ਮਾਲਵਾ ’ਚ ਨਰਮਾ ਚੁਗਾਈ ਨੇ ਜ਼ੋਰ ਫੜਿਆ

ਨਰਮਾ ਪੱਟੀ ’ਚ ਨਰਮੇ ਦੀ ਚੁਗਾਈ ਨੇ ਜ਼ੋਰ ਫੜ ਲਿਆ ਹੈ। ਖੇਤਾਂ ਵਿਚ ਨਰਮੇ ਦੀ ਚੁਗਾਈ ਕਰ ਰਹੇ ਸਥਾਨਕ ਅਤੇ ਪਰਵਾਸੀ ਕਾਮਿਆਂ ਨੇ ਰੌਣਕਾਂ ਲਾ ਰੱਖੀਆਂ ਹਨ। ਜਿੱਥੇ ਨਰਮਾ ਚੁਗਾਈ ਵਿਚ ਸਭ ਤੋਂ ਵੱਡੀ ਗਿਣਤੀ ਔਰਤਾਂ ਦੀ ਹੈ, ਉੱਥੇ ਹੀ ਕਰੋਨਾ ਕਾਰਨ ਸਕੂਲ ਬੰਦ ਹੋਣ ਕਰਕੇ ਬੱਚੇ ਵੀ ਖੇਤਾਂ ਵੱਲ ਜਾਂਦੇ ਦਿਸਦੇ ਹਨ।

ਐਤਕੀਂ ਰੇਲਾਂ ਦੀ ਥਾਂ ਬੱਸਾਂ ਰਾਹੀਂ ਪੰਜਾਬ ਪੁੱਜੇ ਬਿਹਾਰੀ ਅਤੇ ਉੱਤਰ ਪ੍ਰੇਦਸ਼ ਦੇ ਮਜ਼ਦੂਰ ਇਸ ਵਾਰ ਆਪਣੇ ਨਾਲ ਟੱਬਰ ਵੀ ਲੈ ਕੇ ਪੁੱਜੇ ਹਨ। ਉੱਤਰ ਪ੍ਰਦੇਸ਼ ਤੋਂ ਆਏ ਮਾਂਗੇ ਰਾਮ ਨੇ ਦੱਸਿਆ ਕਿ ਛੇ ਮਹੀਨੇ ਤੋਂ ਵਿਹਲੇ ਹੋਣ ਕਰਕੇ ਉਨ੍ਹਾਂ ਦੀ ਆਰਥਿਕ ਹਾਲਤ ਕਾਫੀ ਪਤਲੀ ਹੈ। ਮੰਦੇ ਦਿਨ ਭਜਾਉਣ ਲਈ ਇਸ ਵਾਰ ਬੱਚੇ ਵੀ ਮਦਦ ਕਰਨ ਨਾਲ ਆਏ ਹਨ। ਬਿਹਾਰ ਤੋਂ ਆਏ ਦਿਲਬਾਗ ਨੇ ਦੱਸਿਆ ਕਿ ਉਹ ਤਿੰਨ ਮਹੀਨੇ ਪੰਜਾਬ ’ਚ ਨਰਮਾ ਚੁਗਾਈ ਦਾ ਕੰਮ ਕਰਨਗੇ। ਜੇ ਕੰਮ ਚੰਗਾ ਚੱਲਦਾ ਰਿਹਾ ਤਾਂ ਉਨ੍ਹਾਂ ਕੋਲ ਛੇ ਮਹੀਨੇ ਦੇ ਗੁਜ਼ਾਰੇ ਜੋਗੀ ਪੂੰਜੀ ਜੁੜ ਜਾਵੇਗੀ। ਖਿਆਲਾ ਕਲਾਂ ਦੇ ਖੇਤਾਂ ਵਿਚ ਨਰਮਾ ਚੁਗ ਰਹੀ ਰਾਮੋ ਬਾਈ ਨੇ ਦੱਸਿਆ ਕਿ ਦੁਪਹਿਰ ਵੇਲੇ ਗਰਮੀ ਪ੍ਰੇਸ਼ਾਨ ਕਰਦੀ ਹੈ ਪਰ ਉਹ ਕੰਮ ਰੁਕਣ ਨਹੀਂ ਦਿੰਦੇ। ਉਸ ਨੇ ਦੱਸਿਆ ਕਿ ਮੁੱਢਲੇ ਦਿਨਾਂ ਦੌਰਾਨ ਇਕ ਚੁਗਾਵੀ ਦਿਨ ਭਰ ’ਚ 20 ਤੋਂ 30 ਕਿੱਲੋ ਨਰਮਾ ਚੁਗਦੀ ਸੀ ਪਰ ਹੁਣ ਇਹ ਅੰਕੜਾ 40 ਕਿੱਲੋ ਤਕ ਪੁੱਜ ਗਿਆ ਹੈ। ਕਿਸਾਨ ਸਾਹਿਬ ਸਿੰਘ ਨੇ ਦੱਸਿਆ ਇਸ ਵਾਰ ਚੁਗਾਈ ਕਰ ਰਹੇ ਮਜ਼ਦੂਰਾਂ ਨੂੰ ਸਵਾ ਛੇ ਸੌ ਰੁਪਏ ਕੁਇੰਟਲ ਤੋਂ ਲੈ ਕੇ ਪੌਣੇ ਸੱਤ ਸੌ ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ। ਦੋ ਡੰਗ ਦੀ ਚਾਹ ਅਤੇ ਰਿਹਾਇਸ਼ ਕਿਸਾਨ ਦੀ ਹੈ।