ਸਰਦੂਲ ਸਿਕੰਦਰ ਲਈ ਅਮਰ ਨੂਰੀ ਨੇ ਦਿੱਤਾ ਸੀ ਬੇਤਹਾਸ਼ਾ ਮੁਹੱਬਤ ਦਾ ਸਬੂਤ, ਪਿਆਰ ਨੂੰ ਹਮੇਸ਼ਾ ਲਈ ਕੀਤਾ ਅਮਰ

ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਤੇ ਅਮਰ ਨੂਰੀ ਪੰਜਾਬੀ ਸੰਗੀਤ ਜਗਤ ਦੀ ਉਹ ਜੋੜੀ ਹੈ, ਜਿਸ ਨੇ ਪੰਜਾਬ ਦੇ ਹਰ ਘਰ ‘ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ। 1980 ਦੇ ਸ਼ੁਰੂਆਤੀ ਦੌਰ ‘ਚ ਆਪਣੀ ਐਲਬਮ ‘ਰੋਡਵੇਜ਼ ਦੀ ਲਾਰੀ’ ਦੇ ਬਲਬੂਤੇ ‘ਤੇ ਰੇਡੀਓ ਅਤੇ ਟੈਲੀਵਿਜ਼ਨ ਰਾਹੀਂ ਆਗਾਜ਼ ਕਰਨ ਵਾਲੇ ਸਰਦੂਲ ਸਿਕੰਦਰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਦੱਸ ਦਈਏ ਕਿ ਸਰਦੂਲ ਸਿਕੰਦਰ ਪਟਿਆਲਾ ਦੇ ਸੰਗੀਤ ਘਰਾਣੇ ਨਾਲ ਸਬੰਧ ਰੱਖਦੇ ਸਨ। ਸਰਦੂਲ ਸਿਕੰਦਰ 15 ਜਨਵਰੀ 1961 ‘ਚ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜ੍ਹੀ ਨੌਧ ਸਿੰਘ ‘ਚ ਜਨਮੇ ਸਨ। ਸਰਦੂਲ ਸਿਕੰਦਰ ਦਾ ਪਹਿਲਾ ਨਾਂ ਸਰਦੂਲ ਸਿੰਘ ਸਰਦੂਲ ਸੀ। ਉਨ੍ਹਾਂ ਨੇ ਗਾਇਕੀ ਤੋਂ ਇਲਾਵਾ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ, ਜਿਸ ‘ਚ ‘ਜੱਗਾ ਡਾਕੂ’ ਦਾ ਨਾਂ ਖ਼ਾਸ ਹੈ। ਆਪਣੇ ਇਸ ਸੰਗੀਤਕ ਸਫ਼ਰ ‘ਚ ਸਰਦੂਲ ਸਿਕੰਦਰ ਨੇ ਪੰਜਾਬੀਆਂ ਦੀ ਝੋਲੀ ਬੇਸ਼ੁਮਾਰ ਗੀਤ ਪਾਏ, ਜੋ ਅੱਜ ਵੀ ਉਨ੍ਹਾਂ ਸਮਿਆਂ ਦੇ ਲੋਕਾਂ ਦੀ ਜ਼ੁਬਾਨ ‘ਤੇ ਹਨ।

‘ਰੋਡਵੇਜ਼ ਦੀ ਲਾਰੀ’ ਐਲਬਮ ਨਾਲ ਖੁੱਲ੍ਹੀ ਸੀ ਕਿਸਮਤ
ਪੰਜਾਬੀ ਲੋਕ ਗਾਇਕ ਸਰਦੂਲ ਸਿਕੰਦਰ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਸੀ, ਜਿਸ ਨਾਲ ਉਨ੍ਹਾਂ ਨੇ ਸਾਲ 1980 ‘ਚ ਰੇਡੀਓ ਅਤੇ ਟੈਲੀਵਿਜ਼ਨ ਤੇ ਪਹਿਲੇ ਪਹਿਲ ਦ੍ਰਿਸ਼ ‘ਤੇ ਆਏ ਸਨ। ਸਾਲ 1991 ‘ਚ ਰਿਲੀਜ਼ ਹੋਈ ਉਨ੍ਹਾਂ ਦੀ ਐਲਬਮ ‘ਹੁਸਨ ਦੇ ਮਾਲਕੋ’ ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ, ਜਿਸ ਦੀਆਂ ਅੰਤਰਰਾਸ਼ਟਰੀ ਪੱਧਰ ’ਤੇ ਪੰਜ ਮਿਲੀਅਨ ਤੋਂ ਵਧੇਰੇ ਕਾਪੀਆਂ ਵਿਕੀਆਂ ਅਤੇ ਇਹ ਵਿਕਰੀ ਅਜੇ ਤੱਕ ਵੀ ਜਾਰੀ ਹੈ। ਆਪਣੇ ਮਾਤਾ-ਪਿਤਾ ਨਾਲ ਦੁਨੀਆ ਘੁੰਮਦਿਆਂ ਉਨ੍ਹਾਂ ਆਪਣੇ ਸੰਗੀਤ ‘ਚ ਇੱਕ ਵੱਖਰਾ ਟੇਸਟ (ਬਦਲਾਅ) ਅਤੇ ਸਟਾਈਲ ਲਿਆਂਦਾ।

