
ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਬਲਜਿੰਦਰ ਸਿੰਘ)- ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਕਿਸੇ ਨਾ ਕਿਸੇ ਸਾਜਿਸ਼ ਜ਼ਰੀਏ ਢਾਹ ਲਾਉਣ ‘ਚ ਫ਼ੇਲ੍ਹ ਹੋਈ ਕੇਂਦਰ ਸਰਕਾਰ ਹੁਣ ਦਿੱਲੀ ਪੁਲਿਸ ਰਾਹੀਂ ਕਿਸਾਨੀ ਸੰਘਰਸ਼ ‘ਚ ਸ਼ਾਮਿਲ ਹੋਏ ਕਿਸਾਨਾਂ ‘ਤੇ ਨਾਜਾਇਜ਼ ਤੇ ਝੂਠੇ ਮੁਕੱਦਮੇ ਦਰਜ ਕਰਕੇ ਦਬਾਅ ਬਣਾਉਣ ਦੀ ਕੋਸ਼ਿਸ਼ ‘ਚ ਲੱਗ ਗਈ ਹੈ, ਜਿਸ ਦੇ ਤਹਿਤ ਪੰਜਾਬ ‘ਚੋਂ ਅੰਦੋਲਨ ‘ਚ ਸ਼ਾਮਿਲ ਹੋਏ ਕਿਸਾਨਾਂ ‘ਤੇ ਦਿੱਲੀ ਪੁਲਿਸ ਦੀ ਅ ਪ ਰਾ ਧ ਸ਼ਾਖਾ ਵਲੋਂ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ |
ਉਕਤ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਸਬੰਧੀ ਬਣਾਈ ਗਈ ਕਾਨੂੰਨੀ ਸਲਾਹਕਾਰ ਕਮੇਟੀ ਦੇ ਮੈਂਬਰ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਫ਼ਤਹਿਗੜ੍ਹ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਜ਼ਿਲ੍ਹਾ ਪਟਿਆਲਾ ਨਾਲ ਸਬੰਧਿਤ ਇਕ ਕਿਸਾਨ ਨੇ ਦੱਸਿਆ ਕਿ ਉਹ ਕਿਸਾਨੀ ਸੰਘਰਸ਼ ਦੌਰਾਨ ਬਿਮਾਰ ਹੋਣ ਉਪਰੰਤ ਦਵਾਈ ਲੈਣ ਲਈ ਗਿਆ ਸੀ ਤੇ ਉਸ ਨੇ ਉਥੇ ਆਪਣਾ ਪਤਾ ਦਰਜ ਕਰਵਾਇਆ ਸੀ | ਦਿੱਲੀ ਅਪਰਾਧ ਸ਼ਾਖਾ ਵਲੋਂ ਉਥੋਂ ਪਤਾ ਪ੍ਰਾਪਤ ਕਰਕੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ‘ਚ ਸ਼ਾਮਿਲ ਹੋਣ ਲਈ ਨੋਟਿਸ ਭੇਜਿਆ ਗਿਆ ਹੈ, ਜਦਕਿ ਦੂਸਰੇ ਕਿਸਾਨ ਨੇ ਹੈਰਾਨੀ ਜਿਤਾਉਂਦਿਆਂ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਪਤਾ ਪੁਲਿਸ ਨੂੰ ਕਿਵੇਂ ਪਹੁੰਚਿਆ |
ਐਡਵੋਕੇਟ ਧਾਰਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਦੇ ਕੇਸਾਂ ਦੀ ਮੁਫ਼ਤ ਪੈਰਵੀ ਲਈ ਬਣਾਏ ਵਿਸ਼ੇਸ਼ ‘ਲੀਗਲ ਪੈਨਲ’ ਤਹਿਤ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਬਣਾਏ ‘ਲੀਗਲ ਸੈੱਲ’ ਨਾਲ ਤਾਲਮੇਲ ਕਰਕੇ ਪੀੜਤ ਕਿਸਾਨਾਂ ਦੇ ਕੇਸਾਂ ਦੀ ਪੈਰਵਾਈ ਕਰਨਗੇ |