ਹੌਲਦਾਰਨੀ ਦੇ ਕਾਰਨਾਮੇ ਨੂੰ ਸਲਾਮ! ਇਕੱਲੀ ਨੇ ਹੀ 3 ਮਹੀਨਿਆਂ ’ਚ ਗੁੰਮ ਹੋਏ 76 ਬੱਚੇ ਲੱਭੇ

ਨਵੀਂ ਦਿੱਲੀ: ਸਮਯਪੁਰ ਬਾਦਲੀ ਪੁਲਿਸ ਥਾਣੇ ਦੀ ਮਹਿਲਾ ਹੈੱਡ ਕਾਂਸਟੇਬਲ ਸੀਮਾ ਢਾਕਾ ਦਿੱਲੀ ਪੁਲਿਸ ਦੀ ਪਹਿਲੀ ਅਜਿਹੀ ਮੁਲਾਜ਼ਮ ਬਣ ਗਏ ਹਨ, ਜਿਸ ਨੂੰ ਆਪਣੀ ਵਾਰੀ ਤੋਂ ਪਹਿਲਾਂ ਹੀ ਤਰੱਕੀ ਮਿਲੀ ਹੈ। ਦਰਅਸਲ, ਉਸ ਨੇ ਇਕੱਲਿਆਂ ਹੀ ਪਿਛਲੇ 3 ਮਹੀਨਿਆਂ ਦੌਰਾਨ ਗੁੰਮ ਹੋਏ 76 ਬੱਚਿਆਂ ਨੂੰ ਲੱਭਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ਼੍ਰੀਵਾਸਤਵਾ ਨੇ ਸੀਮਾ ਢਾਕਾ ਦੀ ਵਧੀਆ ਕਾਰਗੁਜ਼ਾਰੀ ਦੇ ਆਧਾਰ ਉੱਤੇ ਉਸ ਦੀ ਤਰੱਕੀ ਦਾ ਐਲਾਨ ਕੀਤਾ।

ਸੀਮਾ ਢਾਕਾ ਵੱਲੋਂ ਲੱਭੇ ਗਏ ਬੱਚਿਆਂ ਦੀ ਉਮਰ 14 ਸਾਲ ਤੋਂ ਘੱਟ ਹੈ। ਗੁੰਮ ਹੋਏ ਇਹ ਬੱਚੇ ਸਿਰਫ਼ ਦਿੱਲੀ ਤੋਂ ਹੀ ਨਹੀਂ, ਸਗੋਂ ਪੰਜਾਬ ਤੇ ਪੱਛਮੀ ਬੰਗਾਲ ਜਿਹੇ ਹੋਰਨਾਂ ਰਾਜਾਂ ’ਚੋਂ ਲੱਭੇ ਹਨ। ਦਿੱਲੀ ਪੁਲਿਸ ਦੇ ਐਡੀਸ਼ਨਲ ਪੀਆਰਓ ਅਨਿਲ ਮਿੱਤਲ ਨੇ ਦੱਸਿਆ ਕਿ ਬੱਚੇ ਦਿੱਲੀ ਦੇ ਵੱਖੋ-ਵੱਖਰੇ ਪੁਲਿਸ ਥਾਣਾ ਖੇਤਰਾਂ ’ਚੋਂ ਗੁੰਮ ਹੋਏ ਸਨ। ਉਨ੍ਹਾਂ ਦੱਸਿਆ ਕਿ ਸੀਮਾ ਢਾਕਾ ਨੇ ਤਨਦੇਹੀ ਨਾਲ ਕੰਮ ਕਰਦਿਆਂ ਇਹ ਬੱਚੇ ਪਿਛਲੇ ਢਾਈ ਮਹੀਨਿਆਂ ਦੌਰਾਨ ਲੱਭੇ ਹਨ।

ਇਸੇ ਵਰ੍ਹੇ 5 ਅਗਸਤ ਨੂੰ ਦਿੱਲੀ ਪੁਲਿਸ ਨੇ ਇੱਕ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਸੀ; ਜਿਸ ਅਧੀਨ ਜੇ ਕੋਈ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ 12 ਮਹੀਨਿਆਂ ਦੇ ਸਮੇਂ ਅੰਦਰ 14 ਸਾਲ ਤੋਂ ਘੱਟ ਉਮਰ ਦੇ ਗੁੰਮ ਹੋਏ 50 ਜਾਂ ਵੱਧ ਬੱਚੇ ਲੱਭਦਾ ਹੈ, ਤਾਂ ਉਸ ਨੂੰ ਵਾਰੀ ਤੋਂ ਪਹਿਲਾਂ ਤਰੱਕੀ ਦਿੱਤੀ ਜਾਵੇਗੀ।=