ਇੰਝ ਹੋਈ ਸੀ ਅਮਰ ਨੂਰੀ ਨਾਲ ਪਹਿਲੀ ਮੁਲਾਕਾਤ
ਸਾਲ 1986 ਦਾ ਉਹ ਮੁਕੱਦਸ ਸਮਾਂ ਆਇਆ ਜਦੋਂ ਉਨ੍ਹਾਂ ਮੁਲਾਕਾਤ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਈ। ਇਹ ਕਿਸਮਤ ਹੀ ਸੀ, ਜਿਸ ਨੇ ਦੋਵਾਂ ਨੂੰ ਇੱਕੋਂ ਮੰਚ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ। ਦਰਅਸਲ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਪਹਿਲੀ ਮੁਲਾਕਾਤ ਇਕ ਵਿਆਹ ਦੌਰਾਨ ਅਖਾੜੇ ‘ਚ ਹੋਈ ਸੀ। ਇਸ ਤੋਂ ਬਾਅਦ ਅਮਰ ਨੂਰੀ ਨੇ ਸਰਦੂਲ ਨਾਲ ਅਖਾੜੇ ਲਾਉਣੇ ਸ਼ੁਰੂ ਕਰ ਦਿੱਤੇ। ਦੋਵਾਂ ਦੀ ਜੋੜੀ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ, ਜਿਸ ਤੋਂ ਬਾਅਦ ਦੋਵਾਂ ਦੀ ਅਸਲ ਜ਼ਿੰਦਗੀ ‘ਚ ਹੀ ਜੋੜੀ ਬਣ ਗਈ।

ਅਮਰ ਨੂਰੀ ਤੇ ਸਰਦੂਲ ਸਿਕੰਦਰ ਦੀ ਕੈਮਿਸਟਰੀ ਇੰਨੀ ਸ਼ਾਨਦਾਰ ਸੀ ਕਿ ਕੁੱਝ ਹੀ ਸਮੇਂ ‘ਚ ਉਹ ਦੁਨੀਆਂ ਭਰ ‘ਚ ਅਜਿਹੀ ਪੰਜਾਬੀ ਗਾਇਕ ਜੋੜੀ ਬਣ ਕੇ ਉੱਭਰੀ, ਜਿਸ ਦੀ ਮੰਗ ਸਭ ਤੋਂ ਜ਼ਿਆਦਾ ਹੋਣ ਲੱਗੀ। ਦੋਵਾਂ ਵਿਚਕਾਰ ਸ਼ਾਨਦਾਰ ਕੈਮਿਸਟਰੀ, ਦੋਵਾਂ ਦੇ ਦਿਲਾਂ ‘ਚ ਇੱਕ-ਦੂਜੇ ਲਈ ਮੁਹੱਬਤ ਦਾ ਹੀ ਨਤੀਜਾ ਸੀ।

