ਪਿਤਾ ਦੀ ਡਾਂਟ ਤੋਂ ਬਾਅਦ ਘਰੋਂ ਗਾਇਬ ਹੋਈ ਯੂਟਿਊਬਰ ਇਟਾਰਸੀ ਤੋਂ ਮਿਲੀ

0
186

ਪਿਤਾ ਦੀ ਡਾਂਟ ਤੋਂ ਬਾਅਦ ਘਰੋਂ ਗਾਇਬ ਹੋਈ ਯੂਟਿਊਬਰ ਇਟਾਰਸੀ ਤੋਂ ਮਿਲੀ, ਮਾਪਿਆਂ ਨੇ ਲਾਈਵ ਸਟ੍ਰੀਮ ਕਰ ਭਾਵੁਕ ਹੋ ਲੋਕਾਂ ਤੋਂ ਮੰਗੀ ਸੀ ਮਦਦ

16 ਸਾਲਾ ਕਾਵਿਆ ਯਾਦਵ ਆਪਣੇ ਪਿਤਾ ਵੱਲੋਂ ਰੌਲਾ ਪਾਉਣ ਤੋਂ ਪਰੇਸ਼ਾਨ ਹੋ ਕੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲੀ ਗਈ ਸੀ। ਉਸਦੇ ਲਾਪਤਾ ਹੋਣ ਤੋਂ ਇੱਕ ਦਿਨ ਬਾਅਦ ਉਸਦੇ ਮਾਪਿਆਂ ਨੇ ਇੱਕ YouTube ‘ਤੇ ਲਾਈਵ ਹੋ ਕੇ ਅਪੀਲ ਕੀਤੀ ਤੇ ਦਰਸ਼ਕਾਂ ਨੂੰ ਉਸਦੀ ਭਾਲ ਵਿੱਚ ਮਦਦ ਕਰਨ ਲਈ ਕਿਹਾ ਸੀ

ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਲਾਪਤਾ ਹੋਈ ਮਸ਼ਹੂਰ ਯੂਟਿਊਬਰ ਬਿੰਦਾਸ ਕਾਵਿਆ ਮੱਧ ਪ੍ਰਦੇਸ਼ ਦੇ ਇਟਾਰਸੀ ਰੇਲਵੇ ਸਟੇਸ਼ਨ ‘ਤੇ ਰੇਲਗੱਡੀ ‘ਚੋਂ ਮਿਲੀ। ਜਦੋਂ ਕਾਵਿਆ ਲਾਪਤਾ ਹੋਈ ਤਾਂ ਉਸ ਦੇ ਮਾਪੇ ਕਾਫੀ ਪਰੇਸ਼ਾਨ ਹੋ ਗਏ ਸਨ। ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਕਾਵਿਆ ਦੇ ਮਾਤਾ-ਪਿਤਾ ਨੇ ਆਪਣੇ ਯੂਟਿਊਬ ਚੈਨਲ ‘ਤੇ ਵੀਡੀਓ ਜਾਰੀ ਕਰਕੇ ਉਸ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਸੀ, ਜਿਸ ‘ਚ ਉਹ ਕਾਫੀ ਡਰੇ ਹੋਏ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਮਹਾਰਾਸ਼ਟਰ ਪੁਲਿਸ ਨੂੰ ਵੀ ਕਾਵਿਆ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਗਈ ਸੀ।

ਕਾਵਿਆ ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਹੈ। ਉਸ ਦੇ ਯੂਟਿਊਬ ਚੈਨਲ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਲੱਖਾਂ ਫਾਲੋਅਰਜ਼ ਹਨ। ਮਸ਼ਹੂਰ ਚਿਹਰਾ ਹੋਣ ਕਾਰਨ ਕਾਵਿਆ ਦੇ ਲਾਪਤਾ ਹੋਣ ਦੀ ਖਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਹਾਈ ਪ੍ਰੋਫਾਈਲ ਸਮਝਦੇ ਹੋਏ ਜਲਦੀ ਕਾਰਵਾਈ ਸ਼ੁਰੂ ਕੀਤੀ। ਗੁੰਮਸ਼ੁਦਗੀ ਦੀ ਸ਼ਿਕਾਇਤ ਤੋਂ ਬਾਅਦ, ਜੀਆਰਪੀ ਨੇ ਮਹਾਰਾਸ਼ਟਰ ਜ਼ਿਲ੍ਹੇ ਤੋਂ 500 ਕਿਲੋਮੀਟਰ ਦੂਰ ਇਟਾਰਸੀ ਪਹੁੰਚਣ ਵਾਲੀਆਂ ਰੇਲਗੱਡੀਆਂ ਦੀ ਜਾਂਚ ਸ਼ੁਰੂ ਕਰ ਦਿੱਤੀ।


