ਸ਼੍ਰੋਮਣੀ ਅਕਾਲੀ ਦਲ ਦੇ ਦੋ ਆਗੂਆਂ ਨੇ ਫੜਿਆ ਕਾਂਗਰਸ ਦਾ ਹੱਥ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਉਹ ਕੁਝ ਪਰਿਵਾਰਾਂ ਦੇ ਗ਼ਮ ’ਚ ਵੀ ਸ਼ਰੀਕ ਹੋਏ ਅਤੇ ਕੁਝ ਥਾਵਾਂ ’ਤੇ ਸ਼ਹਿਰ ਦੇ ਵਿਕਾਸ ਕਾਰਜ ਸਬੰਧੀ ਲੋਕਾਂ ਨਾਲ ਚਰਚਾ ਕੀਤੀ। ਉਨ੍ਹਾਂ ਨੇ ਪ੍ਰਤਾਪ ਨਗਰ, ਸੰਤ ਵਿਹਾਰ, ਖੱਦਰ ਭੰਡਾਰ ਵਾਲੀ ਗਲੀ, ਅਜੀਤ ਰੋਡ ਗਲੀ ਨੰਬਰ 3, 4, 6 ਅਤੇ 20, ਪਟੇਲ ਨਗਰ ਮੰਦਰ, ਕੋਠੇ ਕੰਮੇ ਕੇ, ਅੰਨਪੂਰਨਾ ਮੰਦਰ ਅਮਰੀਕ ਸਿੰਘ ਰੋਡ, ਗਰੀਨ ਸਿਟੀ, ਬਿਰਲਾ ਮਿੱਲ, ਬੱਸ ਸਟੈਂਡ ਨੇੜੇ, ਪਾਵਰ ਹਾਊਸ ਰੋਡ, ਮਾਡਲ ਟਾਊਨ ਫੇਜ਼ 2, ਗਣਪਤੀ ਐਨਕਲੇਵ ਆਦਿ ਇਲਾਕਿਆਂ ਦਾ ਦੌਰਾ ਕੀਤਾ।

ਇਸੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਸਰਕਲ ਦੇ ਜਨਰਲ ਸਕੱਤਰ ਅਤੇ ਵਾਰਡ ਨੰਬਰ 19 ਤੋਂ ਸਾਬਕਾ ਕੌਂਸਲਰ ਰਾਜਿੰਦਰ ਸਿੰਘ (ਰਾਜੂ ਮਾਨ) ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮੌਜੂਦਗੀ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਗਏ। ਰਾਜਿੰਦਰ ਸਿੰਘ ਮਾਨ ਨੇ ਕਿਹਾ ਕਿ ਅਕਾਲੀ ਆਗੂਆਂ ਦੇ ਖੇਤੀ ਕਾਨੂੰਨਾਂ ’ਤੇ ਦੋਗਲੇ ਸਟੈਂਡ ਤੋਂ ਦੁਖੀ ਹੋ ਕੇ ਉਹ ਅਕਾਲੀ ਦਲ ਨੂੰ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪਾਰਟੀ ਆਪਣੀਆਂ ਜੜ੍ਹਾਂ ਤੋਂ ਹੀ ਟੁੱਟ ਜਾਵੇ ਅਤੇ ਉਨ੍ਹਾਂ ਲੋਕਾਂ ਨੂੰ ਹੀ ਦਗਾ ਦੇ ਦੇਵੇ, ਜਿਨ੍ਹਾਂ ਤੋਂ ਵੋਟਾਂ ਲੈਣੀਆਂ ਹੋਣ ਤਾਂ ਅਜਿਹੀ ਪਾਰਟੀ ਦਾ ਪਤਨ ਅਟਲ ਹੈ। ਉਨ੍ਹਾਂ ਨੂੰ ‘ਜੀ ਆਇਆਂ’ ਆਖਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਾਜਿੰਦਰ ਸਿੰਘ ਮਾਨ ਨੂੰ ਕਾਂਗਰਸ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।