ਕੋਰੋਨਾ ਕਾਰਨ ਬਿੱਲੀ ਦੀ ਮੌਤ, ਵਿਗਿਆਨੀਆਂ ਨੇ ਇਨਸਾਨ ਤੋਂ ਜਾਨਵਰ ‘ਚ ਵਾਇਰਸ ਫੈਲਣ ਦਾ ਕੀਤਾ ਦਾਅਵਾ

ਲੰਡਨ (ਬਿਊਰੋ): ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਜਾਰੀ ਹੈ। ਹੁਣ ਤੱਕ 30 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਨਵਾਂ ਸਟ੍ਰੇਨ ਲੋਕਾਂ ਨੂੰ ਤੇਜ਼ੀ ਨਾਲ ਇਨਫੈਕਟਿਡ ਕਰ ਰਿਹਾ ਹੈ। ਇਸ ਮਹਾਮਾਰੀ ਨਾਲ ਨਾ ਸਿਰਫ ਇਨਸਾਨਾਂ ਦੀ ਸਗੋਂ ਜਾਨਵਰਾਂ ਦੀ ਵੀ ਮੌਤ ਹੋ ਰਹੀ ਹੈ। ਤਾਜ਼ਾ ਮਾਮਲਾ ਬ੍ਰਿਟੇਨ ਵਿਚ ਸਾਹਮਣੇ ਆਇਆ ਹੈ, ਜਿੱਥੇ ਕੋਰੋਨਾ ਪੀੜਤ ਹੋਣ ਮਗਰੋਂ ਇਕ ਪਾਲਤੂ ਬਿੱਲੀ ਦੀ ਮੌਤ ਹੋ ਗਈ।

ਰਿਪੋਰਟ ਮੁਤਾਬਕ ਮਾਲਕ ਦੇ ਕੋਰੋਨਾ ਪੀੜਤ ਹੋਣ ਦੇ ਬਾਅਦ ਬਿੱਲੀ ਵੀ ਪੀੜਤ ਹੋ ਗਈ ਸੀ। ਅਧਿਐਨ ਵਿਚ ਇਨਸਾਨਾਂ ਤੋਂ ਬਿੱਲੀ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਵਿਗਿਆਨੀਆਂ ਨੇ ਬ੍ਰਿਟੇਨ ਵਿਚ ਆਈ ਕੋਰੋਨਾ ਦੀ ਪਹਿਲੀ ਲਹਿਰ ਵਿਚ ਇਕ ਸ਼ਖਸ ਦੇ ਕੋਰੋਨਾ ਪੀੜਤ ਹੋ ਜਾਣ ਮਗਰੋਂ ਉਸ ਦੀ ਬਿੱਲੀ ਵਿਚ ਵੀ ਇਨਫੈਕਸ਼ਨ ਦਾ ਖੁਲਾਸਾ ਕੀਤਾ ਹੈ। ਚਾਰ ਮਹੀਨੇ ਦੀ ਬਿੱਲੀ ਨੂੰ ਅਪ੍ਰੈਲ 2020 ਵਿਚ ਜਾਨਵਰਾਂ ਦੇ ਡਾਕਟਰ ਕੋਲ ਇਲਾਜ ਲਈ ਲਿਜਾਇਆ ਗਿਆ ਸੀ ਕਿਉਂਕਿ ਉਸ ਨੂੰ ਸਾਹ ਲੈਣ ਵਿਚ ਬਹੁਤ ਮੁਸ਼ਕਲ ਹੋ ਰਹੀ ਸੀ। ਆਉਣ ਵਾਲੇ ਦਿਨਾਂ ਵਿਚ ਬਿੱਲੀ ਦੀ ਹਾਲਤ ਹੋਰ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ।

ਪੋਸਟਮਾਰਟਮ ਪਰੀਖਣਾਂ ਵਿਚ ਪਤਾ ਚੱਲਿਆ ਕਿ ਬਿੱਲੀ ਨੂੰ ਵਾਇਰਸ ਨਿਮੋਨੀਆ ਹੋਇਆ ਸੀ, ਜਿਸ ਨਾਲ ਉਸ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਿਆ ਸੀ। ਉਸ ਦੇ ਸਰੀਰ ਵਿਚ ਕੋਰੋਨਾ ਵਾਇਰਸ ਦੀ ਵੀ ਮੌਜੂਦਗੀ ਮਿਲੀ ਸੀ। ਇੱਥੇ ਦੱਸ ਦਈਏ ਕਿ ਜਿਹੜੀ ਬਿੱਲੀ ਦੀ ਕੋਰੋਨਾ ਕਾਰਨ ਜਾਨ ਗਈ, ਉਸ ਦਾ ਮਾਲਕ ਪਹਿਲਾਂ ਹੀ ਕੋਰੋਨਾ ਪੀੜਤ ਸੀ ਪਰ ਉਸ ਨੇ ਆਪਣੀ ਬਿੱਲੀ ਦਾ ਕੋਰੋਨਾ ਟੈਸਟ ਨਹੀਂ ਕਰਵਾਇਆ ਸੀ। ਵਿਗਿਆਨੀ ਕਾਫੀ ਜਾਂਚ-ਪੜਤਾਲ ਦੇ ਬਾਅਦ ਇਸ ਨਤੀਜੇ ‘ਤੇ ਪਹੁੰਚੇ ਸਨ ਕਿ ਮਾਲਕ ਜ਼ਰੀਏ ਹੀ ਪਾਲਤੂ ਬਿੱਲੀ ਵਿਚ ਵਾਇਰਸ ਪਹੁੰਚਿਆ ਸੀ। ਵਿਗਿਆਨੀਆਂ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪਾਲਤੂ ਜਾਨਵਰ ਵਾਇਰਸ ਨੂੰ ਮਨੁੱਖਾਂ ਵਿਚ ਫੈਲਾ ਸਕਦੇ ਹਨ ਪਰ ਇਸ ਸੰਬੰਧ ਵਿਚ ਜਾਂਚ ਕਰਨ ਦੀ ਲੋੜ ਹੈ।

Posted in News