ਅਮਰੀਕਾ ’ਚ ਪਿਆਜ਼ ਨਾਲ ਫੈਲੀ ਬੀਮਾਰੀ, 600 ਤੋਂ ਜ਼ਿਆਦਾ ਲੋਕ ਹੋਏ ਬੀਮਾਰ

0
240

ਨਿਊਯਾਰਕ : ਕੋਰੋਨਾ ਦੇ ਨਾਲ ਹੁਣ ਵਿਆਜ਼ਾਂ ਨੇ ਲੋਕਾਂ ਦਾ ਜੀਉਣਾ ਔਖਾ ਕਰ ਦਿਤਾ ਹੈ। ਤਾਜਾ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ 37 ਸੂਬਿਆਂ ਵਿਚ ਪਿਆਜ਼ਾਂ ਕਾਰਨ ਸਾਲਮੋਨੇਲਾ ਬੈਕਟੀਰੀਆ ਦੇ ਪ੍ਰਕੋਪ ਨਾਲ 650 ਤੋਂ ਜ਼ਿਆਦਾ ਲੋਕ ਬੀਮਾਰ ਹੋ ਗਏ। ਅਮਰੀਕਾ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕਿਹਾ ਕਿ ਫਿਲਹਾਲ ਕਰੀਬ 129 ਲੋਕ ਹਸਪਤਾਲ ਵਿਚ ਭਰਤੀ ਹਨ ਅਤੇ ਅਜੇ ਤੱਕ ਕਿਸੇ ਦੀ ਮੌਤ ਨਹੀਂ ਹੋਈ ਹੈ।

ਅਗੱਸਤ ਅਤੇ ਸਤੰਬਰ ਦੇ ਮਹੀਨੇ ਵਿਚ ਇਸ ਬੀਮਾਰੀ ਦੇ ਵਧਣ ਦੀ ਸੂਚਨਾ ਮਿਲੀ ਸੀ ਅਤੇ ਇਸ ਦੇ ਬਾਅਦ ਜ਼ਿਆਦਾ ਮਾਮਲੇ ਟੈਕਸਾਸ ਅਤੇ ਓਕਲਾਹੋਮਾ ਵਿਚ ਦਰਜ ਕੀਤੇ ਗਏ। ਸੀ.ਡੀ.ਸੀ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀਮਾਰ ਲੋਕਾਂ ਨੂੰ ਪੁੱਛਣ ’ਤੇ ਪਤਾ ਲੱਗਾ ਹੈ ਕਿ 75 ਫ਼ੀਸਦੀ ਲੋਕਾਂ ਨੇ ਬੀਮਾਰ ਹੋਣ ਤੋਂ ਪਹਿਲਾਂ ਕੱਚਾ ਗੰਢਾ ਖਾਧਾ ਸੀ ਜਾਂ ਕੱਚੇ ਗੰਢਿਆਂ ਵਾਲੇ ਪਕਵਾਨ ਖਾਧੇ ਸਨ।

ਇਨ੍ਹਾਂ ਗੰਢਿਆਂ ਨੂੰ ਪ੍ਰੋਸੋਰਸ ਨਾਮ ਦੀ ਕੰਪਨੀ ਨੇ ਪੂਰੇ ਅਮਰੀਕਾ ਵਿਚ ਵੰਡਿਆ ਹੈ। ਕੰਪਨੀ ਨੇ ਸਿਹਤ ਅਧਿਕਾਰੀਆਂ ਨੂੰ ਦਸਿਆ ਕਿ ਗੰਢਿਆਂ ਦਾ ਆਯਾਤ ਆਖ਼ਰੀ ਵਾਰ ਅਗੱਸਤ ਦੇ ਆਖ਼ੀਰ ਵਿਚ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਲੰਮੇ ਸਮੇਂ ਤਕ ਭੰਡਾਰ ਕਰ ਕੇ ਰਖਿਆ ਜਾ ਸਕਦਾ ਹੈ। ਇਸ ਲਈ ਸੰਭਵ ਹੈ ਕਿ ਗੰਢੇ ਲੋਕਾਂ ਦੇ ਘਰਾਂ ਵਿਚ ਅਤੇ ਵਪਾਰੀਆਂ ਕੋਲ ਪਏ ਹੋਣ।


ਇਸ ਦੇ ਮੱਦੇਨਜ਼ਰ ਸੀ.ਡੀ.ਸੀ. ਵਲੋਂ ਅਮਰੀਕਾ ਵਿਚ ਉਪਭੋਗਤਾਵਾਂ ਨੂੰ ਸਲਾਹ ਦਿਤੀ ਜਾ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਲਾਲ, ਚਿੱਟੇ ਜਾਂ ਪੀਲੇ ਗੰਢਿਆਂ ਨੂੰ ਨਾ ਖ਼ਰੀਦਣ ਅਤੇ ਨਾ ਹੀ ਖਾਣ ਅਤੇ ਬਿਨਾਂ ਸਟਿਕਰ ਜਾਂ ਪੈਕੇਟ ਵਾਲੇ ਲਾਲ, ਚਿੱਟੇ ਜਾਂ ਪੀਲੇ ਗੰਢੇ ਤੁਰਤ ਸੁੱਟ ਦੇਣ। ਖ਼ਾਸ ਕਰ ਕੇ ਜੋ ਚਿਹੁਆਹੁਆ ਤੋਂ ਆਯਾਤ ਕੀਤੇ ਗਏ ਹਨ ਅਤੇ ਪ੍ਰੋਸੋਰਸ ਕੰਪਨੀ ਨੇ ਵੰਡੇ ਹਨ। ਸਾਲਮੋਨੇਲਾ ਦੇ ਲੱਛਣ ਵਿਚ ਡਾਈਰੀਆ, ਬੁਖ਼ਾਰ ਅਤੇ ਢਿੱਡ ਵਿਚ ਖਿੱਚ ਵਰਗੀਆਂ ਤਕਲੀਫ਼ਾਂ ਸ਼ਾਮਲ ਹਨ, ਜੋ ਆਮਤੌਰ ’ਤੇ ਦੂਸ਼ਿਤ ਭੋਜਨ ਜ਼ਰੀਏ ਸੰਕ੍ਰਮਿਤ ਹੋਣ ਦੇ 6 ਘੰਟੇ ਤੋਂ ਲੈ ਕੇ 6 ਦਿਨ ਬਾਅਦ ਦਿਖਾਈ ਦੇ ਸਕਦੇ ਹਨ।