ਵੀਡੀਉ – ਭਾਰਤ ਦਾ ਇੰਗਲੈਂਡ ਨਾਲ ਸਮਝੌਤਾ, ਸਟੂੰਡੈਂਟਸ ਬਦਲੇ ਡਿਪੋਰਟ ਕੀਤੇ ਜਾਣਗੇ ਕੱਚੇ ਭਾਰਤੀ

ਵਿਦਿਆਰਥੀਆਂ ਬਦਲੇ ਯੂ.ਕੇ. ਰਹਿੰਦੇ ਗੈਰਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਵਾਪਸ ਭੇਜਣਾ ਚਾਹੁੰਦਾ ਹੈ ਬਰਤਾਨੀਆ

ਬਰਤਾਨੀਆ ਹਜ਼ਾਰਾਂ ਹੋਰ ਭਾਰਤੀ ਵਿਦਿਆਰਥੀਆਂ ਨੂੰ ਯੂ.ਕੇ. ਦੀਆਂ ਯੂਨੀਵਰਸਿਟੀਆਂ ‘ਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ ਜੇ ਭਾਰਤ ਇਸ ਬਦਲੇ ਯੂ.ਕੇ. ‘ਚ ਰਹਿ ਰਹੇ ਗ਼ੈਰਕਾਨੂੰਨੀ ਪ੍ਰਵਾਸੀ ਭਾਰਤੀ ਨੂੰ ਵਾਪਸ ਲੈਣ ਲਈ ਸਹਿਮਤ ਹੋ ਜਾਵੇ |

ਲੰਡਨ ਤੇ ਨਵੀਂ ਦਿੱਲੀ ਵਿਚਕਾਰ ‘ਪ੍ਰਵਾਸ ਅਤੇ ਗਤੀਸ਼ੀਲਤਾ ਭਾਈਵਾਲੀ’ ‘ਤੇ ਹਸਤਾਖ਼ਰ ਕਰਨ ਦੀ ਯੋਜਨਾ ਹੈ, ਜਿਸ ਤਹਿਤ ਇਹ ਸਮਝੌਤਾ ਵੀ ਵਿਚਾਰ ਅਧੀਨ ਹੈ | ਸਰਕਾਰ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਗੱਲਬਾਤ ਹਾਲੇ ਚੱਲ ਰਹੀ ਹੈ | ਭਾਰਤ ਨਾਲ ਇਹ ਸਮਝੌਤਾ ਪਿਛਲੇ ਸਾਲਾਂ ‘ਚ ਦੁਵੱਲੇ ਸਬੰਧਾਂ ‘ਚ ਅੜਿੱਕਾ ਬਣਿਆ ਹੋਇਆ ਹੈ |

ਸੂਤਰਾਂ ਅਨੁਸਾਰ ਇਹ ਸਮਝੌਤਾ ਇਸ ਹਫ਼ਤੇ ਦੇ ਸ਼ੁਰੂ ‘ਚ ਹੋ ਵੀ ਸਕਦਾ ਹੈ, ਜਦੋਂ ਭਾਰਤ ਦੇ ਵਿਦੇਸ਼ ਮੰਤਰੀ ਸੁਬ੍ਰਾਹਮਣਯਮ ਜੈਸ਼ੰਕਰ ਜੀ-7 ਸੰਮੇਲਨ ‘ਚ ਬਹੁ-ਪੱਖੀ ਗੱਲਬਾਤ ਲਈ ਲੰਡਨ ‘ਚ ਹਨ, ਜਿਸ ਦੀ ਮੇਜ਼ਬਾਨੀ ਡੌਮਨਿਕ ਰਾਬ ਕਰ ਰਹੇ ਹਨ |