ਫ਼ਿਲਮੀ ਅੰਦਾਜ਼ ‘ਚ ਕੀਤਾ ਸੀ ਪਿਆਰ ਦਾ ਇਜ਼ਹਾਰ
ਸਰਦੂਲ ਸਿਕੰਦਰ ਨੇ ਅਮਰ ਨੂਰੀ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਦੀ ਹਿੰਮਤ ਜੁਟਾਈ ਪਰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਜਦੋਂ ਆਪਣੇ ਦਿਲ ਦੀ ਗੱਲ ਬੋਲ ਨਹੀਂ ਸਕੇ ਤਾਂ ਉਨ੍ਹਾਂ ਕੁਝ ਵੱਖਰਾ ਕਰਨ ਦਾ ਫ਼ੈਸਲਾ ਕੀਤਾ। ਸਰਦੂਲ ਸਿਕੰਦਰ ਨੇ ਕਾਫ਼ੀ ਕੋਸ਼ਿਸ ਤੋਂ ਬਾਅਦ ਅਮਰ ਨੂਰੀ ਦੀ ਉਹ ਡਾਇਰੀ ਚੁੱਕ ਲਈ, ਜਿਸ ‘ਚ ਉਹ ਆਪਣੇ ਗੀਤ ਲਿਖਿਆ ਕਰਦੀ ਸੀ। ਉਨ੍ਹਾਂ ਉਸ ਡਾਇਰੀ ‘ਚ ਮੁਹੱਬਤ ਦਾ ਪੈਗਾਮ ਲਿਖਣ ਤੋਂ ਬਾਅਦ ਉਸ ਨੂੰ ਅਮਰ ਨੂਰੀ ਦੇ ਟੇਬਲ ‘ਤੇ ਵਾਪਸ ਰੱਖ ਦਿੱਤਾ। ਹੁਣ ਵਾਰੀ ਅਮਰ ਨੂਰੀ ਦੀ ਉਸ ਪੈਗਾਮ ‘ਤੇ ਆਪਣੀ ਮੁਹੱਬਤ ਦੀ ਮੋਹਰ ਲਗਾਉਣ ਦੀ ਸੀ। ਅਮਰ ਨੂਰੀ ਦੇ ਦਿਲ ‘ਚ ਵੀ ਸਰਦੂਲ ਸਿਕੰਦਰ ਲਈ ਪਿਆਰ ਸੀ, ਜਿਸਦਾ ਇਜ਼ਹਾਰ ਉਨ੍ਹਾਂ ਨੇ ਵੀ ਨਹੀਂ ਕੀਤਾ ਸੀ। ਅਮਰ ਨੂਰੀ ਨੇ ਉਸ ਡਾਇਰੀ ‘ਚ ਆਪਣਾ ਸੁਨੇਹਾ ਲਿਖ ਸਰਦੂਲ ਸਿਕੰਦਰ ਨੂੰ ਦੇ ਦਿੱਤਾ। ਜਿਵੇਂ ਹੀ ਸਰਦੂਲ ਨੇ ਉਹ ਸੁਨੇਹਾ ਪੜ੍ਹਿਆ ਤਾਂ ਖੁਸ਼ੀ ‘ਚ ਨੱਚਣ ਲੱਗੇ ਕਿਉਂਕਿ ਸਰਦੂਲ ਸਿਕੰਦਰ ਦੇ ਉਸ ਪੈਗਾਮ ਦੇ ਜਵਾਬ ਦਿੰਦੇ ਹੋਏ ਅਮਰ ਨੂਰੀ ਨੇ ‘ਹਾਂ’ ਕਰ ਦਿੱਤੀ ਸੀ।

ਪ੍ਰੇਮ ਵਿਆਹ ਲਈ ਝੱਲੀਆਂ ਸਨ ਕਈ ਮੁਸ਼ਕਿਲਾਂ
ਅਮਰ ਨੂਰੀ ਤੇ ਸਰਦੂਲ ਸਿਕੰਦਰ ਦਾ ਪ੍ਰੇਮ ਵਿਆਹ ਹੋਇਆ ਹੈ। ਦੋਵਾਂ ਨੂੰ ਆਪਣੇ ਪਿਆਰ ਨੂੰ ਪਾਉਣ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਇਸ ਵਿਆਹ ਖ਼ਿਲਾਫ਼ ਅਮਰ ਨੂਰੀ ਦਾ ਪੂਰਾ ਪਰਿਵਾਰ ਸੀ ਪਰ ਉਨ੍ਹਾਂ ਦੀ ਜਿੱਦ ਅੱਗੇ ਪੂਰੇ ਪਰਿਵਾਰ ਨੂੰ ਹਾਰਨਾ ਪਿਆ ਸੀ।

ਇੱਕ-ਦੂਜੇ ਲਈ ਆਪਣੀ ਮੁਹੱਬਤ ਦਾ ਇਜ਼ਹਾਰ ਕਰਨ ਵਾਲੀ ਇਹ ਜੋੜੀ 30 ਜਨਵਰੀ 1993 ਨੂੰ ਵਿਆਹ ਦੇ ਬੰਧਨ ‘ਚ ਬੱਝੀ। ਇਸ ਦੋਗਾਣਾ ਜੋੜੀ ਨੇ ਬਹੁਤ ਸਾਰੀਆਂ ਐਲਬਮਾਂ ਰਿਲੀਜ਼ ਕੀਤੀਆਂ, ਜਿਸ ‘ਚ ‘ਗੋਰਾ ਰੰਗ ਦੇਈ ਨਾ ਰੱਬਾ’ ਦਾ ਨਾਂ ਖ਼ਾਸ ਹੈ। ਇਸ ਤੋਂ ਇਲਾਵਾ ਗੀਤ ‘ਹੱਸਦੀ ਦੇ ਫੁੱਲ ਕਿਰਦੇ’ , ‘ਤੇਰਾ ਲਿਖ ਦੂੰ ਸਫੈਦਿਆਂ ‘ਤੇ ਨਾਂ’ ਨੂੰ ਵੀ ਲੋਕਾਂ ਵੱਲੋਂ ਕਾਫ਼ੀ ਜ਼ਿਆਦਾ ਪਿਆਰ ਮਿਲਿਆ।


