ਦੋਦਾ-ਮਹਿਰਾਜ ਵਾਲਾ ਰਜਵਾਹੇ ਵਿੱਚ ਪਾੜ ਪਿਆ

ਅੱਜ ਦੋਦਾ-ਮਹਿਰਾਜ ਵਾਲਾ ਰਜਵਾਹੇ ਵਿਚ ਕਰੀਬ 15 ਫੁੱਟ ਪਾੜ ਪੈਣ ਕਾਰਨ 50 ਏਕੜ ’ਚ ਝੋਨੇ ਦੀ ਪੱਕੀ ਫ਼ਸਲ ਵਿਚ ਪਾਣੀ ਭਰ ਗਿਆ, ਜਿਸ ਦੇ ਖ਼ਰਾਬ ਹੋਣ ਦਾ ਖ਼ਦਸ਼ਾ ਹੈ। ਦੋਦਾ ਦੇ ਕੋਠੇ ਸੁਰਗਾਪੁਰੀ ਤੇ ਚੱਕ ਗਿਲਜੇਵਾਲਾ ਦੇ ਕਿਸਾਨ ਚਰਨਜੀਤ ਸਿੰਘ, ਮਨਦੀਪ ਸਿੰਘ, ਰਾਜਵਿੰਦਰ ਸਿੰਘ, ਜਗਨੰਦਨ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਬੰਧਤ ਵਿਭਾਗ ਦੀ ਅਣਗਹਿਲੀ ਕਾਰਨ ਰਜਵਾਹਾ ਟੁੱਟਿਆ ਹੈ। ਉਨ੍ਹਾਂ ਕਿਹਾ ਕਿ ਉਹ ਸਬੰਧਤ ਜੇਈ ਅਤੇ ਐੱਸਡੀਓ ਨੂੰ ਵੱਧ ਪਾਣੀ ਅਤੇ ਰਜਬਾਹੇ ਦੀ ਕਮਜ਼ੋਰ ਪਟੜੀ ਬਾਰੇ ਕਈ ਵਾਰ ਜਾਣੂ ਕਰਵਾ ਚੁੱਕੇ ਹਨ ਪਰ ਇਸ ਪਾਸੇ ਧਿਆਨ ਨਹੀਂ ਦਿੱਤਾ ਗਿਆ।

ਕਿਸਾਨਾਂ ਨੇ ਆਖਿਆ ਕਿ ਪੱਕੀ ਫ਼ਸਲ ਵਿਚ ਪਾਣੀ ਭਰਨ ਕਾਰਨ ਫ਼ਸਲ ਵੱਢਣੀ ਹੀ ਮੁਸ਼ਕਲ ਹੋਵੇਗੀ ਅਤੇ ਉਹ ਕਣਕ ਦੀ ਬਿਜਾਈ ਤੋਂ ਵੀ ਪਛੜ ਜਾਣਗੇ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ। ਫੰਡਾਂ ਦੀ ਘਾਟ ਕਾਰਨ ਰਜਵਾਹੇ ਦੀ ਸਫ਼ਾਈ ਨਹੀਂ ਹੋਈ: ਜੇਈ ਇਸ ਸਬੰਧੀ ਨਹਿਰੀ ਵਿਭਾਗ ਦੇ ਜੇਈ ਨਵਦੀਪ ਸਿੰਘ ਨੇ ਕਿਹਾ ਕਿ ਫੰਡਾਂ ਦੀ ਘਾਟ ਕਾਰਨ ਉਹ ਰਜਵਾਹੇ ਦੀ ਸਫ਼ਾਈ ਨਹੀਂ ਕਰ ਸਕੇ ਅਤੇ ਟੇਲਾਂ ’ਤੇ ਪਾਣੀ ਘੱਟ ਪਹੁੰਚਣ ਕਰਕੇ ਉਨ੍ਹਾਂ ਨੂੰ ਪਾਣੀ ਛੱਡਣਾ ਪੈਂਦਾ ਹੈ।