ਦਸੂਹਾ ਦੇ ਪਾਵਰਕੌਮ ਦਫ਼ਤਰ ਦੀ ਬੱਤੀ ਗੁੱਲ

ਦਸੂਹਾ, 27 ਸਤੰਬ-ਖਪਤਕਾਰਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੇ ਦਾਅਵੇ ਦਸੂਹਾ ਵਿੱਚ ਪਾਵਰਕੌਮ ਦਫ਼ਤਰ ਅੱਗੇ ਠੁੱਸ ਹੋ ਕੇ ਰਹਿ ਜਾਂਦੇ ਹਨ। ਇੱਥੇ ਬਿਜਲੀ ਗੁੱਲ ਹੋਣ ’ਤੇ ਦਫ਼ਤਰ ਦੇ ਕੰਪਿਊਟਰ ਬੰਦ ਹੋ ਜਾਂਦੇ ਹਨ, ਜਿਸ ਕਾਰਨ ਬਿੱਲਾਂ ਦਾ ਭੁਗਤਾਨ ਕਰਨ ਆਏ ਖਪਤਾਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਬਕਾ ਕੌਂਸਲਰ ਮਾਸਟਰ ਨਰਿੰਦਰਜੀਤ ਸਿੰਘ ਕੈਂਥਾਂ ਨੇ ਦੱਸਿਆ ਕਿ ਉਹ ਜਦੋਂ ਬਿੱਲ ਦਾ ਭੁਗਤਾਨ ਕਰਨ ਪਾਵਰਕੌਮ ਦਫ਼ਤਰ ਗਏ ਤਾਂ ਬਿਜਲੀ ਬੰਦ ਹੋਣ ਕਾਰਨ ਦਫ਼ਤਰ ਦੇ ਕੰਪਿਊਟਰ ਬੰਦ ਹੋ ਗਏ ਤੇ ਕਰਮਚਾਰੀ ਨੇ ਬਿੱਲ ਲੈਣੇ ਬੰਦ ਕਰ ਦਿੱਤੇ।

ਉਨ੍ਹਾਂ ਸਮੇਤ ਹੋਰਨਾਂ ਲੋਕਾਂ ਨੂੰ ਕਰੀਬ ਅੱਧੇ ਘੰਟੇ ਤੋਂ ਵੱਧ ਸਮੇਂ ਲਈ ਖੁਆਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਇਤਰਾਜ਼ ਕਰਨ ’ਤੇ ਕਰਮਚਾਰੀ ਨੇ ਮੈਨੂਅਲ ਬਿੱਲ ਲੈਣੇ ਸ਼ੁਰੂ ਕੀਤੇ। ਪਾਵਰਕੌਮ ਦੇ ਸੁਪਰੀਡੈਂਟ ਇੰਜੀਨੀਅਰ ਹੁਸ਼ਿਆਰਪੁਰ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਦੀ ਸੂਰਤ ਵਿੱਚ ਦਫ਼ਤਰ ਦੇ ਕੰਪਿਊਟਰ ਯੂਪੀਐੱਸ ਨਾਲ ਚੱਲਦੇ ਹਨ ਕਿਉਂਕਿ ਪਾਵਰਕੌਮ ਦਫ਼ਤਰ ’ਚ ਜਨਰੇਟਰਾਂ ਦੀ ਸਹੂਲਤ ਨਹੀਂ ਹੁੰਦੀ ਪਰ ਕਿਸੇ ਸਿਸਟਮ ਵਿੱਚ ਤਕਨੀਕੀ ਖਰਾਬੀ ਕਾਰਨ ਖਪਤਕਾਰਾਂ ਨੂੰ ਬਿੱਲਾਂ ਦੇ ਭੁਗਤਾਨ ਵਿੱਚ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਸਮੱਸਿਆ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨਗੇ।