
ਨਵੀਂ ਦਿੱਲੀ, 2 ਸਤੰਬਰ (ਏਜੰਸੀ)-ਚੀਨ ਨਾਲ ਵਧਦੇ ਸਰਹੱਦੀ ਤਣਾਅ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਲਰਟ ਜਾਰੀ ਕਰਦਿਆਂ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ | ਇਸ ਸਬੰਧੀ ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਭਾਰਤ-ਚੀਨ, ਭਾਰਤ-ਨਿਪਾਲ ਤੇ ਭਾਰਤ-ਭੂਟਾਨ ਸਰਹੱਦ ‘ਤੇ ਤਾਇਨਾਤ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ | ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਇੰਡੋ ਤਿਬਤਨ ਬਾਰਡਰ ਪੁਲਿਸ (ਆਈ.ਟੀ.ਬੀ.ਪੀ.) ਤੇ ਸਸ਼ਸਤਰ ਸੀਮਾ ਬਲ (ਐਸ.ਐਸ.ਬੀ.) ਨੂੰ ਚੀਨ ਨਾਲ ਲਗਦੀ ਸਰਹੱਦ ‘ਤੇ ਚੌਕਸੀ ਤੇ ਗਸ਼ਤ ਵਧਾਉਣ ਲਈ ਕਿਹਾ ਗਿਆ ਹੈ |
ਆਈ. ਟੀ. ਬੀ. ਪੀ. ਤੇ ਐਸ.ਐਸ.ਬੀ. ਨੂੰ ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਲੱਦਾਖ ਤੇ ਸਿੱਕਮ ਸਰਹੱਦ ਤੋਂ ਇਲਾਵਾ ਭਾਰਤ-ਨਿਪਾਲ-ਚੀਨ ਸਰਹੱਦ ‘ਤੇ ਸਥਿਤ ਟਰਾਈ ਜੰਕਸ਼ਨ ਤੇ ਉੱਤਰਾਖੰਡ ‘ਚ ਕਾਲਾ ਪਾਣੀ ਖੇਤਰ ‘ਚ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ | ਇਸ ਤੋਂ ਇਲਾਵਾ ਐਸ.ਐਸ.ਬੀ. ਦੀਆਂ ਕੁਝ ਕੰਪਨੀਆਂ ਨੂੰ ਇੰਡੀਆ-ਨਿਪਾਲ ਸਰਹੱਦ ਵੱਲ ਭੇਜਿਆ ਗਿਆ ਹੈ | ਇਸ ਤੋਂ ਪਹਿਲਾਂ ਇਹ ਕੰਪਨੀਆਂ ਜੰਮੂ-ਕਸ਼ਮੀਰ ਤੇ ਦਿੱਲੀ ‘ਚ ਤਾਇਨਾਤ ਸਨ | ਇਸ ਸਬੰਧੀ ਫੈਸਲਾ ਗ੍ਰਹਿ ਮੰਤਰਾਲਾ, ਸਰਹੱਦੀ ਪ੍ਰਬੰਧਾਂ ਬਾਰੇ ਸਕੱਤਰ ਤੇ ਆਈ.ਟੀ.ਬੀ.ਪੀ. ਤੇ ਐਸ.ਐਸ.ਬੀ. ਦੇ ਅਧਿਕਾਰੀਆਂ ਵਲੋਂ ਕੀਤੀ ਉੱਚ-ਪੱਧਰੀ ਬੈਠਕ ਦੌਰਾਨ ਲਿਆ ਗਿਆ ਹੈ |