ਵੈਕਸੀਨ ਲਗਵਾਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਏ ਆਮਿਰ ਖ਼ਾਨ ਤੇ ਅਕਸ਼ੇ ਕੁਮਾਰ

ਜਿਵੇਂ-ਜਿਵੇਂ ਦੇਸ਼ ਭਰ ’ਚ ਕੋਰੋਨਾ ਵਾਇਰਸ ਦਾ ਟੀਕਾ ਲਗਵਾਉਣ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੁੰਦਾ ਜਾ ਰਿਹਾ ਹੈ, ਉਵੇਂ-ਉਵੇਂ ਕੋਰੋਨਾ ਦੀ ਵੈਕਸੀਨ ਲਗਵਾਉਣ ਵਾਲੇ ਬਾਲੀਵੁੱਡ ਸਿਤਾਰਿਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਪਰ ਇਸ ਦੇ ਨਾਲ-ਨਾਲ ਵੈਕਸੀਨ ਲੈਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਣ ਵਾਲੇ ਸਿਤਾਰਿਆਂ ਦੀ ਗਿਣਤੀ ’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।

ਪਿਛਲੇ ਮਹੀਨੇ ਆਮਿਰ ਖ਼ਾਨ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਆਈ ਸੀ ਪਰ ਸ਼ਾਇਦ ਹੀ ਕਿਸੇ ਨੂੰ ਇਸ ਗੱਲ ਦੀ ਜਾਣਕਾਰੀ ਹੋਵੇਗੀ ਕਿ ਆਮਿਰ ਖ਼ਾਨ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਉਣ ਤੋਂ ਬਾਅਦ ਕੋਰੋਨਾ ਪਾਜ਼ੇਟਿਵ ਹੋਏ ਸਨ। ਇਸੇ ਤਰ੍ਹਾਂ ਅਕਸ਼ੇ ਕੁਮਾਰ ਨੇ ਵੀ ਕੋਰੋਨਾ ਦੀ ਪਹਿਲੀ ਡੋਜ਼ ਲੈ ਲਈ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਸੀ।

ਆਮਿਰ ਖਾਨ ਵਾਂਗ ਹੀ ਅਕਸ਼ੇ ਕੁਮਾਰ ਨੇ ਵੀ ਕੋਰੋਨਾ ਵੈਕਸੀਨ ਲਗਵਾਉਣ ਦੀ ਗੱਲ ਨੂੰ ਜਨਤਕ ਨਹੀਂ ਕੀਤਾ ਸੀ, ਇਸ ਲਈ ਲੋਕਾਂ ਨੂੰ ਦੋਵਾਂ ਦੇ ਟੀਕਾ ਲਗਵਾਉਣ ਦੀ ਜਾਣਕਾਰੀ ਨਹੀਂ ਹੈ। ਹਾਲਾਂਕਿ ਦੋਵਾਂ ਨੇ ਵੈਕਸੀਨ ਲਗਵਾਉਣ ਦੀ ਗੱਲ ਦੱਸੇ ਬਿਨਾਂ ਕੋਰੋਨਾ ਪਾਜ਼ੇਟਿਵ ਹੋਣ ਦੀ ਜਾਣਕਾਰੀ ਜ਼ਰੂਰ ਦਿੱਤੀ ਸੀ।

ਸੂਤਰਾਂ ਮੁਤਾਬਕ ਆਮਿਰ ਖ਼ਾਨ ਤੇ ਅਕਸ਼ੇ ਕੁਮਾਰ ਦੋਵਾਂ ਦੇ ਕੋਰੋਨਾ ਵੈਕਸੀਨ ਲਗਵਾਉਣ ਦੀ ਖ਼ਬਰ ਪੱਕੀ ਹੈ ਤੇ ਇਸ ਤੋਂ ਬਾਅਦ ਦੋਵਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਬਾਲੀਵੁੱਡ ’ਚ ਇਸ ਤਰ੍ਹਾਂ ਦੇ ਹੋਰ ਵੀ ਮਾਮਲੇ ਸਾਹਮਣੇ ਆ ਰਹੇ ਹਨ।

ਦੱਸਣਯੋਗ ਹੈ ਕਿ ਘਰ ’ਚ ਇਕਾਂਤਵਾਸ ਰਹੇ ਆਮਿਰ ਖ਼ਾਨ ਤੇ ਹਸਪਤਾਲ ’ਚ ਇਕ ਹਫਤੇ ਤਕ ਦਾਖਲ ਰਹੇ ਅਕਸ਼ੇ ਕੁਮਾਰ ਦੋਵੇਂ ਹੀ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਹਨ ਤੇ ਇਲਾਜ ਕਰਵਾਉਣ ਤੋਂ ਬਾਅਦ ਅਕਸ਼ੇ ਕੁਮਾਰ ਇਸੇ ਹਫਤੇ ਹਸਪਤਾਲ ਤੋਂ ਘਰ ਪਰਤੇ ਹਨ।