ਪੰਜਾਬ ‘ਚ ਅਨੋਖੀ ਪਹਿਲ: Jio ਸਿਮ ਬੰਦ ਕਰਨ ਤੇ ਕਰੋ 15 ਦਿਨਾ ਲਈ ਬੱਸ ‘ਚ ਮੁਫ਼ਤ ਸਫ਼ਰ

ਸਵਿੰਦਰ ਕੌਰ, ਚੰਡੀਗੜ੍ਹ – ਪੰਜਾਬੀ ਹਮੇਸ਼ਾ ਹੀ ਕੁੱਝ ਵੱਖਰਾ ਕਰ ਵਿਖਾਉਦੇ ਹਨ। ਇਸ ਵੇਲੇ ਜਿੱਥੇ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਕੇਂਦਰ ਨਾਲ ਪੇਚਾ ਪਿਆ ਹੋਇਆ ਹੈ, ਉਥੇ ਹੀ ਪੰਜਾਬ ਸਮੇਤ ਦੇਸ਼ ਭਰ ਦੇ ਲੋਕ, ਜੋ ਕਿਸਾਨੀ ਨੂੰ ਪਿਆਰ ਕਰਦੇ ਹਨ, ਉਨ੍ਹਾਂ ਦੇ ਵੱਲੋਂ ਰਿਲਾਇਸ ਜੀਓ ਨੂੰ ਪੋਰਟ ਕਰਕੇ, ਹੋਰਨਾਂ ਕੰਪਨੀਆਂ ਵਿੱਚ ਆਪਣੀਆਂ ਮੋਬਾਈਲ ਸਿੰਮਾਂ ਤਬਦੀਲ ਕਰਵਾਈਆਂ ਜਾ ਰਹੀਆਂ ਹਨ।

ਕਿਸਾਨ ਇਸ ਵੇਲੇ ਦਿੱਲੀ ਧਰਨੇ ਤੇ ਬੈਠ ਕੇ ਮੋਦੀ ਸਰਕਾਰ ਨੂੰ ਹਿਲਾਈ ਖੜੇ ਹਨ, ਉਥੇ ਹੀ ਪੰਜਾਬ ਵਿੱਚ ਜੋ ਇਸ ਵੇਲੇ ਲੋਕ ਰਹਿ ਰਹੇ ਹਨ, ਉਹ ਅੰਬਾਨੀ ਦੀ ਜੀਓ ਕੰਪਨੀ ਨੂੰ ਬਾਏ ਬਾਏ ਆਖ ਰਹੇ ਹਨ।

ਪੰਜਾਬ ਅਤੇ ਹਰਿਆਣੇ ਵਿੱਚ ਲੱਖਾਂ ਲੋਕਾਂ ਨੇ ਜੀਓ ਨੂੰ ਤਿਆਗ ਦਿੱਤਾ ਹੋਇਆ ਹੈ, ਜਦੋਂਕਿ ਦੂਜੇ ਪਾਸੇ ਇਸ ਵੇਲੇ ਜੀਓ ਸਿੰਮ ਨੂੰ ਪੋਰਟ ਕਰਵਾਉਣ ਵਾਲਿਆਂ ਲਈ ਮੁਫ਼ਤ ਬੱਸ ਸੇਵਾ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੱਸਦੇ ਚੱਲੀਏ ਕਿ ਸੋਸ਼ਲ ਮੀਡੀਆ ਤੇ ਇੱਕ ਪੋਸਟ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ।

ਜਿਸ ਦੇ ਵਿੱਚ ਇੱਕ ਨਿੱਜੀ ਬੱਸ ਕੰਪਨੀ ਸੰਧੂ ਵਾਲਿਆਂ ਨੇ ਕਮਾਲ ਹੀ ਕਰ ਦਿੱਤੀ ਹੈ, ਉਨ੍ਹਾਂ ਦੇ ਵੱਲੋਂ ਜੀਓ ਸਿੰਮ ਨੂੰ ਪੋਰਟ ਕਰਵਾਉਣ ਵਾਲੇ ਲੋਕਾਂ ਨੂੰ 15 ਦਿਨਾ ਲਈ ਬਸ ਵਿੱਚ ਮੁਫ਼ਤ ਸਫ਼ਰ ਕਰਨ ਦੀ ਆਫ਼ਰ ਦੇ ਦਿੱਤੀ ਹੈ। ਵਾਇਰਲ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਜਿਹੜਾ ਵੀ ਜੀਓ ਸਿੰਮ ਨੂੰ ਪੋਰਟ ਕਰਵਾਏਗਾ, ਉਸ ਨੂੰ ਮੁਫ਼ਤ ਸਫ਼ਰ 15 ਦਿਨਾਂ ਵਾਸਤੇ ਕਰਵਾਇਆ ਜਾਵੇਗਾ।