ਕਰਨ ਔਜਲਾ ਮਾਮਲੇ ‘ਚ ਡੀ. ਆਈ. ਜੀ. ਨੇ ਸੌਂਪੀ ਰਿਪੋਰਟ, ਹੁਣ ਅਫ਼ਸਰਾਂ ‘ਤੇ ਡਿੱਗ ਸਕਦੀ ਹੈ ਗਾਜ਼

ਲੁਧਿਆਣਾ : ਬੀਤੇ ਕੁਝ ਦਿਨ ਪਹਿਲਾਂ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ‘ਚ ਅਚਾਨਕ ਆਏ ਨਾਮੀ ਗਾਇਕ ਕਰਨ ਔਜਲਾ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਪੈਦਾ ਹੋ ਗਿਆ। ਦਰਅਸਲ ਸੈਂਟਰ ‘ਚ ਕਰਨ ਔਜਲਾ ਦੀ ਐਂਟਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਜੇਲ੍ਹ ਅਧਿਕਾਰੀ ਅਤੇ ਸੁਪਰੀਡੈਂਟ ਅਤੇ ਬਾਕੀ ਅਧਿਕਾਰੀ ਦੀ ਭੂਮਿਕਾ ਨੂੰ ਲੈ ਕੇ ਵੀਰਵਾਰ ਨੂੰ ਡੀ. ਆਈ. ਜੀ. ਨੇ ਜਾਂਚ ਰਿਪੋਰਟ ਏ. ਡੀ. ਜੀ. ਪੀ. ਨੂੰ ਸੌਂਪੀ। ਸੂਤਰਾਂ ਦੀ ਮੰਨੀਏ ਤਾਂ ਰਿਪੋਰਟਾਂ ਦੇ ਆਧਾਰ ਅਤੇ ਅਫ਼ਸਰਾਂ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਐਂਟਰੀ ਨੂੰ ਲੈ ਕੇ ਕਾਫ਼ੀ ਖਾਮੀਆਂ ਪਾਈਆਂ ਗਈਆਂ ਸਨ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ‘ਤੇ ਕੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ।

ਖ਼ਬਰਾਂ ਮੁਤਾਬਕ, ਰਿਪੋਰਟ ‘ਚ ਕਾਫ਼ੀ ਕੁਝ ਲਿਖਿਆ ਗਿਆ ਹੈ। ਇਸ ‘ਚ ਗਾਇਕ ਦੇ ਆਉਣ-ਜਾਣ ਬਾਰੇ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਕਿਹੜੇ ਨਿਯਮ ਕਿਸ ਤਰ੍ਹਾਂ ਟੁੱਟੇ ਨੇ, ਉਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਇਸ ਰਿਪੋਰਟ ‘ਚ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਫ਼ਸਰ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਨ੍ਹਾਂ ਸਭ ਤੋਂ ਇਲਾਵਾ ਚਾਰ ਪੇਜਾਂ ਦੀ ਰਿਪੋਰਟ ਡੀ. ਆਈ. ਜੀ. ਸੁਰਿੰਦਰ ਸੈਣੀ ਨੂੰ ਏ. ਡੀ. ਸੀ. ਪੀ. ਪੀ ਕੇ ਸਿਨਹਾ ਨੂੰ ਭੇਜ ਦਿੱਤੀ ਹੈ। ਦੂਜੇ ਪਾਸੇ ਏ. ਡੀ. ਸੀ. ਪੀ. ਸਿਨਹਾ ਨੇ ਕਿਹਾ ਕਿ ਰਿਪੋਰਟ ਉਨ੍ਹਾਂ ਕੋਲ ਆ ਗਈ ਪਰ ਇਸ ‘ਚ ਕੰਟੈਂਟ ਕੀ ਹੈ ਅਜੇ ਤੱਕ ਇਹ ਨਹੀਂ ਦੇਖਿਆ ਕਿਉਂਕਿ ਦੋ ਦਿਨਾਂ ਦੀ ਛੁੱਟੀ ਸੀ। ਇਨ੍ਹਾਂ ਨੂੰ ਚੈੱਕ ਕਰਨ ਤੋਂ ਬਾਅਦ ਹੀ ਉਹ ਅਗਲੀ ਬਣਦੀ ਕਾਰਵਾਈ ਕਰਨਗੇ।

