ਲਉ ਦੇਖ ਲਉ ਇੰਡੀਆ ਦਾ ਹਾਲ

ਸਥਾਨਕ ਸ਼ਹਿਰ ਵਿਚ ਫਿਰਦੇ ਅਵਾਰਾ ਪਸ਼ੂਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਹ ਅਵਾਰਾ ਪਸ਼ੂ ਹੁਣ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਹਨ ਪਰ ਪ੍ਰਸ਼ਾਸਨ ਜਾਂ ਸਰਕਾਰ ਇਸ ਮਸਲੇ ‘ਤੇ ਗੰਭੀਰ ਦਿਖਾਈ ਨਹੀਂ ਦੇ ਰਹੀ। ਪੰਜਾਬ ਦੀ ਸੱਤਾ ‘ਤੇ ਬਿਰਾਜਮਾਨ ਕਾਂਗਰਸ ਤੇ ਪਹਿਲਾਂ 10 ਸਾਲ ਪੰਜਾਬ ਦੀ ਸੱਤਾ ਦਾ ਸੁੱਖ ਭੋਗ ਚੁੱਕੀ ਅਕਾਲੀ ਭਾਜਪਾ ਵਲੋਂ ਅਵਾਰਾ ਪਸ਼ੂਆਂ ਦੇ ਹੱਲ ਲਈ ਅਨੇਕਾਂ ਦਾਅਵੇ ਤੇ ਵਾਅਦੇ ਤਾਂ ਕੀਤੇ, ਪਰ ਇਹ ਵਾਅਦੇ ਵਫਾ ਨਾ ਹੋਣ ਕਾਰਨ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜ਼ਾਤ ਨਹੀਂ ਮਿਲ ਸਕੀ

ਅਵਾਰਾ ਪਸ਼ੂਆਂ ਖ਼ਾਸ ਤੌਰ ਉੱਤੇ ਦੁੱਧ ਦੇਣੋਂ ਹਟ ਗਈਆਂ ਗਾਵਾਂ ਦੀ ਸਾਂਭ ਸੰਭਾਲ ਦਾ ਮਸਲਾ ਪੰਜਾਬ ਦੇ ਮੁੱਖ ਮੁੱਦਿਆਂ ਵਿਚੋਂ ਇਕ ਹੈ। ਇਨ੍ਹਾਂ ਪਸ਼ੂਆਂ ਦੁਆਰਾ ਕੀਤੇ ਗਏ ਖੇਤੀ ਦੇ ਉਜਾੜੇ ਕਾਰਨ ਕਿਸਾਨਾਂ ਦੀ ਰਾਤਾਂ ਦੀ ਨੀਂਦ ਉੱਡੀ ਪਈ ਹੈ ਅਤੇ ਸੜਕਾਂ ’ਤੇ ਦੁਰਘਟਨਾਵਾਂ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਵਿਧਾਨ ਸਭਾ ਵਿਚ ਅਵਾਰਾ ਪਸ਼ੂਆਂ ਦੇ ਮੁੱਦੇ ਉੱਤੇ ਧਿਆਨ ਦਿਵਾਊ ਮਤੇ ਜਾਂ ਹੋਰ ਮਤਿਆਂ ਉੱਤੇ ਕਈ ਵਾਰ ਚਰਚਾ ਹੋਈ ਪਰ ਹਾਲਤ ‘ਸਾਹਬ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ’ ਵਾਲੀ ਬਣੀ ਹੋਈ ਹੈ।

ਅਕਾਲੀ-ਭਾਜਪਾ ਸਰਕਾਰ ਸਮੇਂ ਅਵਾਰਾ ਪਸ਼ੂਆਂ ਦੇ ਪ੍ਰਬੰਧ ਲਈ ਸਾਰੇ ਜ਼ਿਲ੍ਹਿਆਂ ਵਿਚ ਲਗਭਗ 2-2 ਹਜ਼ਾਰ ਪਸ਼ੂਆਂ ਵਾਸਤੇ ਪਿੰਡਾਂ ਤੋਂ 10 ਤੋਂ 25 ਏਕੜ ਤੱਕ ਸ਼ਾਮਲਾਟ ਜ਼ਮੀਨਾਂ ਲੈ ਲਈਆਂ ਗਈਆਂ ਸਨ। ਡਿਪਟੀ ਕਮਿਸ਼ਨਰਾਂ ਦੀ ਅਗਵਾਈ ਵਾਲੀਆਂ ਕਮੇਟੀਆਂ ਨੂੰ ਇਹ ਗਊਸ਼ਾਲਾਵਾਂ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇਨ੍ਹਾਂ ਵਿਚ ਪੂਰੇ ਪਸ਼ੂ ਅਜੇ ਤੱਕ ਨਹੀਂ ਛੱਡੇ ਗਏ ਪਰ ਕਮੇਟੀਆਂ ਪਹਿਲਾਂ ਹੀ ਦਮ ਤੋੜਦੀਆਂ ਲੱਗਦੀਆਂ ਹਨ ਹਾਲਾਂਕਿ ਪੈਸੇ ਵਾਸਤੇ ਵਾਧੂ ਦਾ ਗਊ ਸੈੱਸ ਲਗਾ ਦਿੱਤਾ ਹੋਇਆ ਹੈ। ਪੰਜਾਬ ਦੀਆਂ ਲਗਭਗ 475 ਦੇ ਕਰੀਬ ਰਜਿਸਟਰਡ ਗਊਸ਼ਾਲਾਵਾਂ ਪਹਿਲਾਂ ਹੀ ਲੋੜੋਂ ਵੱਧ ਅਵਾਰਾ ਗਊਆਂ ਸੰਭਾਲ ਰਹੀਆਂ ਹਨ। ਅਸਲ ਵਿਚ ਹਰ ਸਾਲ ਨਵੀਆਂ ਗਊਆਂ ਸੜਕਾਂ ਉੱਤੇ ਆ ਜਾਂਦੀਆਂ ਹਨ। ਗਊਆਂ ਰੱਖਿਅਕਾਂ ਦੇ ਨਾਮ ਉੱਤੇ ਕਈ ਸੰਸਥਾਵਾਂ ਤੇ ਟੋਲੀਆਂ ਬਣ ਗਈਆਂ ਹਨ।