ਕਿਸਾਨੀ ਅੰਦੋਲਨ ਕਾਰਨ ਰਣਜੀਤ ਬਾਵਾ ਨੇ ਇਸ ਸ਼ੋਅ ’ਚ ਆਉਣ ਤੋਂ ਕੀਤਾ ਮਨ੍ਹਾ, ਤਰਸੇਮ ਜੱਸੜ ਵੀ ਠੁਕਰਾ ਚੁੱਕੈ ਆਫ਼ਰ

ਪੰਜਾਬੀ ਇੰਡਸਟਰੀ ’ਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ, ਜੋ ਕਿ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਅਜਿਹੇ ਹੀ ਪੰਜਾਬੀਅਤ ਨੂੰ ਕਾਇਮ ਰੱਖਣ ਵਾਲੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਣਜੀਤ ਬਾਵਾ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਤੇ ਗੀਤਕਾਰੀ ਨਾਲ ਹਮੇਸ਼ਾ ਹੀ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਰਣਜੀਤ ਬਾਵਾ ਆਪਣੇ ਵੱਖਰੇ ਅੰਦਾਜ਼ ਨਾਲ ਹਰ ਵਾਰ ਆਪਣੀ ਗੱਲ ਰੱਖਦੇ ਹਨ।

ਇਕ ਵਾਰ ਫ਼ਿਰ ਰਣਜੀਤ ਬਾਵਾ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸੋਸ਼ਲ ਮੀਡੀਆ ’ਤੇ ਇਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ ਇਕ ਪੰਜਾਬੀ ਟੀ. ਵੀ. ਸ਼ੋਅ ਹੈ, ਜਿਸ ਦੀ ਐਂਕਰ ਸੋਨਮ ਬਾਜਵਾ ਹੈ। ਇਸ ਸ਼ੋਅ ’ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਬੁਲਾਇਆ ਜਾਂਦਾ ਹੈ ਤੇ ਇੰਟਰਵਿਊ ਕੀਤੀ ਜਾਂਦੀ ਹੈ।

ਰਣਜੀਤ ਬਾਵਾ ਦਾ ਠੋਕਵਾਂ ਜਵਾਬ
ਰਣਜੀਤ ਬਾਵਾ ਨੂੰ ਸੋਨਮ ਬਾਜਵਾ ਦੇ ਇਸ ਸ਼ੋਅ ’ਚ ਆਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਰਣਜੀਤ ਬਾਵਾ ਨੇ ਠੁਕਰਾ ਦਿੱਤਾ। ਉਨ੍ਹਾਂ ਕਿਹਾ, ‘ਮੈਂ ਕਿਸੇ ਅਜਿਹੇ ਚੈਨਲ ’ਤੇ ਜਾ ਕੇ ਇੰਟਰਵਿਊ ਦੇਣਾ ਪਸੰਦ ਨਹੀਂ ਕਰਾਂਗਾ, ਜੋ ਕਿਸਾਨਾਂ ਨੂੰ ਅੱ-ਤ-ਵਾ-ਦੀ ਕਹਿੰਦਾ ਹੈ। ਜਿਹੜੇ ਕਿਸਾਨਾਂ ਦੇ ਹੱਕ ’ਚ ਨਹੀਂ ਹੈ, ਉਸ ਚੈਨਲ ’ਤੇ ਮੈਂ ਕਦੇ ਵੀ ਇੰਟਰਵਿਊ ਨਹੀਂ ਕਰਾਂਗਾ। ਜਿਸ ਨੇ ਸਾਡੇ ਕਿਸਾਨੀ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਅੱ-ਤ-ਵਾ-ਦੀ, ਖਾਲਿਸਤਾਨੀ ਕਿਹਾ ਹੈ, ਮੈਂ ਉਸ ਦੀ ਪਰਵਾਹ ਨਹੀਂ ਕਰਦਾ।’ ਰਣਜੀਤ ਬਾਵਾ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ ਸੋਨਮ ਬਾਜਵਾ ਦੇ ਇਸ ਸ਼ੋਅ ’ਚ ਆਉਣ ਤੋਂ ਮਨ੍ਹਾ ਕੀਤਾ ਹੈ।

ਤਰਸੇਮ ਜੱਸੜ ਵੀ ਠੁਕਰਾ ਚੁੱਕੇ ਨੇ ਆਫ਼ਰ
ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਪੰਜਾਬੀ ਅਦਾਕਾਰ ਤੇ ਗਾਇਕ ਤਰਸੇਮ ਜੱਸੜ ਨੂੰ ਵੀ ਸੱਦਾ ਭੇਜਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਸੀ। ਤਰਸੇਮ ਜੱਸੜ ਨੇ ਕਿਹਾ ਸੀ ਕਿ ਜਿਹੜੇ ਕਿਸਾਨਾਂ ਖ਼ਿਲਾਫ਼ ਹਨ, ਮੈਂ ਉਨ੍ਹਾਂ ਟੀ. ਵੀ. ਚੈਨਲਾਂ ’ਤੇ ਜਾ ਕੇ ਇੰਟਰਵਿਊ ਨਹੀਂ ਕਰ ਸਕਦਾ।’

ਦੱਸ ਦੇਈਏ ਕਿ ਰਣਜੀਤ ਬਾਵਾ ਕਿਸਾਨੀ ਅੰਦੋਲਨ ਦਾ ਹਮੇਸ਼ਾ ਸਮਰਥਨ ਕਰਦੇ ਆਏ ਹਨ। ਰਣਜੀਤ ਬਾਵਾ ਕਿਸਾਨਾਂ ਦੇ ਹੱਕਾਂ ਲਈ ਬਹੁਤ ਵਾਰ ਦਿੱਲੀ ਵੀ ਗਏ ਹਨ ਤੇ ਉਥੇ ਕਿਸਾਨਾਂ ਦੀ ਸੇਵਾ ਵੀ ਕੀਤੀ। ਰਣਜੀਤ ਬਾਵਾ ਸੋਸ਼ਲ ਮੀਡੀਆ ਰਾਹੀਂ ਵੀ ਕਿਸਾਨੀ ਅੰਦੋਲਨ ਦੇ ਸਮਰਥਨ ’ਚ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।