ਭਾਰਤ ਨੇ ਯੂ.ਕੇ. ਨੂੰ ਵੀਜ਼ਾ ਉਦਾਰੀਕਰਨ, ਖ਼ਾਸ ਕਰਕੇ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਲਈ ਦਬਾਅ ਪਾਉਣ ਲਈ ਇਕ ਲੰਬੀ ਮੁਹਿੰਮ ਚਲਾਈ ਹੈ ਅਤੇ ਯੂ.ਕੇ. ਨਾਲ ਨਿਵੇਸ਼ ਸਬੰਧਾਂ ਨੂੰ ਸੁਰੱਖਿਅਤ ਕਰਨ ਦੀ ਉਮੀਦ ਵੀ ਕਰ ਰਿਹਾ ਹੈ | ਬਰਤਾਨੀਆ ਬਦਲੇ ‘ਚ ਭਾਰਤ ਨੂੰ ਕਈ ਸੇਵਾਵਾਂ ਪ੍ਰਦਾਨ ਕਰਨ, ਖ਼ਾਸ ਕਰਕੇ ਕਾਨੂੰਨੀ ਖੇਤਰ ‘ਚ ਅਤੇ ਸਕਾਚ ਵਿਸਕੀ ‘ਤੇ 150 ਫ਼ੀਸਦੀ ਟੈਰਿਫ਼ ‘ਚ ਕਮੀ ਲਿਆਉਣ ਲਈ ਵਧੇਰੇ ਪਹੁੰਚ ਪ੍ਰਾਪਤ ਕਰਨੀ ਚਾਹੁੰਦਾ ਹੈ |

ਸਾਲ 2018 ‘ਚ ਦੋਵੇਂ ਦੇਸ਼ ਬਰਤਾਨੀਆ ਤੋਂ ਗ਼ੈਰਕਾਨੰੂਨੀ ਪ੍ਰਵਾਸੀਆਂ ਦੀ ਭਾਰਤ ਵਾਪਸ ਭੇਜਣ ਦੇ ਇਕ ਸਮਝੌਤੇ ‘ਤੇ ਦਸਤਖ਼ਤ ਕਰਨ ਦੇ ਸਮਝੌਤੇ ਦੇ ਨੇੜੇ ਪਹੁੰਚ ਗਏ ਸਨ, ਪਰ ਗੱਲਬਾਤ ਸਿਰੇ ਨਹੀਂ ਲੱਗੀ | ਬਰਤਾਨੀਆ ਦੇ ਅਨੁਮਾਨ ਅਨੁਸਾਰ 100,000 ਪ੍ਰਵਾਸੀ ਭਾਰਤੀ ਗ਼ੈਰਕਾਨੰੂਨੀ ਢੰਗ ਨਾਲ ਬਰਤਾਨੀਆ ‘ਚ ਰਹਿ ਰਹੇ ਸਨ, ਬਰਤਾਨੀਆ ਅਨੁਸਾਰ ਭਾਰਤ ਨੇ ਪ੍ਰਵਾਸੀ ਨਾਗਰਿਕਾਂ ਦੇ ਵਾਪਸ ਆਉਣ ਸਬੰਧੀ ਕਈ ਚਿੰਤਾਵਾਂ ਜਤਾਈਆਂ ਸਨ |

ਭਾਰਤ ਸਰਕਾਰ ਨੂੰ ਖ਼ਦਸ਼ਾ ਹੈ ਕਿ ਅਜਿਹੇ ਲੋਕਾਂ ਦੇ ਵਾਪਸ ਆਉਣ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਵੀ ਹੋ ਸਕਦਾ, ਕਿਉਂਕਿ ਜੇ ਸਮਝੌਤਾ ਸਿਰੇ ਚੜ੍ਹ ਗਿਆ ਤਾਂ ਸਿੱਖ ਅਤੇ ਕਸ਼ਮੀਰੀ ਖਾੜਕੂਆਂ ਦੇ ਭਾਰਤ ਵਾਪਸ ਆਉਣ ਦੀਆਂ ਸੰਭਾਵਨਾ ਵੱਧ ਜਾਣਗੀਆਂ |

ਦੂਜੇ ਪਾਸੇ ਯੂ.ਕੇ. ਕਈ ਸਾਲਾਂ ਤੋਂ ਪੱਕੇ ਹੋਣ ਦੀਆਂ ਆਸਾਂ ਲਾਈ ਬੈਠੇ ਲੋਕਾਂ ਨੂੰ ਵੀ ਵਾਪਸ ਭੇਜੇ ਜਾਣ ਦੀ ਨਵਾਂ ਡਰ ਸਤਾਉਣ ਲੱਗ ਪਿਆ ਹੈ |

Posted in News