ਇਟਾਰਸੀ ‘ਚ ਰੇਲਵੇ ਪੁਲਿਸ ਨੇ ਕਾਵਿਆ ਨੂੰ ਟਰੇਨ ‘ਚੋਂ ਸੁਰੱਖਿਅਤ ਬਰਾਮਦ ਕਰ ਲਿਆ ਹੈ। ਦਰਅਸਲ ਰੇਲਵੇ ਪੁਲਿਸ ਨੂੰ ਕਾਵਿਆ ਦੇ ਲਾਪਤਾ ਹੋਣ ਦੀ ਸੂਚਨਾ ਕੰਟਰੋਲ ਰੂਮ ਤੋਂ ਮਿਲੀ ਸੀ। ਇਸ ਸੂਚਨਾ ਤੋਂ ਬਾਅਦ ਇਟਾਰਸੀ ਰੇਲਵੇ ਪੁਲਿਸ ਵੀ ਚੌਕਸ ਹੋ ਗਈ ਸੀ। ਇਟਾਰਸੀ ਰੇਲਵੇ ਪੁਲਿਸ ਨੇ ਇੱਥੇ ਪਹੁੰਚਣ ‘ਤੇ ਕਾਵਿਆ ਨੂੰ ਟਰੇਨ ‘ਚੋਂ ਉਤਾਰ ਲਿਆ। ਪੁਲਿਸ ਨੇ ਕਾਵਿਆ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ। ਸ਼ਨੀਵਾਰ ਦੇਰ ਰਾਤ ਕਾਵਿਆ ਦੇ ਰਿਸ਼ਤੇਦਾਰ ਉਸ ਨੂੰ ਲੈਣ ਇਟਾਰਸੀ ਪਹੁੰਚੇ। ਜੀਆਰਪੀ ਨੇ ਦੱਸਿਆ ਕਿ ਕਾਵਿਆ ਗੁੱਸੇ ਕਾਰਨ ਮਹਾਰਾਸ਼ਟਰ ਦੇ ਔਰੰਗਾਬਾਦ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ। ਉਸ ਦੇ ਪਿਤਾ ਨੇ ਉਸ ਨੂੰ ਡਾਂਟਿਆ ਸੀ ਇਸ ਕਾਰਨ ਉਹ ਨਾਰਾਜ਼ ਹੋ ਕੇ ਬਿਨਾ ਫੋਨ ਨਾਲ ਲਏ ਘਰੋਂ ਚਲੀ ਗਈ।

ਦੱਸਿਆ ਜਾ ਰਿਹਾ ਹੈ ਕਿ ਕਾਵਿਆ ਆਪਣੇ ਪਰਿਵਾਰ ਨਾਲ ਔਰੰਗਾਬਾਦ ਰਹਿੰਦੀ ਹੈ। ਕਾਵਿਆ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਲਖਨਊ ਦਾ ਰਹਿਣ ਵਾਲਾ ਹੈ। ਇਸ ਲਈ ਕਾਵਿਆ ਗੁੱਸੇ ਵਿੱਚ ਘਰੋਂ ਨਿਕਲ ਕੇ ਲਖਨਊ ਵੱਲ ਜਾ ਰਹੀ ਟਰੇਨ ‘ਚ ਸਵਾਰ ਹੋ ਗਈ ਸੀ। ਜ਼ਿਕਰਯੋਗ ਹੈ ਕਿ ਕਾਵਿਆ ਇੱਕ ਮਸ਼ਹੂਰ ਯੂਟਿਊਬਰ ਹੈ। ਯੂਟਿਊਬ ਚੈਨਲ ‘ਤੇ ਉਸ ਦੇ 43 ਲੱਖ ਸਬਸਕ੍ਰਾਈਬਰ ਹਨ। ਫੇਸਬੁੱਕ ‘ਤੇ ਵੀ ਉਸ ਦੀ ਚੰਗੀ ਫੈਨ ਫਾਲੋਇੰਗ ਹੈ। ਕਾਵਿਆ ਦੇ ਪੇਜ ਅਤੇ ਚੈਨਲ ‘ਤੇ ਉਸ ਦੀ ਮਾਂ ਅਨੂ ਯਾਦਵ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਉਸ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਸੀ।