ਨਵਾਂ ਸ਼ਹਿਰ, 27 ਸਤੰਬਰ-ਆਮ ਆਦਮੀ ਪਾਰਟੀ ਵੱਲੋਂ ਮਹੀਨੇ ਭਰ ਤੋਂ ਹਲਕੇ ਦੇ ਪਿੰਡਾਂ ’ਚ ਚਲਾਈ ਸੰਪਰਕ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਦੀ ਅਗਵਾਈ ਪਾਰਟੀ ਆਗੂ ਸਤਨਾਮ ਸਿੰਘ ਜਲਵਾਹਾ ਕਰ ਰਹੇ ਹਨ। ਇਸੇ ਤਹਿਤ ਅੱਜ ਪਿੰਡ ਤਾਜਪੁਰ ’ਚ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸਤ ਅੰਦਰ ਚਿਹਰੇ ਬਦਲਣ ਦੀ ਬਜਾਏ ਚਰਿੱਤਰ ਦੀ ਸਥਾਪਤੀ ਅਹਿਮ ਹੈ। ਉਨ੍ਹਾਂ ਕਿਹਾ ਕਿ ਪਹਿਰਾਵਿਆਂ ਦੀ ਥਾਂ ਜਦੋਂ ਸੋਚ ਬਦਲ ਜਾਵੇਗੀ, ਉਦੋਂ ਇੱਥੋਂ ਦੀ ਪ੍ਰਸ਼ਾਸਨੀ ਵਿਵਸਥਾ ਨੂੰ ਚੰਗੀ ਸਿਆਸਤ ਦਾ ਸਾਥ ਮਿਲਣਾ ਯਕੀਨੀ ਹੋ ਜਾਵੇਗਾ। ਇਸ ਮੌਕੇ ਭੁਪਿੰਦਰ ਸਿੰਘ ਉੜਾਪੜ, ਦਵਿੰਦਰ ਸਿੰਘ ਫਾਂਬੜਾ, ਸੁਰਿੰਦਰ ਸੰਘਾ, ਕੁਲਵਿੰਦਰ ਗਿਰਨ ਨੇ ਸੰਬੋਧਨ ਕੀਤਾ।
‘ਆਪ’ ਆਗੂ ਸਤਨਾਮ ਸਿੰਘ ਜਲਵਾਹਾ ਨੇ ਇੱਥੇ ਦਿਨ ਭਰ ਮੀਟਿੰਗਾਂ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡਾਂ ’ਚ ਨੌਜਵਾਨ ਵਰਗ ਵੱਡੇ ਪੱਧਰ ’ਤੇ ਪਾਰਟੀ ਦੇ ਮਿਸ਼ਨ ਨਾਲ ਜੁੜ ਰਿਹਾ ਹੈ ਤੇ ਲੋਕਾਂ ਵਲੋਂ ਇਨਸਾਫ਼ ਤੇ ਹੱਕ ਸੱਚ ਦੀ ਵਿਵਸਥਾ ਕਾਇਮ ਕਰਨ ਲਈ ਕੇਜਰੀਵਾਲ ਦੀਆਂ ਨੀਤੀਆਂ ’ਤੇ ਪਹਿਰਾ ਦੇਣ ਲਈ ਅਹਿਦ ਕੀਤਾ ਜਾ ਰਿਹਾ ਹੈ।