ਦੋਵਾਂ ਦੀ ਦੋਗਾਣਾ ਜੋੜੀ ਨੇ ਦਿੱਤੇ ਕਈ ਹਿੱਟ ਗੀਤ
ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਜੋੜ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ‘ਚ ‘ਰੋਡ ਦੇ ਉੱਤੇ’, ‘ਮੇਰਾ ਦਿਓਰ’, ‘ਇਕ ਤੂੰ ਹੋਵੇ ਇੱਕ ਮੈਂ ਹੋਵਾਂ’, ‘ਕੌਣ ਹੱਸਦੀ’ ਵਰਗੇ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਨਾਲ ਦੋਵਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਦੱਸ ਦਈਏ ਕਿ ਅਮਰ ਨੂਰੀ ਗਾਇਕਾ ਹੋਣ ਦੇ ਨਾਲ-ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੀ ਸ਼ਾਨਦਾਰ ਅਦਾਕਾਰਾ ਵੀ ਹਨ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।


ਇੰਝ ਬਚਾਈ ਸੀ ਅਮਰ ਨੂਰੀ ਨੇ ਪਤੀ ਦੀ ਜਾਨ
ਗਾਇਕ ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋ ਗਈ ਸੀ। ਉਸ ਦੌਰਾਨ ਡੀ. ਐੱਮ. ਸੀ. ਲੁਧਿਆਣਾ ਦੇ ਡਾਕਟਰ ਬਲਦੇਵ ਔਲਖ, ਡਾ. ਮਨਿੰਦਰ ਸਿੰਘ ਦੀ ਟੀਮ ਨੇ 17 ਮਾਰਚ 2016 ਨੂੰ ਸਰਦੂਲ ਦੀ ਕਿਡਨੀ ਟਰਾਂਸ ਪਲਾਂਟ ਕੀਤੀ। ਦੱਸ ਦਈਏ ਕਿ ਇਹ ਕਿਡਨੀ ਸਰਦੂਲ ਸਿਕੰਦਰ ਨੂੰ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੇ ਦਿੱਤੀ ਸੀ। ਇਸ ਗੱਲ ਖ਼ੁਲਾਸਾ ਅਮਰ ਨੂਰੀ ਨੇ ‘ਜਗ ਬਾਣੀ’ ਦੇ ਦਫਤਰ ਪਹੁੰਚ ਕੇ ਕੀਤਾ ਸੀ। ਸਰਦੂਲ ਸਿਕੰਦਰ ਦੀ ਕਿਡਨੀ ਖਰਾਬ ਹੋਣ ਕਾਰਨ ਉਨ੍ਹਾਂ ਦੀ ਕਿਡਨੀ ਦਾ ਟਰਾਂਸਪਲਾਂਟ ਕੀਤਾ ਗਿਆ ਸੀ।


ਦੱਸ ਦਈਏ ਕਿ ਸਰਦੂਲ ਸਿਕੰਦਰ ਦੀ ਸ਼ਰੀਕ-ਏ-ਹਯਾਤ ਅਮਰ ਨੂਰੀ ਨੇ ਆਪਣੀ ਕਿਡਨੀ ਦੇ ਕੇ ਉਨ੍ਹਾਂ ਦੀ ਨਾਂ ਸਿਰਫ਼ ਜਾਨ ਬਚਾਈ ਸਗੋਂ ਆਪਣੀ ਬੇਤਹਾਸ਼ਾ ਮੁਹੱਬਤ ਦਾ ਸਬੂਤ ਵੀ ਦਿੱਤਾ ਪਰ ਰੱਬ ਨੂੰ ਸ਼ਾਇਦ ਕੁੱਝ ਹੋਰ ਹੀ ਮਨਜ਼ੂਰ ਸੀ। ਕੋਰੋਨਾ ਜਿਹੀ ਨਾਮੁਰਾਦ ਬੀਮਾਰੀ ਦੀ ਚਪੇਟ ‘ਚ ਆਉਣ ਕਾਰਨ ਸਰਦੂਲ ਸਿਕੰਦਰ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਪੰਜਾਬੀ ਸੰਗੀਤ ਜਗਤ ‘ਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾਵੇਗਾ।