ਗਾਇਕ ਕਾਕਾ ਵੱਲੋਂ ਆਪਣੇ ਰਿਸ਼ਤੇ ਦਾ ਐਲਾਨ, ਪ੍ਰੇਮਿਕਾ ਨਾਲ ਹੱਥਾਂ ‘ਚ ਹੱਥ ਪਾਏ ਦੀ ਤਸਵੀਰ ਕੀਤੀ ਸਾਂਝੀ

0
953

ਪੰਜਾਬੀ ਗਾਇਕ ਕਾਕਾ ਉਨ੍ਹਾਂ ਕਲਾਕਾਰਾਂ ‘ਚੋਂ ਹੈ, ਜਿਨ੍ਹਾਂ ਨੇ ਆਪਣੇ ਦਮ ‘ਤੇ ਸੰਗੀਤ ਜਗਤ ‘ਚ ਖ਼ਾਸ ਪਛਾਣ ਬਣਾਈ ਹੈ। ਗਾਇਕ ਕਾਕਾ ਨੇ ਆਪਣੀ ਮਿਹਨਤ ਨਾਲ ਬਹੁਤ ਥੋੜ੍ਹੇ ਸਮੇਂ ‘ਚ ਹੀ ਪ੍ਰਸਿੱਧੀ ਹਾਸਲ ਕੀਤੀ ਹੈ। ਉਨ੍ਹਾਂ ਦਾ ਗਾਇਕੀ ਦਾ ਸਫ਼ਰ ਸਾਲ 2019 ‘ਚ ਸ਼ੁਰੂ ਹੋਇਆ ਸੀ। ਥੋੜ੍ਹੇ ਸਮੇਂ ‘ਚ ਹੀ ਕਾਕਾ ਨੂੰ ਨਾਮ ਅਤੇ ਸ਼ੋਹਰਤ ਹਾਸਲ ਹੋ ਗਈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਾਕਾ ਦੀ ਜ਼ਿੰਦਗੀ ਦੀ ਕਹਾਣੀ ਬਾਰੇ।

ਦੱਸ ਦਈਏ ਕਿ ਕਾਕਾ ਇੰਨੀਂ ਦਿਨੀਂ ਕੈਨੇਡਾ ‘ਚ ਹੈ। ਉਹ ਆਪਣੇ ਮਿਊਜ਼ਿਕ ਸ਼ੋਅਜ਼ ‘ਚ ਬਿਜ਼ੀ ਹੈ। ਇਸ ਦੇ ਨਾਲ ਹੀ ਉਸ ਦਾ ਗੀਤ ‘ਮਿੱਟੀ ਦੇ ਟਿੱਬੇ’ ਜ਼ਬਰਦਸਤ ਹਿੱਟ ਹੋ ਰਿਹਾ ਹੈ। ਇਸ ਦੌਰਾਨ ਕਾਕਾ ਨੇ ਆਪਣੇ ਰਿਸ਼ਤੇ ਦਾ ਅਧਿਕਾਰਤ ਐਲਾਨ ਵੀ ਕਰ ਦਿੱਤਾ ਹੈ। ਪਿਛਲੇ ਦਿਨੀਂ ਉਸ ਨੇ ਆਪਣੇ ਇੰਸਟਾਗ੍ਰਾਮ ‘ਤੇ ਮਨਪ੍ਰੀਤ ਦਿਓਲ ਨਾਂ ਦੀ ਇੱਕ ਲੜਕੀ ਨਾਲ ਰੋਮਾਂਟਿਕ ਵੀਡੀਓ ਸ਼ੇਅਰ ਕੀਤੀ ਸੀ। ਹੁਣ ਕਾਕਾ ਨੇ ਮੁੜ ਤੋਂ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕਰਕੇ ਫ਼ੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੱਤੀਆਂ ਹਨ। ਇਸ ਤਸਵੀਰ ‘ਚ ਉਹ ਇਕ ਲੜਕੀ ਦੇ ਹੱਥਾਂ ‘ਚ ਹੱਥ ਪਾਏ ਨਜ਼ਰ ਆ ਰਿਹਾ ਹੈ। ਉਸ ਨੇ ਇਹ ਤਸਵੀਰ ਆਪਣੇ ਅਧਿਕਾਰਕ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਦੇਖ ਫ਼ੈਨਜ਼ ਕਾਕਾ ਨੂੰ ਵਧਾਈਆਂ ਦੇ ਰਹੇ ਹਨ। ਉਥੇ ਹੀ ਕਾਕਾ ਦੀ ਪ੍ਰੇਮਿਕਾ ਮਨਪ੍ਰੀਤ ਵੀ ਆਪਣੇ ਇੰਸਟਾਗ੍ਰਾਮ ‘ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ। ਉਹ ਆਪਣੀਆਂ ਤਸਵੀਰਾਂ ਦੇ ਨਾਲ-ਨਾਲ ਰੋਮਾਂਟਿਕ ਕੈਪਸ਼ਨਾਂ ਵੀ ਪਾ ਰਹੀ ਹੈ। ਇਸ ਤੋਂ ਪਹਿਲਾਂ ਉਸ ਨੇ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਦਾ ਕ੍ਰੈਡਿਟ ਗਾਇਕ ਕਾਕਾ ਨੂੰ ਦਿੱਤਾ ਸੀ।

