ਦਿਲਪ੍ਰੀਤ ਢਿੱਲੋਂ ਦੇ ਲਾਪਤਾ ਪਿਤਾ ਨੂੰ ਲੱਭਣ ਲਈ ਹੁਣ ਪਤਨੀ ਅੰਬਰ ਧਾਲੀਵਾਲ ਨੇ ਵੀ ਕੀਤੀ ਅਪੀਲ

ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਦਰਅਸਲ ਦਿਲਪ੍ਰੀਤ ਢਿੱਲੋਂ ਦੇ ਪਿਤਾ ਕੁਲਦੀਪ ਸਿੰਘ ਢਿੱਲੋਂ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹਨ ਤੇ ਉਨ੍ਹਾਂ ਦਾ ਮੋਬਾਇਲ ਵੀ ਬੰਦ ਆ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿਲਪ੍ਰੀਤ ਢਿੱਲੋਂ ਵਲੋਂ ਬੀਤੇ ਦਿਨੀਂ ਸਾਂਝੀ ਕੀਤੀ ਗਈ ਸੀ, ਜਿਸ ਤੋਂ ਬਾਅਦ ਵੱਖ-ਵੱਖ ਪੰਜਾਬੀ ਕਲਾਕਾਰਾਂ ਵਲੋਂ ਦਿਲਪ੍ਰੀਤ ਢਿੱਲੋਂ ਦੀ ਭਾਲ ਲਈ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਗਈ।

ਹੁਣ ਦਿਲਪ੍ਰੀਤ ਢਿੱਲੋਂ ਦੀ ਪਤਨੀ ਅੰਬਰ ਧਾਲੀਵਾਲ ਵੀ ਉਸ ਦੇ ਪਿਤਾ ਦੀ ਭਾਲ ਲਈ ਅੱਗੇ ਆਈ ਹੈ। ਅੰਬਰ ਧਾਲੀਵਾਲ ਨੇ ਦਿਲਪ੍ਰੀਤ ਢਿੱਲੋਂ ਵਲੋਂ ਸਾਂਝੀ ਕੀਤੀ ਪੋਸਟ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ’ਚ ਅਪਲੋਡ ਕਰਦਿਆਂ ਲਿਖਿਆ, ‘ਮਾਂ-ਪਿਓ ਸਾਰੇ ਰੱਬ ਵਰਗੇ ਹੁੰਦੇ। ਜੇ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰਾਂ ’ਤੇ ਸੰਪਰਕ ਕਰੋ। ਵਾਹਿਗੁਰੂ ਮਿਹਰ ਕਰੇ।’

ਦੱਸਣਯੋਗ ਹੈ ਕਿ ਦਿਲਪ੍ਰੀਤ ਤੇ ਅੰਬਰ ਦੋਵੇਂ ਅਲੱਗ-ਅਲੱਗ ਰਹਿੰਦੇ ਹਨ, ਜਿਨ੍ਹਾਂ ਦਾ ਵਿਆਹ ਨੂੰ ਲੈ ਕੇ ਵਿਵਾਦ ਵੀ ਸੋਸ਼ਲ ਮੀਡੀਆ ’ਤੇ ਪਿਛਲੇ ਸਾਲ ਸਾਹਮਣੇ ਆਇਆ ਸੀ। ਉਂਝ ਜੋ ਤਸਵੀਰ ਅੰਬਰ ਨੇ ਸਾਂਝੀ ਕੀਤੀ ਹੈ, ਉਸ ’ਚ ਪਹਿਲੀ ਲਾਈਨ ਦੇ ਕੁਝ ਸ਼ਬਦ ਕੱਟ ਦਿੱਤੇ ਗਏ ਹਨ।

ਦਿਲਪ੍ਰੀਤ ਢਿੱਲੋਂ ਨੇ ਪਿਤਾ ਦੀ ਭਾਲ ਲਈ ਜੋ ਤਸਵੀਰ ਸਾਂਝੀ ਕੀਤੀ ਸੀ, ਉਸ ਨਾਲ ਉਨ੍ਹਾਂ ਲਿਖਿਆ ਸੀ, ‘ਇਹ ਤਸਵੀਰ ਮੇਰੇ ਪਿਤਾ ਜੀ ਦੀ ਹੈ, ਇਨ੍ਹਾਂ ਦਾ ਨਾਂ ਕੁਲਦੀਪ ਸਿੰਘ ਢਿੱਲੋਂ ਹੈ। ਇਹ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹਨ, ਇਨ੍ਹਾਂ ਦਾ ਫੋਨ ਵੀ ਬੰਦ ਆ ਰਿਹਾ ਹੈ। ਜੇ ਕਿਤੇ ਵੀ ਕਿਸੇ ਨੇ ਇਨ੍ਹਾਂ ਨੂੰ ਦੇਖਿਆ ਹੋਵੇ ਤਾਂ ਕਿਰਪਾ ਕਰਕੇ ਸਾਨੂੰ ਇਸ ਨੰਬਰ ’ਤੇ ਸੰਪਰਕ ਕਰੋ 9803000570, 7888428616।’