ਜਲੰਧਰ ‘ਚ ਵਿਆਹ ਦੌਰਾਨ ਕੀ ਹੋਈ ਜਾਂਦਾ, ਪੁਲਿਸ ਨੇ ਸੜਕ ਤੇ ਭਜਾਇਆ ਲਾੜਾ, ਫੇਰ ਚੱਕ ਲੈ ਗਏ ਥਾਣੇ

ਜਲੰਧਰ, 26 ਅਪ੍ਰੈਲ -ਸਥਾਨਕ ਕਿਸ਼ਨਪੁਰਾ ਚੌਕ ਨੇੜੇ ਇਕ ਧਾਰਮਿਕ ਸਥਾਨ ‘ਤੇ ਰੱਖੇ ਗਏ ਵਿਆਹ ਸਮਾਗਮ ਦੌਰਾਨ 100 ਤੋਂ ਵੱਧ ਵਿਅਕਤੀਆਂ ਦਾ ਇਕੱਠ ਕਰਨ ਵਾਲੇ ਲਾੜੇ ਤੇ ਲਾੜੀ ਦੇ ਪਿਤਾ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-3 ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਇਸ ਦੇ ਨਾਲ ਹੀ ਪੁਲਿਸ ਪਾਰਟੀ ਸਮਾਗਮ ‘ਚੋਂ ਸਜਿਆ ਹੋਇਆ ਲਾੜਾ ਵੀ ਕਾਬੂ ਕਰ ਕੇ ਥਾਣੇ ਲੈ ਆਈ | ਇਸ ਸਬੰਧੀ ਥਾਣਾ ਮੁਖੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੱਖੇ ਵਿਆਹ ਸਮਾਗਮ ‘ਚ ਕੋਵਿਡ-19 ਸਬੰਧੀ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਾ ਕਰਦੇ ਹੋਏ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਵੱਡੀ ਗਿਣਤੀ ‘ਚ ਇਕੱਠ ਕੀਤਾ ਗਿਆ ਹੈ |

ਉਨ੍ਹਾਂ ਮੌਕੇ ‘ਤੇ ਜਾ ਕੇ ਸਮਾਗਮ ਦੇ ਪ੍ਰਬੰਧਕ ਲੜਕੀ ਦੇ ਪਿਤਾ ਗੰਗੂ ਰਾਮ ਪੁੱਤਰ ਖੰਨਾ ਰਾਮ ਵਾਸੀ ਮੁਹੱਲਾ ਦੌਲਤਪੁਰੀ ਜਲੰਧਰ ਤੇ ਲੜਕੇ ਦੇ ਪਿਤਾ ਪ੍ਰੇਮ ਕੁਮਾਰ ਪੁੱਤਰ ਗੁੰਮਾ ਰਾਮ ਵਾਸੀ ਏਕਤਾ ਨਗਰ ਰਾਮਾਂਮੰਡੀ ਜਲੰਧਰ ਨੂੰ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਨੂੰ ਬਾਅਦ ‘ਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ |

ਕੋਵਿਡ-19 ਮਹਾਂਮਾਰੀ ਦੇ ਦੂਜੀ ਲਹਿਰ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਪੰਜਾਬ ਸਰਕਾਰ ਵਲੋਂ ਲਾਈ ਗਈ ਹਫ਼ਤਾਵਾਰੀ ਤਾਲਾਬੰਦੀ ਦਾ ਅੱਜ ਵਿਆਪਕ ਅਸਰ ਦੇਖਣ ਨੂੰ ਮਿਲਿਆ | ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਤੋਂ ਇਲਾਵਾ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ ਰਹੇ ਤੇ ਆਮ ਲੋਕਾਂ ਨੇ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦਿੱਤੀ | ਰਾਸ਼ਟਰੀ ਮਾਰਗ ਤੋਂ ਇਲਾਵਾ ਸੜਕਾਂ ‘ਤੇ ਵੀ ਬਹੁਤੀ ਚਹਿਲ ਪਹਿਲ ਨਜ਼ਰ ਨਹੀਂ ਆਈ | ਪੁਲਿਸ ਨਾਕਿਆਂ ‘ਤੇ ਮੈਡੀਕਲ ਟੀਮਾਂ ਰੋਜ਼ਾਨਾ ਦੀ ਤਰ੍ਹਾਂ ਆਮ ਲੋਕਾਂ ਦੇ ਕੋਵਿਡ ਟੈੱਸਟ ਕਰ ਰਹੀਆਂ ਸਨ | ਕੋਰੋਨਾ ਦੀ ਦੂਜੀ ਲਹਿਰ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦਿਆਂ ਲੋਕਾਂ ਨੂੰ ਮੁਕੰਮਲ ਤਾਲਾਬੰਦੀ ਦਾ ਡਰ ਸਤਾਉਣ ਲੱਗ ਪਿਆ ਹੈ | ਪਹਿਲੇ ਦਿਨ ਲੱਗੀ ਆਸ਼ਿੰਕ ਤਾਲਾਬੰਦੀ ਨਾਲ ਲੋਕਾਂ ਨੇ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜੀਹ ਦਿੱਤੀ |