ਕਈ ਘੰਟੇ ਜੇਲ੍ਹ ਅੰਦਰ ਬਿਤਾਏ
ਇਸ ਤੋਂ ਪਹਿਲਾਂ ਬੀਤੇ ਵੀਰਵਾਰ ਨੂੰ ਗਾਇਕ ਕਰਨ ਔਜਲਾ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਦੇ ਬੁਲਾਵੇ ’ਤੇ ਜੇਲ੍ਹ ਨਿਯਮਾਂ ਦੇ ਉਲਟ ਬਿਨਾਂ ਕਿਸੇ ਜਾਂਚ-ਪੜਤਾਲ ਦੇ ਨਾ ਸਿਰਫ਼ ਅੰਦਰ ਗਏ, ਸਗੋਂ ਕਈ ਘੰਟੇ ਜੇਲ੍ਹ ਦੇ ਅੰਦਰ ਵੀ ਬਿਤਾਏ। ਬੇਸ਼ੱਕ ਬਾਅਦ ’ਚ ਇਸ ਨੂੰ ਜੇਲ੍ਹ ਸੁਪਰਡੈਂਟ ਨੇ ਗਾਇਕ ਦਾ ਦੋਸਤਾਨਾ ਦੌਰਾ ਦੱਸਿਆ ਪਰ ਜੇਲ੍ਹ ਨਾਲ ਜੁੜਿਆ ਹੋਣ ਕਾਰਨ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਸਭ ’ਤੇ ਹੁਣ ਵਿਭਾਗ ਨੇ ਜਵਾਬਦੇਹੀ ਬਣਦੀ ਦੇਖ ਕੇ ਜਲਦਬਾਜ਼ੀ ’ਚ ਜੇਲ੍ਹ ਮੰਤਰੀ ਰੰਧਾਵਾ ਨੇ ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ’ਤੇ ਜਾਂਚ ਦੇ ਹੁਕਮ ਦਿੱਤੇ ਹਨ।

ਜੇਲ੍ਹ ਦੇ ਸੁਪਰਡੈਂਟ ਦੇ ਕਮਰੇ ‘ਚ ਬਿਤਾਇਆ ਲੰਬਾ ਸਮਾਂ
ਦੱਸ ਦਈਏ ਕਿ ਲੁਧਿਆਣਾ ਜੇਲ੍ਹ ਕਰਨ ਔਜਲਾ ਆਪਣੀਆਂ ਗੱਡੀਆਂ ਦੇ ਕਾਫਲੇ ਨਾਲ ਪਹੁੰਚਿਆ ਸੀ। ਇਸ ਦੌਰਾਨ ਉਹ ਜੇਲ੍ਹ ਦੇ ਸੁਪਰਡੈਂਟ ਦੇ ਕਮਰੇ ‘ਚ ਬੈਠੇ ਸਨ। ਜੇਲ੍ਹ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਕਰਨ ਔਜਲਾ ਉਸ ਦੇ ਪੁੱਤਰ ਦਾ ਚੰਗਾ (ਕਰੀਬੀ) ਦੋਸਤ ਹੈ, ਜਿਸ ਕਰਕੇ ਉਸ ਨੂੰ ਰੋਟੀ ‘ਤੇ ਬੁਲਾਇਆ ਸੀ। ਕਰਨ ਔਜਲਾ ਨੂੰ ਬਿਨਾਂ ਕਿਸੇ ਚੈਕਿੰਗ ਦੇ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ।

ਸੀਨੀਅਰ ਅਧਿਕਾਰੀ ਦੀ ਤਰ੍ਹਾਂ ਕਰਨ ਔਜਲਾ ਦੀ ਹੋਈ ਐਂਟਰੀ
ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ ‘ਚ ਗਾਇਕ ਕਰਨ ਔਜਲਾ ਦੇ ਗੱਡੀਆਂ ਦੇ ਕਾਫ਼ਲੇ ਨੂੰ ਇਸ ਤਰ੍ਹਾਂ ਜੇਲ੍ਹ ਕੰਪਲੈਕਸ ‘ਚ ਐਂਟਰੀ ਮਿਲੀ, ਜਿਵੇਂ ਜੇਲ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੀ ਹੈ। ਇਸ ‘ਚ ਕਿਹੜਾ-ਕਿਹੜਾ ਪ੍ਰੋਟੋਕਾਲ ਤੋੜਿਆ ਗਿਆ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।