ਬੱ + ਚੀ ਵੱਲੋਂ ਬਕਾਇਆ ਮੰਗਣ ‘ਤੇ ਸਮੋਸੇ ਵੇਚਣ ਵਾਲੇ ਨੇ ਚੁੱਕਿਆ ਖੌ ਫ਼ ਨਾ ਕ ਕਦਮ

0
195

ਬਕਾਇਆ ਰਕਮ ਮੰਗਣ ਨੂੰ ਲੈ ਕੇ ਗੁੱਸੇ ‘ਚ ਆਏ ਸਮੋਸੇ ਵੇਚਣ ਵਾਲੇ ਵੱਲੋਂ 6 ਸਾਲਾ ਬੱਚੀ ਸਮੇਤ 6 ਵਿਅਕਤੀਆਂ ’ਤੇ ਉਬਲ਼ਦਾ ਤੇਲ ਪਾ ਦੇਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ‘ਚ ਲਿਜਾਇਆ ਗਿਆ। ਉਧਰ ਪੁਲਸ ਅਨੁਸਾਰ ਪੈਸੇ ਮੰਗਣ ਗਏ ਪਰਿਵਾਰ ਵੱਲੋਂ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਦੀ ਫੁਟੇਜ ਪੁਲਸ ਨੇ ਕਢਵਾ ਲਈ ਹੈ। ਮਾਮਲਾ ਸੁਲਤਾਨਵਿੰਡ ਦੇ ਇਲਾਕੇ ਗੁਰੂ ਅਰਜਨ ਦੇਵ ਨਗਰ ਦਾ ਹੈ। ਦੋਵੇਂ ਧਿਰਾਂ ਦੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਜ਼ਖ਼ਮੀ ਹੋਈ ਬੱਚੀ ਦੀ ਦਾਦੀ ਗੀਤਾ ਨੇ ਦੱਸਿਆ ਕਿ ਜਦੋਂ ਉਸ ਦੀ ਪੋਤਰੀ ਸਕੂਲ ਤੋਂ ਵਾਪਸ ਆਈ ਤਾਂ ਉਸ ਨੇ ਸਮੋਸੇ ਖਾਣ ਦੀ ਜ਼ਿੱਦ ਕੀਤੀ, ਜਿਸ ਨੂੰ 40 ਰੁਪਏ ਦੇ ਕੇ ਸਮੋਸੇ ਲੈਣ ਲਈ ਭੇਜਿਆ ਗਿਆ। ਸਮੋਸੇ ਵਾਲੇ ਬੰਟੀ ਨੇ ਉਸ ਤੋਂ ਪੈਸੇ ਲੈ ਕੇ 2 ਸਮੋਸੇ ਦੇ ਦਿੱਤੇ। ਉਸ ਦਾ ਲੜਕਾ ਆਟੋ ਚਲਾਉਂਦਾ ਹੈ, ਜੋ ਘਰ ਖਾਣਾ ਖਾਣ ਆਇਆ ਤਾਂ ਉਸ ਦੀ ਲੜਕੀ 2 ਸਮੋਸੇ ਲੈ ਕੇ ਆਈ ਤਾਂ ਉਹ ਆਪਣੀ ਪਤਨੀ ਤੇ ਬੱਚੇ ਨੂੰ ਲੈ ਕੇ ਬਕਾਇਆ ਪੈਸੇ ਲੈਣ ਲਈ ਸਮੋਸੇ ਵੇਚਣ ਵਾਲੇ ਕੋਲ ਗਿਆ, ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦਾ ਆਪਸ ‘ਚ ਝਗੜਾ ਹੋ ਗਿਆ ਤੇ ਬੰਟੀ ਨੇ ਗੁੱਸੇ ਵਿਚ ਆ ਕੇ ਕੜਾਹੀ ‘ਚ ਉਬਲ਼ਦਾ ਹੋਇਆ ਗਰਮ ਤੇਲ ਉਨ੍ਹਾਂ ’ਤੇ ਸੁੱਟ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਨੂੰਹ, ਪੁੱਤਰ, ਪੋਤਰੀ ਤੇ ਉਨ੍ਹਾਂ ਨਾਲ ਖੜ੍ਹੇ 3 ਹੋਰ ਵਿਅਕਤੀ ਝੁਲਸ ਗਏ।

2 ਦੀ ਹਾਲਤ ਨਾਜ਼ੁਕ- ਇਸ ਘਟਨਾ ‘ਚ ਝੁਲਸੇ 6 ਵਿਅਕਤੀਆਂ ’ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ 3 ਜ਼ਖਮੀਆਂ ਨੂੰ ਹਸਪਤਾਲ ਵਿਚ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਗੰਭੀਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

ਮਾਮਲੇ ਦੀ ਜਾਂਚ ਸ਼ੁਰੂ ਜਾਰੀ ਹੈ: ਐੱਸ. ਐੱਚ. ਓ.- ਥਾਣਾ ਸੁਲਤਾਨਵਿੰਡ ਦੀ ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਹਾਸਲ ਕਰ ਲਈ ਗਈ ਹੈ, ਜਿਸ ਵਿਚ ਮਾਮਲਾ 2 ਧਿਰਾਂ ਵਿਚ ਹੋਏ ਝਗੜੇ ਦਾ ਹੈ, ਜਿਸ ਸਬੰਧੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।