ਕੋਰੋਨਾ ਮਹਾਂਮਾਰੀ ਦੇ ਨਾਲ ਆਕਸੀਜਨ ਦੀ ਘਾਟ ਨਾਲ ਲੋਕਾਂ ‘ਚ ਜ਼ਿਆਦਾ ਘਬਰਾਹਟ ਪਾਈ ਜਾ ਰਹੀ ਹੈ ਤੇ ਲੋਕ ਸਰਕਾਰ ਦੀਆਂ ਨੂੰ ਨੀਤੀਆਂ ਨੂੰ ਕੋਸ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮਹਾਂਮਾਰੀ ਦੇ ਪਹਿਲੇ ਦੌਰ ਤੋਂ ਕੋਈ ਸਬਕ ਨਹੀਂ ਲਿਆ ਜਦ ਕਿ ਦੂਜੇ ਦੌਰ ‘ਚ ਜੋ ਪਹਿਲਾਂ ਨਾਲ ਵੱਧ ਖ਼ਤਰਨਾਕ ਦੱਸਿਆ ਜਾ ਰਿਹਾ ਹੈ, ਦੌਰਾਨ ਆਕਸੀਜਨ ਦੀ ਸਪਲਾਈ ‘ਚ ਆ ਰਹੀ ਕਮੀ ਤੇ ਮਹਾਂਮਾਰੀ ਤੋਂ ਬਚਾਅ ਲਈ ਵਰਤੀਆਂ ਜਾ ਰਹੀਆਂ ਜ਼ਰੂਰੀ ਦਵਾਈਆਂ ਦੀ ਵੱਧ ਰਹੀ ਕਾਲਾਬਾਜ਼ਾਰੀ ਨੇ ਸਰਕਾਰੀ ਪ੍ਰਬੰਧਾਂ ਦਾ ਪੋਲ ਖੋਲ੍ਹ ਰਹੀ ਹੈ | ਸ਼ਹਿਰ ‘ਚ ਆਕਸੀਜਨ ਦੇ ਨਾਲ-ਨਾਲ ਲੋਕਾਂ ਨੂੰ ਪਾਣੀ ਦੀ ਸਪਲਾਈ ਦਾ ਵੀ ਡਰ ਸਤਾਉਣ ਲੱਗ ਪਿਆ ਕਿ ਜੇਕਰ ਸਰਕਾਰ ਦੇ ਨਾਕਸ ਪ੍ਰਬੰਧ ਇਸ ਤਰ੍ਹਾਂ ਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਕਿ ਲੋਕ ਪਾਣੀ ਨੂੰ ਵੀ ਆਕਸੀਜਨ ਦੀ ਤਰ੍ਹਾਂ ਤਰਸ ਜਾਣਗੇ | ਰੋਜ਼ਾਨਾ ਕਮਾ ਕੇ ਖਾਣ ਵਾਲੇ ਲੋਕ ਜੋ ਬੀਤੇ ਦੌਰ ਤੋਂ ਅਜੇ ਤੱਕ ਉੱਭਰ ਨਹੀਂ ਸਨ ਸਕੇ ਨੂੰ ਵੀ ਰੋਜ਼ੀ ਰੋਟੀ ਦੇ ਲਾਲੇ ਸਤਾਉਣ ਲੱਗੇ ਹਨ | ਮੁਕੰਮਲ ਤਾਲਾਬੰਦੀ ਦੇ ਡਰ ਕਾਰਨ ਪ੍ਰਵਾਸੀ ਮਜ਼ਦੂਰ ਵੀ ਆਪਣੇ ਪਿਤਰੀ ਰਾਜਾਂ ਨੂੰ ਮੁੜ ਰਹੇ ਹਨ | ਛੱਤੀਸਗੜ੍ਹ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਛੋਟੇ ਲਾਲ ਅਤੇ ਉਸ ਦੀ ਪਤਨੀ ਬਿਮਲਾ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਸਰਕਾਰਾਂ ‘ਤੇ ਕੋਈ ਭਰੋਸਾ ਨਹੀਂ ਕਿ ਕਦੋਂ ਕੀ ਐਲਾਨ ਕਰ ਦੇਣ ਜਿਸ ਦਾ ਖ਼ਮਿਆਜ਼ਾ ਤਾਂ ਗ਼ਰੀਬ ਨੂੰ ਹੀ ਭੁਗਤਣਾ ਪੈਣਾ ਹੈ |