ਸ਼੍ਰੋਮਣੀ ਕਮੇਟੀ ਵੱਲੋਂ 9.81 ਅਰਬ ਰੁਪਏ ਦਾ ਸਾਲਾਨਾ ਬਜਟ ਪੇਸ਼

ਕਰੋਨਾ ਮਹਾਮਾਰੀ ਕਰਕੇ ਸ਼ਰਧਾਲੂਆਂ ਦੀ ਗੁਰਦੁਆਰਿਆਂ ’ਚ ਆਮਦ ਘਟਣ ਨਾਲ ਗੁਰਦੁਆਰਿਆਂ ਦੀ ਗੋਲਕ ’ਤੇ ਪੲੇ ਅਸਰ ਕਰਕੇ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਐਤਕੀਂ ਸਾਢੇ ਅਠਾਰਾਂ ਫ਼ੀਸਦ ਘੱਟ ਗਿਆ ਹੈ। ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਅੱਜ ਪੇਸ਼ ਕੀਤੇ ਗਏ ਸਾਲਾਨਾ ਬਜਟ ਵਿੱਚ ਵਿੱਤੀ ਸਾਲ 2020-21 ਵਾਸਤੇ ਨੌਂ ਅਰਬ 81 ਕਰੋੜ 94 ਲੱਖ ਰੁਪਏ ਦੀ ਅਨੁਮਾਨਤ ਰਕਮ ਪੇਸ਼ ਕੀਤੀ ਗਈ ਹੈ, ਹਾਲਾਂਕਿ ਅਨੁਮਾਨਤ ਆਮਦਨ ਛੇ ਅਰਬ 65 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਇਸ ਘਾਟੇ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣੀਆਂ ਬੱਚਤਾਂ ਦੀ ਵਰਤੋਂ ਕੀਤੀ ਜਾਵੇਗੀ।

ਇਹ ਬਜਟ ਪਿਛਲੇ ਵਰ੍ਹੇ ਨਾਲੋਂ ਸਾਢੇ ਅਠਾਰਾਂ ਫ਼ੀਸਦ ਘੱਟ ਹੈ। ਪਿਛਲੇ ਸਾਲ ਲਗਪਗ ਬਾਰਾਂ ਅਰਬ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਬਜਟ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਆਪਣੀ ਗੱਲ ਸਾਹਮਣੇ ਰੱਖਣ ਲਈ ਰੌਲਾ-ਰੱਪਾ ਵੀ ਪਾਇਆ ਗਿਆ, ਜਿਨ੍ਹਾਂ ਨੂੰ ਮਗਰੋਂ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਗਿਆ। ਚੇਤੇ ਰਹੇ ਕਿ ਕਰੋਨਾ ਮਹਾਮਾਰੀ ਕਾਰਨ ਐਤਕੀਂ ਸ਼੍ਰੋਮਣੀ ਕਮੇਟੀ ਦਾ ਸਾਲਾਨਾ ਬਜਟ ਮਾਰਚ ਮਹੀਨੇ ਵਿੱਚ ਪੇਸ਼ ਨਹੀਂ ਹੋ ਸਕਿਆ ਸੀ।