ਲਾਭਪਾਤਰੀਆਂ ਵੱਲੋਂ ਸਰਕਾਰ ਵਿਰੁੱਧ ਨਾਅਰੇਬਾਜ਼ੀ

ਚਾਉਕੇ, 27 ਸਤੰਬਰ-ਨਗਰ ਪੰਚਾਇਤ ਮੰਡੀ ਕਲਾਂ ਦੇ ਗਰੀਬ ਪਰਿਵਾਰਾਂ ਦੇ ਕਣਕ ਦਾਲ ਵਾਲੇ ਕਾਰਡ ਕੱਟੇ ਜਾਣ ’ਤੇ ਰੋਹ ’ਚ ਆਏ ਮਜ਼ਦੂਰ ਅਤੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਕੀਤੀ ਨਾਅਰੇਬਾਜ਼ੀ ਕੀਤੀ। ਲਾਭਪਾਤਰੀਆਂ ਨੇ ਕਿਹਾ ਕਿ ਕਾਰਡਾਂ ਦੀ ਛਾਣਬੀਣ ਵਿੱਚ ਜਾਣਬੁਝ ਕਿ ਗਰੀਬ ਪਰਿਵਾਰਾਂ ਦੇ ਕਾਰਡ ਕੱਟੇ ਗਏ ਹਨ ਜਦੋਂ ਕਿ ਵੱਧ ਆਮਦਨ ਵਾਲਿਆਂ ਦੇ ਕਾਰਡ ਨਹੀਂ ਕੱਟੇ ਗਏ।

ਮਜ਼ਦੂਰ ਰਘਬੀਰ ਸਿੰਘ ਨੇ ਕਿਹਾ ਕਿ ਕਰੋਨਾ ਵਰਗੀ ਬਿਮਾਰੀ ਦੇ ਸਮੇਂ ਜਦੋਂ ਮਜ਼ਦੂਰਾਂ ਨੂੰ ਅਨਾਜ ਦੀ ਸਖ਼ਤ ਲੋੜ ਹੈ ਤਾਂ ਉਸ ਸਮੇਂ ਹੀ ਸਰਕਾਰ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਕਾਰਡ ਕੱਟ ਦਿੱਤੇ ਹਨ। ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੰਡੀ ਕਲਾਂ ਦੇ ਬਹੁਤੇ ਕਾਰਡ ਨਵੇਂ ਬਣ ਗਏ ਹਨ ਰਹਿੰਦੇ ਕਾਰਡ ਇਕ ਹਫਤੇ ਤੱਕ ਕੋਟਾ ਆਉਣ ’ਤੇ ਬਹਾਲ ਕਰ ਦਿੱਤੇ ਜਾਣਗੇ। ਮਜ਼ਦੂਰ ਨੇ ਕਿਹਾ ਕਿ ਜੇਕਰ ਕੱਟੇ ਗਏ ਕਾਰਡਾਂ ਦਾ ਕੋਈ ਸਥਾਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।