ਮਨੁੱਖ ਹੀ ਨਹੀਂ, ਕੁੱਤਿਆਂ ’ਚ ਵੀ ਤੇਜ਼ੀ ਨਾਲ ਫ਼ੈਲ ਰਿਹਾ ਕੈਂਸਰ

ਮਨੁੱਖਤਾ ਲਈ ਵੱਡਾ ਖ਼ਤਰਾ ਬਣੀ ਨਾਮੁਰਾਦ ਬੀਮਾਰੀ ਕੈਂਸਰ ਵਿਗਿਆਨੀਆਂ ਲਈ ਚੁਣੌਤੀ ਬਣੀ ਹੋਈ ਹੈ ਪਰ ਹੁਣ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਕੈਂਸਰ ਦੇ ਲੱਛਣ ਕੁੱਤਿਆਂ ’ਚ ਵੀ ਪਾਏ ਗਏ ਹਨ। ਸੁਨੀਲ ਅਰੋੜਾ, ਜੋ ਇਕ ਬਿਜ਼ਨੈੱਸਮੈਨ ਹਨ, ਦੇ ਲੈਬਰਾਡੋਰ ਕੁੱਤੇ ਦੇ ਪਿਸ਼ਾਬ ’ਚ ਖੂਨ ਆਉਣ ਲੱਗ ਪਿਆ ਸੀ। ਉਨ੍ਹਾਂ ਨੇ ਸਮਝਿਆ ਕਿ ਇਸ ਨੂੰ ਕੋਈ ਪੇਟ ਦੀ ਬੀਮਾਰੀ ਹੈ ਤਾਂ ਡਾਕਟਰ ਕੋਲ ਲੈ ਗਏ। ਕੁੱਤੇ ਦੇ ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਜਣਨ ਅੰਗਾਂ ’ਚ ਕੈਂਸਰ ਹੈ।

ਇਸੇ ਤਰ੍ਹਾਂ ਹੀ ਇਕ ਹੋਰ ਮਾਮਲੇ ’ਚ ਕੁੱਤੇ ’ਚ ਬ੍ਰੈਸਟ ਕੈਂਸਰ ਮਿਲਿਆ। ਅਕਸਰ ਲੋਕ ਡੌਗੀ ਦੇ ਇਲਾਜ ’ਚ ਦੇਰੀ ਕਰ ਦਿੰਦੇ ਹਨ, ਜਿਸ ਨਾਲ ਕੈਂਸਰ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਪਸ਼ੂ ਪਾਲਣ ਵਿਭਾਗ ਦੇ ਹਸਪਤਾਲਾਂ ’ਚ ਹਰ ਮਹੀਨੇ ਕੈਂਸਰ ਪੀੜਤ 15 ਤੋਂ 20 ਫੀਸਦੀ ਕੁੱਤਿਆਂ ਦੇ ਕੇਸ ਆ ਰਹੇ ਹਨ। ਇਸ ਬੀਮਾਰੀ ਦੇ ਸ਼ਿਕਾਰ ਸਟ੍ਰੇਅ ਡੌਗਜ਼ ਵੀ ਹੋ ਰਹੇ ਹਨ। ਜਲੰਧਰ ਦੀ ਗੈਰ-ਸਰਕਾਰੀ ਸੰਸਥਾ ਐਨੀਮਲ ਪ੍ਰੋਟੈਕਸ਼ਨ ਨੇ ਪਿਛਲੇ ਇਕ ਸਾਲ ’ਚ 50 ਤੋਂ ਜ਼ਿਆਦਾ ਕੁੱਤਿਆਂ ਦੇ ਕੈਂਸਰ ਦੇ ਆਪ੍ਰੇਸ਼ਨ ਕਰਵਾਏ। ਪਾਲਤੂ ਕੁੱਤਿਆਂ ’ਚ ਲਿਵਰ, ਬੱਚੇਦਾਨੀ, ਪਿੱਤੇ, ਮੂੰਹ, ਬ੍ਰੈਸਟ, ਗੁਰਦੇ ਦੇ ਕੈਂਸਰ ਦੇਖਣ ਨੂੰ ਮਿਲ ਰਹੇ ਹਨ।

ਕਪੂਰਥਲਾ ਦੇ ਡਿਪਟੀ ਡਾਇਰੈਕਟਰ ਡਾ. ਜੀ. ਐੱਸ. ਬੇਦੀ ਤੇ ਜਲੰਧਰ ’ਚ ਤਾਇਨਾਤ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਡਾਕਟਰ ਐੱਮ. ਪੀ. ਐੱਸ. ਬੇਦੀ ਨੇ ਜੈਪੁਰ ਦੀ ਕਾਨਫਰੰਸ ’ਚ ਰਿਸਰਚ ਪੇਪਰ ’ਚ ਡੌਗਜ਼ ’ਚ ਪਾਏ ਜਾ ਰਹੇ ਕੈਂਸਰ ’ਤੇ ਤਜਰਬੇ ਸਾਂਝਾ ਕੀਤੇ। ਡਾ. ਜੀ. ਐੱਸ. ਬੇਦੀ ਨੇ ਕਿਹਾ ਕਿ ਕੈਮੀਕਲ ਯੁਕਤ ਖਾਣਾ ਖਾਣ ਨਾਲ ਇਨਸਾਨ ’ਚ ਕੈਂਸਰ ਪਹੁੰਚ ਰਿਹਾ ਹੈ। ਐਨੀਮਲ ਪ੍ਰੋਟੈਕਸ਼ਨ ਸੰਸਥਾ ਦੇ ਵਰਕਰ ਯੁਵੀ ਸਿੰਘ ਨੇ ਕਿਹਾ ਕਿ ਲੋਕ ਸਟ੍ਰੇਅ ਡੌਗ ਵੀ ਉਨ੍ਹਾਂ ਕੋਲ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਕੈਂਸਰ ਸੀ। ਸੰਸਥਾ ਨੇ 50 ਤੋਂ ਜ਼ਿਆਦਾ ਸਟ੍ਰੇਅ ਡੌਗਜ਼ ਦਾ ਆਪ੍ਰੇਸ਼ਨ ਕਰਵਾਇਆ ਹੈ।

ਸਰਕਾਰੀ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਪਾਲਤੂ ਡੌਗਜ਼ ’ਚ ਲੈਬਰਾ, ਜਰਮਨ ਸ਼ੈਫਰਡ, ਪਗ ਤੇ ਪਾਮੇਰੀਅਨ ’ਚ 100 ’ਚੋਂ 10 ਅਜਿਹੇ ਕੇਸ ਹੁੰਦੇ ਹਨ, ਜਿਨ੍ਹਾਂ ’ਚ ਕਿਸੇ ਨਾ ਕਿਸੇ ਕਿਸਮ ਦਾ ਕੈਂਸਰ ਹੁੰਦਾ ਹੈ। ਡੌਗੀ ਦੇ ਦੇਰੀ ਨਾਲ ਪ੍ਰਜਣਨ ਤੇ ਬ੍ਰੀਡਿੰਗ ਦੌਰਾਨ ਮੇਲ ਤੇ ਫੀਮੇਲ ਡੌਗੀ ਇਕ-ਦੂਜੇ ਨੂੰ ਕੈਂਸਰ ਦਾ ਵਾਇਰਸ ਟ੍ਰਾਂਸਫਰ ਕਰ ਦਿੰਦੇ ਹਨ।

ਕੁੱਤਿਆਂ ’ਚ ਪ੍ਰਜਣਨ ਅੰਗਾਂ ਦਾ ਕੈਂਸਰ ਇੰਟਰ ਕੋਰਸ ਕਾਰਨ ਵੀ ਫੈਲਦਾ ਹੈ, ਇਸ ਲਈ ਬ੍ਰੀਡਿੰਗ ਦੌਰਾਨ ਹਾਈਜੀਨ ’ਤੇ ਵਿਸ਼ੇਸ਼ ਧਿਆਨ ਦਿਓ। ਜੇ ਕਿਤੇ ਚਮੜੀ ਸਖਤ ਹੋ ਜਾਵੇ, ਸੋਜ ਹੋਵੇ ਜਾਂ ਗੰਢ ਬਣੇ ਤਾਂ ਵੈਟਰਨਰੀ ਡਾਕਟਰ ਕੋਲ ਲੈ ਕੇ ਜਾਓ। ਡੌਗਜ਼ ’ਚ ਸਾਧਾਰਨ ਕਿਸਮ ਦੇ ਟਿਊਮਰ ਵੀ ਹੁੰਦੇ ਹਨ, ਇਨ੍ਹਾਂ ਦਾ ਸਹੀ ਸਮੇਂ ’ਤੇ ਇਲਾਜ ਹੋਣਾ ਜ਼ਰੂਰੀ ਹੈ। ਲੋੜ ਤੋਂ ਵੱਧ ਖਾਣਾ ਦੇਣ ਨਾਲ ਕੁੱਤਿਆਂ ’ਚ ਕੈਂਸਰ ਦੀ ਸਮੱਸਿਆ ਆ ਰਹੀ ਹੈ। ਜਦੋਂ ਉਹ ਸੁਸਤ ਰਹਿਣ, ਖਾਣਾ-ਪੀਣਾ ਘੱਟ ਕਰ ਦੇਣ, ਨੀਂਦ ਘੱਟ ਲੈਣ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

Posted in News