ਦੱਸਣਯੋਗ ਹੈ ਕਿ ਕਾਕਾ ਦਾ ਜਨਮ 17 ਜਨਵਰੀ 1993 ਨੂੰ ਪਟਿਆਲਾ ਦੇ ਪਿੰਡ ਚੰਦੂਮਾਜਰਾ ਵਿਖੇ ਹੋਇਆ ਸੀ। ਬਚਪਨ ਤੋਂ ਹੀ ਕਾਕਾ ਨੇ ਘਰ ‘ਚ ਪੈਸਿਆਂ ਦੀ ਤੰਗੀ ਦੇਖੀ ਸੀ। ਉਨ੍ਹਾਂ ਦੇ ਪਿਤਾ ਰਾਜਮਿਸਤਰੀ ਦਾ ਕੰਮ ਕਰਦੇ ਸੀ। ਰਵਿੰਦਰ ਸਿੰਘ ਯਾਨੀਕਿ ਕਾਕਾ ਖ਼ੁਦ ਆਟੋ ਚਲਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇਸ ਦੇ ਨਾਲ-ਨਾਲ ਕਾਕਾ ਨੂੰ ਗਾਇਕੀ ਦਾ ਕਾਫ਼ੀ ਸ਼ੌਕ ਸੀ। ਉਨ੍ਹਾਂ ਦਾ ਪਹਿਲਾ ਗੀਤ ‘ਸੂਰਮਾ’ ਸਾਲ 2019 ‘ਚ ਰਿਲੀਜ਼ ਹੋਇਆ। ਪਹਿਲੇ ਹੀ ਗੀਤ ਨੇ ਕਾਕਾ ਨੂੰ ਸਟਾਰ ਬਣਾਇਆ। ਇਸ ਗੀਤ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਤੋਂ ਬਾਅਦ ਕਾਕਾ ਦੇ ‘ਲਿਬਾਸ’, ‘ਤੀਜੀ ਸੀਟ’, ‘ਕੈਨੇਡਾ ਗੇੜੀ’, ‘ਇਗਨੋਰ’ ਤੇ ‘ਟੈਂਪਰੇਰੀ ਪਿਆਰ’ ਵਰਗੇ ਗੀਤ ਰਿਲੀਜ਼ ਹੋਏ। ਇਨ੍ਹਾਂ ਗਾਣਿਆਂ ਨੇ ਕਾਕਾ ਨੂੰ ਪੰਜਾਬੀ ਇੰਡਸਟਰੀ ‘ਚ ਦਿੱਗਜ ਗਾਇਕ ਵਜੋਂ ਸਥਾਪਤ ਕੀਤਾ। ਸਾਲ 2022 ਦੀ ਇੱਕ ਰਿਪੋਰਟ ਮੁਤਾਬਕ, ਗਾਇਕ ਕਾਕਾ ਦੀ ਕੁੱਲ ਜਾਇਦਾਦ 2 ਮਿਲੀਅਨ ਡਾਲਰ (ਅਮਰੀਕੀ) ਯਾਨੀਕਿ 15 ਕਰੋੜ ਰੁਪਏ ਹੈ। ਇਹ ਮੁਕਾਮ ਉਨ੍ਹਾਂ ਨੇ ਸਿਰਫ਼ 3 ਸਾਲਾਂ ‘ਚ ਹਾਸਲ ਕੀਤਾ ਹੈ।