ਸਕੇ ਭੈਣ ਭਰਾ ਦੀ ਕਰਤੂਤ

ਮਨੁੱਖ ਦੀ ਸਰਵ ਪ੍ਰਥਮ ਵਿਸ਼ੇਸ਼ਤਾ ਉਸ ਦੇ ਸਮਾਜਿਕ ਪ੍ਰਾਣੀ ਹੋਣ ਵਿਚ ਨਿਹਿਤ ਹੈ।ਸਮਾਜ ਵਿਚ ਵਿਚਰਦਿਆਂ ਹੋਇਆ ਹੀ ਇਸ ਨੇ ਅਪਣੇ ਮਾਨਵੀ ਸੰਬੰਧਾਂ ਅਤੇ ਹੋਰ ਮਾਪਦੰਡਾਂ ਦਾ ਵਿਸ਼ਾਲ ਤਾਣਾ ਬਾਣਾ ਬੁਣਿਆ ਹੋਇਆ ਹੈ। ਮੂਲ ਰੂਪ ਵਿਚ ਕਿਸੇ ਸਮਾਜ ਅਤੇ ਸਭਿਆਚਾਰ ਵਿਚਲੀ ਰਿਸ਼ਤਾ ਪ੍ਰਣਾਲੀ ਦੀ ਬੁਨਿਆਦੀ ਧਰਾਤਲ ਭੂਮੀ ‘ਪਰਿਵਾਰ ‘ ਹੈ।ਪਰਿਵਾਰ ਵਿਚੋ ਹੀ ਵਿਵਿਧ ਕਿਸਮ ਦੇ ਰਿਸ਼ਤੇ ਮਨਪਦੇ ਅਤੇ ਪਲਦੇ ਅਤੇ ਵਿਗਸਦੇ ਹਨ। ਇਹੋ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਹੋਰਨਾਂ ਸੰਬੰਧਾਂ ਜਾਂ ਰਿਸ਼ਤਿਆਂ ਦੇ ਟਾਕਰੇ ਦੇ ਸੰਬੰਧਾਂ ਵਿਚ ਵਧੇਰੇ ਪੀਡੀਆ ਅਤੇ ਪਕੇਰੀਆ ਹੁੰਦੀਆਂ ਹਨ।

ਇਸ ਤਰਾਂ ਮਰਦ ਔਰਤ, ਪਤੀ ਪਤਨੀ ਦੇ ਰੂਪ ਵਿਚ ਸੰਤਾਨ ਉਤਪਤੀ ਕਰਦੇ ਹਨ ਅਤੇ ਪਰਿਵਾਰ ਦੀ ਸਰੰਚਨਾ ਘੜ ਕੇ ਰਿਸ਼ਤੇਦਾਰੀ ਦੇ ਮੂਲ ਸਰੋਕਾਰ ਦਾ ਕੇਂਦਰੀ ਧੁਰਾ ਬਣ ਜਾਂਦੇ ਹਨ। ਪਰਿਵਾਰ ਵਿਚ ਹਰੇਕ ਮੈਂਬਰ ਦੇ ਆਪੋ ਆਪਣੇ ਕਰਤੱਵ ਅਤੇ ਅਧਿਕਾਰ ਹੁੰਦੇ ਹਨ।ਜੇਕਰ ਇਸ ਪ੍ਰਕਾਰ ਦੇ ਕਰਤੱਵ ਅਧਿਕਾਰ ਅਤੇ ਸੰਜਮ ਵਿਚ ਵਿਵਹਾਰਕ ਇਕਸਾਰਤਾ ਜਾਂ ਸਾਵਾਪਣ ਨਾ ਰਹੇ ਤਾਂ ਪਰਿਵਾਰ ਖੰਡਿਤ ਹੋ ਜਾਂਦਾ ਹੈ ਅਤੇ ਰਿਸ਼ਤਿਆਂ ਦੀ ਬੁਨਿਆਦ ਵੀ ਖਿਸਕਣੀ , ਹੀਲਣੀ ਜਾਂ ਡਗਮਗਾਉਦੀ ਹੈ।ਮੁੱਖ ਤੌਰ ਤੇ ਪਰਿਵਾਰਕ ਰਿਸ਼ਤੇ ਪਤੀ ਪਤਨੀ, ਪਿਉ ਪੁੱਤਰ, ਪਿਉ ਧੀ, ਮਾਂ ਪੁੱਤਰ, ਮਾਂ ਧੀ,ਭਰਾ ਭਰਾ, ਭੈਣ ਭਰਾ ਦੇ ਰਿਸ਼ਤੇ ਦੇ ਰੂਪ ਵਿਚ ਉਘੜਦੇ ਹਨ।ਪੰਜਾਬੀਆਂ ਦੇ ਰਿਸ਼ਤੇ ਤਾਂ ਅਨੇਕਾਂ ਗਿਣਾਏ ਜਾ ਸਕਦੇ ਹਨ ਪਰ ਪੰਜ ਪ੍ਰਕਾਰ ਦੇ ਰਿਸ਼ਤੇ ਨਾਤੇ ਤਾਂ ਪੰਜਾਬੀਆਂ ਦੀ ਜੀਵਨ ਸ਼ੈਲੀ ਵਿਚ ਪ੍ਰਚਲਿਤ ਹਨ।