰ ਪਿੰਦਰ ਸਿੰਘ ਨੇ ਉਨ੍ਹਾਂ ਦੇ ਘਰ ’ਤੇ ਪੈਟਰੋਲ ਪਾ ਕੇ ਅੱਗ ਲਾਈ ਹੈ। ਐੱਸ. ਐੱਚ. ਓ. ਸੁਖਦੇਵ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਨੇ ਗੁਰਦੀਪ ਕੌਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਕਾਲੀ ਸਿੰਘ ਨੂੰ ਛੱਡ ਕੇ ਬਾਕੀ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।